ਸਚਿਨ ਜੈਨ ਦੇ ਕਤਲ ਮਾਮਲੇ 'ਚ ਸਾਹਮਣੇ ਆਇਆ ਛੋਟਾ ਭਰਾ, ਹਸਪਤਾਲਾਂ ਦੀਆਂ ਪਰਤਾਂ ਖੋਲ੍ਹਦਿਆਂ ਬਿਆਨ ਕੀਤਾ ਦਰਦ

07/23/2021 5:03:23 PM

ਜਲੰਧਰ (ਵਰੁਣ)- ਬੀਤੇ ਦਿਨੀਂ ਜਲੰਧਰ ਦੇ ਸੋਢਲ ਨਗਰ ਵਿਖੇ ਹੋਏ ਸਚਿਨ ਜੈਨ ਦੇ ਕਤਲ ਦੇ ਮਾਮਲੇ ਦੇ ਮਾਮਲੇ ਵਿਚ ਉਸ ਦਾ ਛੋਟਾ ਭਰਾ ਰਾਹੁਲ ਜੈਨ ਪਹਿਲੀ ਵਾਰ ਪਹਿਲੀ ਵਾਰ ਮੀਡੀਆ ਸਾਹਮਣੇ ਆਇਆ ਅਤੇ ਕਈ ਵੱਡੇ ਖ਼ੁਲਾਸੇ ਕੀਤੇ। ਰਾਹੁਲ ਉਸ ਰਾਤ ਨੂੰ ਭੁੱਲ ਨਹੀਂ ਪਾ ਰਿਹਾ ਹੈ, ਜਿਸ ਰਾਤ ਉਸ ਦਾ ਵੱਡਾ ਭਰਾ ਦਰਦ ਕਾਰਨ ਤੜਫ਼ ਰਿਹਾ ਸੀ ਅਤੇ ਹਸਪਤਾਲਾਂ ਦਾ ਹੱਬ ਕਹੇ ਜਾਣ ਵਾਲੇ ਸ਼ਹਿਰ ਦਾ ਕੋਈ ਵੀ ਹਸਪਤਾਲ ਉਸ ਦੇ ਭਰਾ ਦਾ ਇਲਾਜ ਨਹੀਂ ਸ਼ੁਰੂ ਕਰ ਰਿਹਾ ਸੀ। 

ਰਾਹੁਲ ਜੈਨ ਨੇ ਦੱਸਿਆ ਕਿ ਜਦੋਂ ਉਹ ਆਪਣੇ ਵੱਡੇ ਭਰਾ ਨੂੰ ਨਿੱਜੀ ਹਸਪਤਾਲ ਲੈ ਕੇ ਪੁੱਜਿਆ ਤਾਂ ਪੁਲਸ ਦਾ ਮਾਮਲਾ ਹੋਣ ਦੀ ਗੱਲ ਕਹਿ ਕੇ ਉਸ ਨੂੰ ਜਵਾਬ ਦੇ ਦਿੱਤਾ। ਸਚਿਨ ਉਦੋਂ ਠੀਕ ਸੀ। ਇਸ ਦੌਰਾਨ ਹਸਪਤਾਲ ਵਾਲਿਆਂ ਕੋਲੋਂ ਐਂਬੂਲੈਂਸ ਮੰਗੀ ਗਈ ਪਰ ਉਨ੍ਹਾਂ ਐਂਬੂਲੈਂਸ ਨਾ ਹੋਣ ਦਾ ਕਹਿ ਕੇ ਨਾਂਹ ਕਰ ਦਿੱਤੀ। ਉਹ ਮਾਯੂਸ ਹੋ ਕੇ ਬਾਹਰ ਆਇਆ ਤਾਂ ਵੇਖਿਆ ਕਿ ਹਸਪਤਾਲ ਦੀ ਐਂਬੂਲੈਂਸ ਉਥੇ ਖੜ੍ਹੀ ਸੀ। ਰਾਹੁਲ ਵੱਲੋਂ ਦੋਬਾਰਾ ਮਿੰਨਤਾਂ-ਤਰਲੇ ਕਰਨ ਦੇ ਬਾਵਜੂਦ ਹਸਪਤਾਲ ਵਾਲਿਆਂ ਨੇ ਐਂਬੂਲੈਂਸ ਨਹੀਂ ਦਿੱਤੀ। ਫਿਰ ਇਕ ਰਾਹਗੀਰ ਕਾਰ ਵਾਲੇ ਨੂੰ ਰੋਕਿਆ, ਜਿਸ ਨੇ ਮਦਦ ਕੀਤੀ ਅਤੇ ਸਚਿਨ ਨੂੰ ਕਾਰ ਵਿਚ ਪਾ ਕੇ ਦੂਜੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਉਕਤ ਹਸਪਤਾਲ ਵਿਚ ਜਾ ਕੇ ਸਚਿਨ ਨੂੰ ਇਕ ਇੰਜੈਕਸ਼ਨ ਲਾਇਆ ਗਿਆ ਪਰ ਬਾਅਦ ਵਿਚ ਉਨ੍ਹਾਂ ਨੇ ਵੀ ਬਹਾਨਾ ਬਣਾ ਕੇ ਸਚਿਨ ਨੂੰ ਕਿਸੇ ਹੋਰ ਹਸਪਤਾਲ ਵਿਚ ਲਿਜਾਣ ਲਈ ਕਿਹਾ।

