ਐੱਸ. ਡੀ. ਐੱਮ. ਦਫਤਰ ਮੂਹਰੇ ਰੋਸ ਪ੍ਰਦਰਸ਼ਨ
Tuesday, Oct 24, 2017 - 03:47 AM (IST)
ਬਾਬਾ ਬਕਾਲਾ ਸਾਹਿਬ, (ਅਠੌਲਾ)- ਦਿਹਾਤੀ ਮਜ਼ਦੂਰ ਸਭਾ ਵਲੋਂ ਪਲਵਿੰਦਰ ਸਿੰਘ ਮਹਿਸਮਪੁਰ ਅਤੇ ਨਰਿੰਦਰ ਸਿੰਘ ਵਡਾਲਾ ਦੀ ਅਗਵਾਈ ਹੇਠ ਅੱਜ ਬਾਬਾ ਬਕਾਲਾ ਸਾਹਿਬ ਬਾਜ਼ਾਰਾਂ ਵਿਚ ਰੋਹ ਭਰਪੂਰ ਮਾਰਚ ਕੀਤਾ ਗਿਆ ਅਤੇ ਉਪਰੰਤ ਸੈਂਕੜੇ ਮਜ਼ਦੂਰ-ਔਰਤਾਂ ਨੇ ਐੱਸ. ਡੀ. ਐੱਮ. ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਮਜ਼ਦੂਰ ਮੰਗਾਂ ਦਾ ਮੰਗ-ਪੱਤਰ ਦਿੱਤਾ ਗਿਆ ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਸੂਬਾਈ ਮੀਤ ਪ੍ਰਧਾਨ ਅਮਰੀਕ ਸਿੰਘ ਦਾਊਦ ਨੇ ਕਿਹਾ ਕਿ ਸਮੁੱਚੇ ਦੇਸ਼ ਅੰਦਰ ਅੱਜ ਗਰੀਬ ਅਤੇ ਦਲਿਤਾਂ ਉੱਪਰ ਅੱਤਿਆਚਾਰ ਹੋ ਰਹੇ ਹਨ ਅਤੇ ਜ਼ਮੀਨਾਂ ਦੇ ਮਾਲਕ ਨਾ ਹੋਣ ਕਾਰਨ ਲੋਕਾਂ ਕੋਲ ਰਹਿਣ ਲਈ ਨਾ ਚੰਗੇ ਮਕਾਨ ਹਨ ਅਤੇ ਨਾ ਹੀ ਰੁਜ਼ਗਾਰ ਦਾ ਕੋਈ ਪ੍ਰਬੰਧ ਹੈ, ਸਿੱਖਿਆ ਅਤੇ ਸਿਹਤ ਸਹੂਲਤਾਂ ਵਰਗੀਆਂ ਮੁੱਢਲੀਆਂ ਲੋੜਾਂ ਗਰੀਬਾਂ ਦੀ ਪਹੁੰਚ ਤੋਂ ਬਾਹਰ ਹਨ । ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਦੌਰਾਨ ਕੈਪਟਨ ਸਰਕਾਰ ਨੇ ਜੋ ਮਜ਼ਦੂਰਾਂ ਨਾਲ ਵਾਇਦੇ ਕੀਤੇ ਸਨ, ਉਨ੍ਹਾਂ 'ਚੋਂ ਇਕ ਵੀ ਪੂਰਾ ਨਹੀਂ ਕੀਤਾ ਗਿਆ ।
ਉਨ੍ਹਾਂ ਮੰਗ ਕੀਤੀ ਕਿ ਬੇ-ਜ਼ਮੀਨੇ ਲੋਕਾਂ ਨੂੰ ਦਸ -ਦਸ ਮਰਲੇ ਦੇ ਪਲਾਟ ਅਤੇ ਮਕਾਨ ਬਣਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ, ਮਨਰੇਗਾ ਤਹਿਤ ਜਾਬ ਕਾਰਡ ਅਤੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 500 ਰੁਪਏ ਯਕੀਨੀ ਬਣਾਈ ਜਾਵੇ, 51,000 ਰੁਪਏ ਦੀ ਸ਼ਗਨ ਸਕੀਮ ਦਿੱਤੀ ਜਾਵੇ, 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ, ਵਿਧਵਾ, ਬੁਢਾਪਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ 3000 ਰੁਪਏ ਕੀਤੀ ਜਾਵੇ, ਰੇਤ, ਬਜਰੀ, ਕੇਬਲ, ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਜਾਵੇ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ ।
ਇਸ ਸਮੇਂ ਸੂਬਾ ਕਮੇਟੀ ਮੈਂਬਰ ਨਿਰਮਲ ਸਿੰਘ ਛੱਜਲਵੱਡੀ, ਜਗਰੂਪ ਸਿੰਘ ਉਦੋ ਨੰਗਲ, ਗੁਰਦਿੱਤ ਸਿੰਘ ਧਰਦਿਓ, ਬਚਨ ਸਿੰਘ ਲੋਹਗੜ੍ਹ, ਗੁਰਨਾਮ ਸਿੰਘ ਭਿੰਡਰ, ਕਮਲ ਸ਼ਰਮਾ, ਲਖਵਿੰਦਰ ਸਿੰਘ ਦਾਊਦ, ਜਸਵੰਤ ਸਿੰਘ ਬਾਬਾ ਬਕਾਲਾ, ਸੁਖਦੇਵ ਸਿੰਘ ਰਈਆ, ਤਸਵੀਰ ਸਿੰਘ ਖਿਲਚੀਆਂ, ਦਲਬੀਰ ਸਿੰਘ ਜਮਾਲਪੁਰ, ਬਲਰਾਜ ਸਿੰਘ ਦਾਊਦ, ਬਲਵਿੰਦਰ ਸਿੰਘ ਖਿਲਚੀਆਂ, ਆਦਿ ਨੇ ਵੀ ਸੰਬੋਧਨ ਕੀਤਾ ।
