ਬੇਅਦਬੀ ਇਨਸਾਫ ਮੋਰਚੇ ਵੱਲੋਂ ਫ਼ਤਹਿਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਤੱਕ ਮਾਰਚ ਦਾ ਐਲਾਨ
Sunday, Jul 28, 2019 - 06:11 PM (IST)

ਲੁਧਿਆਣਾ (ਸਲੂਜਾ)— ਸੀ. ਬੀ. ਆਈ. ਵੱਲੋਂ ਸੱਚਾ ਸੌਦਾ ਦੇ ਤਿੰਨ ਚੇਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਦਿੱਤੀ ਕਲੀਨ ਚਿੱਟ ਤੇ ਕਲੋਜ਼ਰ ਬੋਰਡ ਦੀ ਜਾਣਕਾਰੀ ਬਾਹਰ ਆਉਣ ਤੋਂ ਬਾਅਦ ਪੈਦਾ ਹੋਏ ਹਾਲਾਤ 'ਤੇ ਚਰਚਾ ਕਰਨ ਲਈ ਅੱਜ ਹਵਾਰਾ ਕਮੇਟੀ ਅਤੇ ਬੇਅਦਬੀ ਇਨਸਾਫ਼ ਮੋਰਚੇ ਦੀ ਪ੍ਰਬੰਧਕ ਕਮੇਟੀ ਦੀ ਸਾਂਝੀ ਮੀਟਿੰਗ ਲੁਧਿਆਣਾ ਵਿਚ ਹੋਈ। ਇਸ ਸਮੇਂ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਵਿਚ ਪੰਜਾਬ ਸਰਕਾਰ ਦੀ ਨਾਲਾਇਕੀ ਅਤੇ ਕੇਂਦਰ ਸਰਕਾਰ ਦੇ ਦਬਾਅ ਅਧੀਨ ਕੰਮ ਕਰਨ ਵਾਲੀ ਸੀ.ਬੀ.ਆਈ ਵੱਲੋਂ ਕਲੋਜ਼ਰ ਰਿਪੋਰਟ ਵਿਚ ਝੂਠੇ ਤੱਥਾਂ 'ਤੇ ਵਿਚਾਰ ਕੀਤਾ ਗਿਆ। ਕਮੇਟੀ ਮੈਂਬਰ ਇਸ ਫੈਸਲੇ 'ਤੇ ਪੁੱਜੇ ਕਿ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਦੇ ਬਾਵਜੂਦ ਪੰਜਾਬ ਸਰਕਾਰ ਸਿੱਖਾਂ ਨੂੰ ਬੇਅਦਬੀ ਮੁੱਦੇ ਤੇ ਇਨਸਾਫ਼ ਦੇ ਸਕਦੀ ਹੈ।
ਇਸ ਲਈ ਪੰਜਾਬ ਸਰਕਾਰ ਤੇ ਬੇਅਦਬੀ ਕਾਂਡ ਕਲੋਜ਼ਰ ਰਿਪੋਰਟ ਬੰਦੀ ਸਿੰਘਾਂ ਦੀ ਰਿਹਾਈ ਤੇ ਤਿਹਾੜ ਜੇਲ ਭੇਜੇ ਗਏ ਸਿੱਖ ਬੰਦੀਆਂ ਦੀ ਪੰਜਾਬ ਵਾਪਸੀ ਲਈ ਪ੍ਰੈਸ਼ਰ ਬਣਾਉਣ ਲਈ ਖਾਲਸਾਈ ਮਾਰਚ 24 ਅਗਸਤ ਨੂੰ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਗਵਰਨਰ ਹਾਊਸ ਤੱਕ ਕੱਢਿਆ ਜਾਣਾ ਹੈ। ਇਸ ਤੋਂ ਬਾਅਦ ਮੀਟਿੰਗ ਬੁਲਾ ਕੇ ਗ੍ਰਹਿ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ। ਇਹ ਵੀ ਫੈਸਲਾ ਲਿਆ ਗਿਆ ਕਿ 24 ਅਗਸਤ ਦੇ ਖਾਲਸਈ ਮਾਰਚ ਦੀਆਂ ਤਿਆਰੀਆ ਸਬੰਧੀ ਸਾਂਝੀ ਮੀਟਿੰਗ 11 ਅਗਸਤ ਨੂੰ ਫਤਹਿਗੜ੍ਹ ਸਾਹਿਬ ਵਿਚ ਹੋਵੇਗੀ।