ਇਹ ਵੀ ਪੜ੍ਹੋ: ਟਾਂਡਾ ਦੀ ਵਿਆਹੁਤਾ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਪਤੀ ਨੇ ਨਦੀ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਰਾਹੁਲ ਨੇ ਦੱਸਿਆ ਕਿ ਦੂਜੀ ਵਾਰ ਜਵਾਬ ਮਿਲਣ ’ਤੇ ਸਚਿਨ ਨੇ ਵੀ ਕਿਹਾ ਕਿ ਉਸ ਦੀ ਗੋਲੀ ਕਢਵਾ ਦਿਓ, ਉਹ ਬਚ ਜਾਵੇਗਾ। ਉਸ ਹਸਪਤਾਲ ਕੋਲੋਂ ਵੀ ਐਂਬੂਲੈਂਸ ਨਹੀਂ ਮਿਲੀ। ਅਜਿਹੇ ਵਿਚ ਖ਼ੁਦ ਸਚਿਨ ਨੇ ਆਪਣੇ ਭਰਾ ਰਾਹੁਲ ਨੂੰ ਉਸ ਨੂੰ ਐਕਟਿਵਾ ’ਤੇ ਹੀ ਲਿਜਾਣ ਨੂੰ ਕਿਹਾ। ਹੌਲੀ-ਹੌਲੀ ਉਹ 4 ਹੋਰ ਨਿੱਜੀ ਹਸਪਤਾਲਾਂ ਵਿਚ ਗਏ ਪਰ ਸਚਿਨ ਨੂੰ ਦਾਖ਼ਲ ਕਰਨਾ ਤਾਂ ਦੂਰ, ਕੋਈ ਉਸ ਨੂੰ ਹੱਥ ਨਹੀਂ ਲਾ ਰਿਹਾ ਸੀ।  ਰਾਹੁਲ ਨੇ ਦੱਸਿਆ ਕਿ ਐਕਟਿਵਾ ’ਤੇ ਹੀ ਉਹ ਸਚਿਨ ਨੂੰ ਸਿਵਲ ਹਸਪਤਾਲ ਲਿਆਇਆ, ਉਥੇ ਕੁਝ ਇਲਾਜ ਸ਼ੁਰੂ ਕੀਤਾ ਗਿਆ ਪਰ ਲਗਭਗ ਪੌਣੇ ਘੰਟੇ ਬਾਅਦ ਸਿਵਲ ਹਸਪਤਾਲ ਵਾਲਿਆਂ ਨੇ ਵੀ ਸਚਿਨ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਉਦੋਂ ਉਨ੍ਹਾਂ ਨਾਲ ਸਿਵਲ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਵੀ ਗਈ, ਉਥੇ ਜਾਂਦੇ ਹੀ ਪੁਲਸ ਅਧਿਕਾਰੀ ਵੀ ਮਿਲੇ, ਜਿਨ੍ਹਾਂ ਉਨ੍ਹਾਂ ਦੀ ਮਦਦ ਕੀਤੀ। ਹਸਪਤਾਲ ਵਾਲਿਆਂ ਦੇ ਕਹਿਣ ’ਤੇ ਪਹਿਲਾਂ 50 ਹਜ਼ਾਰ ਅਤੇ ਫਿਰ ਇਕ ਲੱਖ ਰੁਪਏ ਜਮ੍ਹਾ ਕਰਵਾਏ ਪਰ ਤੜਕੇ ਪਤਾ ਲੱਗਾ ਕਿ ਸਚਿਨ ਨਹੀਂ ਰਿਹਾ। ਰਾਹੁਲ ਨੇ ਮੰਗ ਕੀਤੀ ਕਿ ਸਚਿਨ ਦਾ ਇਲਾਜ ਨਾ ਕਰਨ ਵਾਲੇ ਸਾਰੇ ਨਿੱਜੀ ਹਸਪਤਾਲ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਉਨ੍ਹਾਂ ਵਾਂਗ ਕਿਸੇ ਹੋਰ ਨਾਲ ਅਜਿਹਾ ਨਾ ਹੋਵੇ। ਭਿੱਜੀਆਂ ਅੱਖਾਂ ਨਾਲ ਰਾਹੁਲ ਨੇ ਕਿਹਾ ਕਿ ਗੰਦੇ ਸਿਸਟਮ ਕਾਰਨ ਉਸ ਦੇ ਭਰਾ ਦੀ ਜਾਨ ਚਲੀ ਗਈ। ਹਾਲਾਂਕਿ ਸਚਿਨ ਦਾ ਪਰਿਵਾਰ ਪੁਲਸ ਦੀ ਕਾਰਵਾਈ ’ਤੇ ਸੰਤੁਸ਼ਟੀ ਵਿਖਾ ਰਿਹਾ ਹੈ।

