ਐੱਸ. ਐੱਸ. ਪੀ. ਦਿਹਾਤੀ ਦੇ ਦਫ਼ਤਰ ਦਾ ਘਿਰਾਓ

Tuesday, Apr 17, 2018 - 04:18 AM (IST)

ਅੰਮ੍ਰਿਤਸਰ,   (ਦਲਜੀਤ)-  ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਵੱਖ-ਵੱਖ ਮਾਮਲਿਆਂ ਵਿਚ ਪੁਲਸ ਦੀ ਕਾਰਗੁਜ਼ਾਰੀ ਮਾੜੀ ਹੋਣ ਵਿਰੁੱਧ ਅੱਜ ਮਜਬੂਰ ਹੋ ਕੇ ਐੱਸ. ਐੱਸ. ਪੀ. ਦਿਹਾਤੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਵੱਡੀ ਸੰਖਿਆ ਵਿਚ ਇਕੱਠੇ ਹੋਏ ਕਿਸਾਨਾਂ ਨੇ ਇਸ ਮੌਕੇ ਪੁਲਸ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਸਮੂਹ ਕਮੇਟੀ ਦੇ ਆਗੂ ਸਵਰਨ ਸਿੰਘ ਪੰਡੇਰ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ ਨੇ ਕਿਹਾ ਕਿ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਥਾਣੇ ਵਿਚ ਕਿਸਾਨਾਂ ਦੇ ਵੱਖ-ਵੱਖ ਕੇਸ ਪਿਛਲੇ ਕਈ ਸਾਲਾਂ ਤੋਂ ਪੈਂਡਿੰਗ ਪਏ ਹੋਏ ਹਨ। ਥਾਣੇ ਦੇ ਇੰਚਾਰਜ ਕਿਸਾਨਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ, ਉਨ੍ਹਾਂ ਦੇ ਕੇਸਾਂ ਦਾ ਹੱਲ ਨਹੀਂ ਕਰ ਰਹੇ ਹਨ। ਰਾਜਨੀਤਕ ਆਗੂਆਂ ਦੇ ਇਸ਼ਾਰੇ 'ਤੇ ਪੁਲਸ ਕੰਮ ਕਰ ਰਹੀ ਹੈ ਅਤੇ ਆਮ ਜਨਤਾ ਥਾਣੇ ਵਿਚ ਧੱਕੇ ਖਾ ਰਹੀ ਹੈ।  ਪੁਲਸ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਕਿਸਾਨਾਂ ਦੇ ਮਾਮਲਿਆਂ ਸਬੰਧੀ ਜਾਣੂ ਵੀ ਕਰਵਾਇਆ ਗਿਆ ਹੈ ਪਰ ਅੱਜ ਤੱਕ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ  ਜਿਸ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਅੱਜ ਐੱਸ. ਐੱਸ. ਪੀ. ਦਿਹਾਤੀ ਦਾ ਘਿਰਾਓ ਕਰਨਾ ਪਿਆ ਹੈ। ਪੁਲਸ ਵੀ ਰਾਜਨੀਤਕ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੱਤਾ ਵਿਚ ਆਉਂਦੇ ਹੀ ਸੂਬੇ ਵਿਚੋਂ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੇ ਨਾ ਤਾਂ ਨਸ਼ਾ ਖਤਮ ਕਰਵਾਇਆ ਹੈ ਅਤੇ ਨਾ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਕੋਈ ਵੱਡੀ ਕਾਰਵਾਈ ਕੀਤੀ ਹੈ। ਰਾਜਨੀਤਕ ਆਗੂਆਂ ਦੇ ਇਸ਼ਾਰਿਆਂ 'ਤੇ ਨਸ਼ਾ ਸਮੱਗਲਰਾਂ ਦੀ ਪੁਸ਼ਤ-ਪਨਾਹੀ ਕੀਤੀ ਜਾ ਰਹੀ ਹੈ। ਪੰਜਾਬ ਵਿਚ ਸਰਕਾਰ ਦੀ ਲਾਪ੍ਰਵਾਹੀ ਦੇ ਕਾਰਨ ਬੇਰੁਜ਼ਗਾਰਾਂ ਨੂੰ ਨੌਕਰੀ ਨਹੀਂ ਮਿਲ ਰਹੀ ਅਤੇ ਉਹ ਗਲਤ ਰਸਤੇ 'ਤੇ ਚੱਲ ਰਹੇ ਹਨ। ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਵੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ ਜਿਸ ਕਾਰਨ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਚੱਲਦਾ ਕੀਤਾ ਸੀ। ਸੂਬੇ ਦੀ ਜਨਤਾ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਕੈਪਟਨ ਸਰਕਾਰ ਵੀ ਗਠਜੋੜ ਦੇ ਆਗੂਆਂ ਦੀ ਤਰ੍ਹਾਂ ਝੂਠੀ ਹੈ, ਲੋਕ ਇਸ ਨੂੰ ਵੀ ਮੂੰਹ ਨਹੀਂ ਲਾਉਣਗੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨੂੰ ਛੇਤੀ ਨਾ ਮੰਨਿਆ ਗਿਆ ਤਾਂ ਸੰਘਰਸ਼ ਤੇਜ਼ ਹੋਵੇਗਾ।
ਕੀ ਕਹਿਣਾ ਹੈ ਐੱਸ. ਐੈੱਸ. ਪੀ. ਦਾ?   : ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਜੋ ਮੰਗ-ਪੱਤਰ ਉਨ੍ਹਾਂ ਨੂੰ ਦਿੱਤਾ ਗਿਆ ਹੈ ਉਨ੍ਹਾਂ ਵਿਚ ਸ਼ਾਮਲ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾ ਦਿੱਤਾ ਗਿਆ ਹੈ। ਅੱਗੇ ਵੀ ਜੋ ਮੰਗਾਂ ਉਨ੍ਹਾਂ ਦੀਆਂ ਹੋਣਗੀਆਂ ਉਹ ਮੰਨੀਆਂ ਜਾਣਗੀਆਂ। ਪੰਜਾਬ ਪੁਲਸ ਹਮੇਸ਼ਾ ਹੀ ਲੋਕਾਂ ਦੀ ਸਹਾਇਤਾ ਲਈ ਤਤਪਰ ਰਹੀ ਹੈ ਅਤੇ ਹਮੇਸ਼ਾ ਹੀ ਰਹੇਗੀ।


Related News