ਬੇਅਦਬੀ ਮਾਮਲੇ ’ਚ ਰਾਮ ਰਹੀਮ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ’ਤੇ ਆਈ. ਜੀ. ਪਰਮਾਰ ਦਾ ਵੱਡਾ ਬਿਆਨ

Sunday, Nov 07, 2021 - 06:43 PM (IST)

ਫ਼ਰੀਦਕੋਟ (ਰਾਜਨ) : ਰੋਹਤਕ ਦੀ ਸੁਨਾਰੀਆ ਜੇਲ ਵਿਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਪਾਸੋਂ ਬੇਅਦਬੀ ਮਾਮਲਿਆਂ ਵਿਚ ਪੁੱਛ-ਗਿੱਛ ਕਰਨ ਬੇਅਦਬੀ ਮਾਮਲੇ 2015 ਲਈ ਸਿਟ ਪੁਲਸ ਅਧਿਕਾਰੀਆਂ ਦੀ ਚਾਰ ਮੈਂਬਰੀ ਟੀਮ 8 ਨਵੰਬਰ ਨੂੰ ਸੁਨਾਰੀਆ ਜੇਲ ਜਾ ਕੇ ਇਹ ਪ੍ਰਕਿਰਿਆ ਅਮਲ ਵਿਚ ਲਿਆਵੇਗੀ। ਇਸਦੀ ਪੁਸ਼ਟੀ ਕਰਦਿਆਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿਟ ਮੁਖੀ ਆਈ.ਜੀ.ਪੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ‘ਜਗ ਬਾਣੀ’ ਨਾਲ ਫ਼ੋਨ ’ਤੇ ਕੀਤੀ ਗਈ ਗੱਲਬਾਤ ਦੌਰਾਨ ਕੀਤੀ। ਸਵਾਲ ਦੇ ਜਵਾਬ ਵਿਚ ਆਈ.ਜੀ.ਪੀ.  ਪਰਮਾਰ ਨੇ  ਕਿਹਾ ਕਿ ਸਿੱਟ ਵੱਲੋਂ ਡੇਰਾ ਮੁਖੀ ਨੂੰ ਕਿੰਨੇ ਸਵਾਲ ਕੀਤੇ ਜਾਣਗੇ, ਇਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਕਿਉਂਕਿ ਇਹ ਇਕ ਲੰਮੀ ਪ੍ਰਕਿਰਿਆ ਹੈ ਅਤੇ ਕਈ ਵਾਰ ਸਵਾਲਾਂ ਦੇ ਜਵਾਬਾਂ ਵਿਚੋਂ ਹੀ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ ਅਤੇ ਹਰ ਸਵਾਲ ਦੀ ਪੁਸ਼ਟੀ ਡੇਰਾ ਮੁਖੀ ਨੂੰ ਕਰਨੀ ਪਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬੇਅਦਬੀ ਮਾਮਲਿਆਂ ਨਾਲ ਸਬੰਧਤ ਸਾਰੇ ਹੀ ਸਵਾਲਾਂ ਦੇ ਜਵਾਬ ਡੇਰਾ ਮੁਖੀ ਤੋਂ ਮੰਗੇ ਜਾਣਗੇ ਅਤੇ ਇਸ ਪ੍ਰਕਿਰਿਆ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਣ ਲਈ ਸਿੱਟ ਨੇ ਆਪਣੀ ਪੱਕੀ ਤਿਆਰੀ ਕਰ ਲਈ ਹੈ। ਪੁੱਛੇ ਗਏ ਸਵਾਲ ਦੇ ਜਵਾਬ ਵਿਚ ਆਈ.ਜੀ.ਪੀ. ਪਰਮਾਰ ਨੇ ਕਿਹਾ ਕਿ ਡੇਰਾ ਮੁਖੀ ਤੋਂ ਸਵਾਲਾਂ ਦਾ ਜਵਾਬ ਸਿੱਟ ਮੈਂਬਰਾਂ ਦੀ ਤਸੱਲੀ ਅਨੁਸਾਰ ਮਿਲੇਗਾ ਇਹ ਬਾਅਦ ਦੀ ਗੱਲ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਮੰਤਰੀ ਮੰਡਲ ਵਲੋਂ ਸਖ਼ਤ ਫ਼ੈਸਲਿਆਂ ’ਤੇ ਲੱਗੀ ਮੁਹਰ