ਮੈਨੂੰ ਕਹਿੰਦਾ ਸੀ ਤੂੰ ਜਿੰਨਾ ਮਰਜ਼ੀ ਪੜ੍ਹ, ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ
ਤੰਗ ਗਲੀਆਂ ਵਿਚ ਸਥਿਤ ਸਚਿਨ ਦੇ ਘਰ ਦੇ ਬਾਹਰ ਅਤੇ ਅੰਦਰ ਸੰਨਾਟਾ ਸੀ। ਉਸ ਦੇ ਘਰ ਅਫ਼ਸੋਸ ਕਰਨ ਵਾਲੇ ਲੋਕਾਂ ਦਾ ਆਉਣ-ਜਾਣ ਲੱਗਾ ਹੋਇਆ ਸੀ। ਹਰ ਕੋਈ ਸ਼ਹਿਰ ਦੇ ਵਿਗੜੇ ਹਾਲਾਤ ਨੂੰ ਹੀ ਸਚਿਨ ਦਾ ਹੱਤਿਆਰਾ ਦੱਸ ਰਿਹਾ ਸੀ। ਰਾਹੁਲ ਚੁੱਪਚਾਪ ਆਪਣੇ ਪਿਤਾ ਤਰਸੇਮ ਲਾਲ ਜੈਨ ਦੇ ਨਾਲ ਬੈਠਾ ਸੀ। ਸਚਿਨ ਨੂੰ ਯਾਦ ਕਰਕੇ ਰਾਹੁਲ ਦੀਆਂ ਅੱਖਾਂ ਨਮ ਹੋ ਰਹੀਆਂ ਸਨ। ਜਿਉਂ ਹੀ ਸਚਿਨ ਦੀਆਂ ਗੱਲਾਂ ਸ਼ੁਰੂ ਹੋਈਆਂ ਤਾਂ ਰਾਹੁਲ ਬੋਲਿਆ ਕਿ ਸਚਿਨ ਨੇ ਹਮੇਸ਼ਾ ਉਸ ਨੂੰ ਸਪੋਰਟ ਕੀਤਾ। ਉਸ ਨੂੰ ਜੋ ਚਾਹੀਦਾ ਹੁੰਦਾ ਸੀ, ਉਸ ਦਾ ਭਰਾ ਉਸ ਨੂੰ ਲੈ ਕੇ ਦਿੰਦਾ ਸੀ। ਸਚਿਨ ਅਕਸਰ ਕਹਿੰਦਾ ਹੁੰਦਾ ਸੀ ਕਿ ਤੂੰ ਜਿੰਨਾ ਮਰਜ਼ੀ ਪੜ੍ਹ, ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ, ਖ਼ਰਚਾ ਕਰਨ ਲਈ ਮੈਂ ਹਾਂ।

