ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਰਾਜਪਾਲ ਬਦਨੌਰ

Thursday, Oct 26, 2017 - 06:49 AM (IST)

ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਰਾਜਪਾਲ ਬਦਨੌਰ

ਗੜ੍ਹਦੀਵਾਲਾ  (ਜਤਿੰਦਰ) - ਪੰਜਾਬ ਦੇ ਰਾਜਪਾਲ ਅਤੇ ਐਡਮਨਿਸਟ੍ਰੇਟਰ ਯੂ. ਟੀ. ਚੰਡੀਗੜ੍ਹ ਵੀ. ਪੀ. ਸਿੰਘ ਬਦਨੌਰ ਨੇ ਅੱਜ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਚੰਡੀਗੜ੍ਹ ਪੁਲਸ ਦੇ ਸ਼ਹੀਦ ਏ. ਐੱਸ. ਆਈ. ਅਮਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਉਸ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਸ਼ਹੀਦ ਦੀ ਤਸਵੀਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਅਮਰਜੀਤ ਸਿੰਘ ਵਰਗਿਆਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹੀ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ, ਜੋ ਹਰ ਸਾਲ ਕਾਲਜ ਦੇ ਟਾਪਰ ਨੂੰ ਦਿੱਤੀ ਜਾਵੇਗੀ।
ਸ਼੍ਰੀ ਬਦਨੌਰ ਨੇ ਕਿਹਾ ਕਿ ਅਮਰਜੀਤ ਸਿੰਘ ਡਿਊਟੀ ਦੌਰਾਨ ਚੰਡੀਗੜ੍ਹ ਵਿਖੇ 8 ਦਸੰਬਰ 1989 ਨੂੰ ਮਾੜੇ ਅਨਸਰਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ। ਚੰਡੀਗੜ੍ਹ ਪੁਲਸ ਜਿਥੇ 21 ਅਕਤੂਬਰ ਨੂੰ 'ਪੁਲਸ ਯਾਦਗਾਰ ਦਿਵਸ' ਮਨਾਉਂਦੀ ਹੈ, ਉਥੇ ਹੀ ਇਸ ਵਾਰ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਉਥੇ ਹੀ ਦਿੱਤੀ ਜਾਵੇਗੀ, ਜਿਸ ਵਿਦਿਅਕ ਅਦਾਰੇ ਵਿਚ ਉਨ੍ਹਾਂ ਸਿੱਖਿਆ ਹਾਸਲ ਕੀਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਅਮਰਜੀਤ ਸਿੰਘ ਨੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਤੋਂ ਹੀ ਸਿੱਖਿਆ ਹਾਸਲ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਏ. ਐੱਸ. ਆਈ. ਅਮਰਜੀਤ ਸਿੰਘ ਪੁਲਸ ਪੋਸਟ-36 ਚੰਡੀਗੜ੍ਹ ਵਿਖੇ ਤਾਇਨਾਤ ਸਨ ਤਾਂ 8 ਦਸੰਬਰ 1989 ਨੂੰ ਨਹਿਰੂ ਕਾਲੋਨੀ ਪਿੰਡ ਕਜੇਹਰੀ, ਚੰਡੀਗੜ੍ਹ ਵਿਖੇ ਰਾਤ ਦੀ ਗਸ਼ਤ ਦੌਰਾਨ ਦੋ ਅੱਤਵਾਦੀਆਂ ਵੱਲੋਂ ਹਮਲਾ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਰਾਜਪਾਲ ਸ਼੍ਰੀ ਬਦਨੌਰ ਨੇ ਇਸ ਮੌਕੇ ਸ਼ਹੀਦ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਉਨ੍ਹਾਂ ਇਸ ਮੌਕੇ ਸ਼ਹੀਦ ਅਮਰਜੀਤ ਸਿੰਘ ਨੂੰ ਸਮਰਪਿਤ ਸ਼ੁਰੂ ਕੀਤੀ ਸਕਾਲਰਸ਼ਿਪ ਸਕੀਮ ਤਹਿਤ ਕਾਲਜ ਦੀ ਟਾਪਰ ਵਿਦਿਆਰਥਣ ਅੰਜਲੀ ਨੂੰ 11 ਹਜ਼ਾਰ ਰੁਪਏ ਦਾ ਚੈੱਕ ਦਿੱਤਾ। ਉਨ੍ਹਾਂ ਸ਼ਹੀਦ ਦੀ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ, ਬੇਟੀਆਂ ਕੁਲਬੀਰ ਕੌਰ ਅਤੇ ਹਰਜੀਤ ਕੌਰ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਰਾਜਪਾਲ ਨੇ ਪੁਲਸ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਕਿਤਾਬਚਾ ਵੀ ਰਿਲੀਜ਼ ਕੀਤਾ।
ਡਾਇਰੈਕਟਰ ਜਨਰਲ ਪੁਲਸ ਚੰਡੀਗੜ੍ਹ ਤੇਜਿੰਦਰ ਸਿੰਘ ਲੂਥਰਾ ਨੇ ਸ਼ਹੀਦ ਅਮਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲਸ ਦੀ ਸ਼ਹੀਦਾਂ ਨੂੰ ਉਨ੍ਹਾਂ ਦੇ ਸਿੱਖਿਆ ਸੰਸਥਾਨਾਂ 'ਚ ਜਾ ਕੇ ਸ਼ਰਧਾਂਜਲੀ ਭੇਟ ਕਰਨ ਦੀ ਇਹ ਨਿਵੇਕਲੀ ਪਹਿਲ ਹੈ। ਇਸ ਮੌਕੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਪੁਲ ਉੱਜਵਲ, ਐੱਸ. ਐੱਸ. ਪੀ. ਜੇ. ਏਲੀਚੇਲੀਅਨ, ਐੱਸ. ਡੀ. ਐੱਮ. ਦਸੂਹਾ ਹਿਮਾਂਸ਼ੂ ਅਗਰਵਾਲ, ਪ੍ਰਿੰਸੀਪਲ ਖ਼ਾਲਸਾ ਕਾਲਜ ਡਾ. ਸਤਵਿੰਦਰ ਸਿੰਘ ਢਿੱਲੋਂ ਅਤੇ ਅਰਵਿੰਦਰ ਸਿੰਘ ਰਸੂਲਪੁਰ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।


Related News