ਇੱਥੇ ਇਹ ਦੱਸਣਯੋਗ ਹੈ ਕਿ ਮਹੀਨਾਂ ਜੂਨ 2015 ਵਿਚ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਉਪਰੰਤ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਅਤੇ ਗਲੀਆਂ ਵਿਚ ਸਵੇਰੇ 4 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਬੀਤੀ 15 ਮਈ 2021 ਨੂੰ 6 ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ 17 ਮਈ 2021 ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ 4 ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਜਦ ਪੁੱਛ ਗਿੱਛ ਕੀਤੀ ਗਈ ਸੀ ਤਾਂ ਇਹ ਤੱਥ ਸਾਹਮਣੇ ਆਏ ਸਨ ਕਿ ਇਨ੍ਹਾਂ ਮੁਲਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਰਨ ਦੀ ਘਟਨਾਂ ਨੂੰ ਸਵੇਰੇ 3 ਵਜੇ ਅੰਜਾਮ ਦਿੱਤਾ। 100 ਦੇ ਕਰੀਬ ਅੰਗਾਂ ਨੂੰ ਪਿੰਡ ਬਾਹਮਣਵਾਲਾ ਦੇ ਇਕ ਸੂਏ ਵਿਚ ਤਾਰ ਦਿੱਤਾ ਅਤੇ ਬਾਕੀ ਬਚਦੇ ਸਰੂਪ ਨੂੰ ਪਿੰਡ ਦੇਵੀਵਾਲਾ ਡਰੇਨ ਵਿਚ ਸੁੱਟ ਕੇ ਖੁਰ-ਬੁਰਦ ਕਰਨ ਦੀ ਘਟਨਾਂ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਸੂਬੇ ਵਿਚ ਪੈਟਰੋਲ 10 ਰੁਪਏ ਤੇ ਡੀਜ਼ਲ 5 ਰੁਪਏ ਕੀਤਾ ਸਸਤਾ

ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਬਾਹਰ 24 ਸਤੰਬਰ 2015 ਦੀ ਰਾਤ ਨੂੰ ਭੜਕਾਊ ਸ਼ਬਦਾਵਲੀ ਵਾਲੇ ਦੋ ਪੋਸਟਰ ਲਗਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਵਿਚ 6 ਡੇਰਾ ਪ੍ਰੇਮੀਆਂ ਤੋਂ ਇਲਾਵਾ ਨਾਮਜ਼ਦ ਕੀਤੇ ਗਏ ਡੇਰਾ ਸੱਚਾ ਸੌਦਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਜਿੰਨ੍ਹਾ ਦੇ ਭਗੌੜੇ ਐਲਾਨੇ ਜਾਣ ਤੋਂ ਬਾਅਦ ਲੁੱਕ ਆਊਟ ਨੋਟਿਸ ਵੀ ਜਾਰੀ ਹੋ ਚੁੱਕੇ ਹਨ, ਇਨ੍ਹਾਂ ਸਾਰੀਆਂ ਘਟਨਾਵਾਂ ਦੇ ਮੁੱਖ ਸਾਜ਼ਿਸ਼ ਘੜਤਾ ਵਜੋਂ ਸਿੱਟ ਵੱਲੋਂ ਮੁਕੱਦਮਾ ਨੰਬਰ 63 ਵਿਚ ਨਾਮਜ਼ਦ ਕੀਤੇ ਗਏ ਡੇਰਾ ਸਿਰਸਾ ਮੁਖੀ ਸਿੱਟ ਮੁਹਰੇ ਜਵਾਬਦੇਹ ਹੋਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਏ. ਜੀ . ਨੂੰ ਨਵਜੋਤ ਸਿੱਧੂ ਦਾ ਕਰਾਰਾ ਜਵਾਬ, ਪੰਜਾਬ ਸਰਕਾਰ ’ਤੇ ਵੀ ਚੁੱਕੇ ਸਵਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News