ਇਹ ਵੀ ਪੜ੍ਹੋ: ਕੈਪਟਨ ਨੇ 2 ਸਿੱਖ ਰੈਜ਼ੀਮੈਂਟ ਦੇ ਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

ਰਾਹੁਲ ਨੇ ਦੱਸਿਆ ਕਿ ਘਰ ਦੇ ਬਿਜਲੀ ਦੇ ਬਿੱਲ ਤੋਂ ਲੈ ਕੇ ਭੈਣ-ਭਰਾ ਦੀ ਪੜ੍ਹਾਈ ਦਾ ਖ਼ਰਚਾ ਉਹ ਉਠਾਉਂਦਾ ਸੀ। ਸਿਰਫ਼ ਉਹੀ ਇਕਲੌਤਾ ਕਮਾਉਣ ਵਾਲਾ ਸੀ। ਭੈਣ 11ਵੀਂ ਕਲਾਸ ਵਿਚ ਪੜ੍ਹਦੀ ਹੈ। ਹੁਣ ਸਾਰਿਆਂ ਦੀ ਪੜ੍ਹਾਈ ਛੁੱਟ ਜਾਵੇਗੀ। ਸਚਿਨ ਦੇ ਬਜ਼ੁਰਗ ਪਿਤਾ ਤਰਸੇਮ ਲਾਲ ਜੈਨ ਨੇ ਕਿਹਾ ਕਿ ਸਚਿਨ ਸਾਰਿਆਂ ਦਾ ਧਿਆਨ ਰੱਖਦਾ ਸੀ। ਜਦੋਂ ਉਹ ਦੁਕਾਨ ’ਤੇ ਜਾਂਦੇ ਤਾਂ ਸ਼ਾਮੀਂ 5-6 ਵਜੇ ਉਨ੍ਹਾਂ ਨੂੰ ਘਰ ਜਾ ਕੇ ਆਰਾਮ ਕਰਨ ਨੂੰ ਕਹਿ ਦਿੰਦਾ ਸੀ। ਸਾਰਾ ਕੰਮ ਉਸ ਨੇ ਖੁਦ ਸੰਭਾਲਿਆ ਹੋਇਆ ਸੀ। ਤਰਸੇਮ ਖੁਦ ਬੀਮਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਵਾਨ ਪੁੱਤ ਦੀ ਲਾਸ਼ ਪ੍ਰਮਾਤਮਾ ਕਿਸੇ ਪਿਓ ਨੂੰ ਨਾ ਵਿਖਾਵੇ। ਮੈਂ ਆਪਣਾ ਹੀਰਾ ਪੁੱਤ ਗੁਆ ਲਿਆ। ਪੀੜਤ ਪਰਿਵਾਰ ਨੇ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ, ਇਹੀ ਉਨ੍ਹਾਂ ਦੀ ਮੰਗ ਹੈ।

8 ਸਾਲ ਦਾ ਬੇਟਾ ਅੱਜ ਵੀ ਰਾਤ 9 ਵਜੇ ਦੀ ਕਰਦਾ ਹੈ ਉਡੀਕ
ਸਚਿਨ ਦਾ ਵਿਆਹ 2012 ਵਿਚ ਹੋਇਆ ਸੀ, ਉਸ ਦਾ ਇਕ 8 ਸਾਲ ਅਤੇ ਦੂਜਾ 2 ਮਹੀਨਿਆਂ ਦਾ ਬੇਟਾ ਹੈ। 8 ਸਾਲ ਦਾ ਬੇਟਾ ਅੱਜ ਵੀ ਰਾਤ 9 ਵਜੇ ਦੀ ਉਡੀਕ ਕਰਦਾ ਹੈ ਕਿਉਂਕਿ ਸਚਿਨ 9 ਵਜੇ ਦੁਕਾਨ ਬੰਦ ਕਰ ਕੇ ਘਰ ਵਾਪਸ ਆ ਜਾਂਦਾ ਸੀ। ਸਚਿਨ ਦੇ ਘਰ ਉਸ ਦੀ ਚਾਚੀ ਮਿਲੀ, ਜਿਸ ਨਾਲ ਗੱਲ ਸ਼ੁਰੂ ਹੁੰਦਿਆਂ ਉਨ੍ਹਾਂ ਕਿਹਾ ਕਿ ਸਚਿਨ ਦੇ ਘਰ ਵਿਚ ਦਾਖ਼ਲ ਹੁੰਦੇ ਹੀ ਖੁਸ਼ੀ ਦਾ ਮਾਹੌਲ ਬਣ ਜਾਂਦਾ ਸੀ। ਹੁਣ ਵੇਖੋ ਕਿਵੇਂ ਮਾਤਮ ਛਾਇਆ ਹੋਇਆ ਹੈ। ਅੱਜ ਵੀ ਸਚਿਨ ਦੀਆਂ ਆਵਾਜ਼ਾਂ ਕੰਨਾਂ ਵਿਚ ਗੂੰਜਦੀਆਂ ਹਨ। ਅਜਿਹਾ ਲੱਗਦਾ ਹੈ ਕਿ ਉਹ ਹੇਠਾਂ ਹੀ ਖੜ੍ਹਾ ਹੈ। ਚਾਚੀ ਨੇ ਕਿਹਾ ਕਿ ਸਚਿਨ ਨੂੰ ਐਕਟਿਵਾ ’ਤੇ ਵੇਖ ਕੇ ਹਸਪਤਾਲ ਵਾਲਿਆਂ ਨੇ ਉਸ ਦਾ ਇਲਾਜ ਸ਼ੁਰੂ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਇਲਾਜ ਲਈ ਪੈਸੇ ਨਹੀਂ ਦੇ ਸਕਣਗੇ।

ਸਚਿਨ ਦੇ ਬਾਹਰ ਨਿਕਲਦੇ ਹੀ ਮਾਰੀ ਗੋਲੀ
ਰਾਹੁਲ ਨੇ ਦੱਸਿਆ ਕਿ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਘਟਨਾ ਵੇਖੀ। ਸਚਿਨ ਨੂੰ ਦੁਕਾਨ ਦੇ ਅੰਦਰ ਗੋਲੀ ਨਹੀਂ ਮਾਰੀ ਗਈ ਸੀ। ਜਦੋਂ ਉਹ ਲੁਟੇਰਿਆਂ ਨਾਲ ਹੱਥੋਪਾਈ ਕਰਕੇ ਦੁਕਾਨ ਦੇ ਬਾਹਰ ਆਇਆ ਤਾਂ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ: ਜਬਰ-ਜ਼ਿਨਾਹ ਮਾਮਲੇ ’ਚ ਸਿਮਰਜੀਤ ਬੈਂਸ ਨੂੰ ਰਾਹਤ ਨਹੀਂ, ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ

ਨੋਟ: ਜਲੰਧਰ ਸ਼ਹਿਰ ਵਿਚ ਵਾਪਰੀਆਂ ਕਤਲ ਦੀਆਂ ਘਟਨਾਵਾਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਰਾਏ


shivani attri

Content Editor

Related News