ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ
Friday, Mar 04, 2022 - 06:13 PM (IST)
ਜਲੰਧਰ (ਪੁਨੀਤ)– ਖਾਰਕੀਵ ਯੂਕੇਨ ਵਿਚ ਸਭ ਤੋਂ ਖ਼ਤਰੇ ਵਾਲਾ ਸ਼ਹਿਰ ਹੈ, ਜਿੱਥੇ ਰੁਕ-ਰੁਕ ਕੇ ਬੰਬਾਰੀ ਹੁੰਦੀ ਜਾ ਰਹੀ ਹੈ। ਅਜਿਹੇ ਹਾਲਾਤ ਵਿਚ ਸਮਾਂ ਗੁਜ਼ਾਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ ਅਤੇ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਦੀਆਂ ਮਾਸੂਮ ਜ਼ਿੰਦਗੀਆਂ ਲਈ ਦੁਆਵਾਂ ਕਰ ਰਹੇ ਹਨ ਤਾਂ ਕਿ ਉਹ ਜਲਦ ਵਾਪਸ ਆਪਣੇ ਵਤਨ ਪਰਤ ਸਕਣ। ਖਾਰਕੀਵ ਵਿਚ ਫਸੇ ਹਏ ਜਲੰਧਰ ਦੇ ਜਤਿਨ ਸਹਿਗਲ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਹਾਲਾਤ ਬਿਆਨ ਕੀਤੇ, ਜਿਸ ਤੋਂ ਪਰਿਵਾਰਕ ਮੈਂਬਰ ਬਹੁਤ ਫਿਕਰਮੰਦ ਹਨ।
ਸਥਾਨਕ ਜੀ. ਟੀ. ਬੀ. ਨਗਰ ਨਜ਼ਦੀਕ ਪੈਂਦੇ ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਵਿਦਿਆਰਥੀ ਜਤਿਨ ਦੇ ਭਰਾ ਹਿਤਿਨ ਸਹਿਗਲ ਅਤੇ ਮਾਂ ਵਿੱਕੀ ਸਹਿਗਲ ਨੇ ਦੱਸਿਆ ਕਿ ਯੂਕ੍ਰੇਨ ਵਿਚ ਹਾਲਾਤ ਖ਼ਰਾਬ ਹੋਇਆਂ ਇਕ ਹਫ਼ਤਾ ਬੀਤ ਚੁੱਕਾ ਹੈ ਪਰ ਉਨ੍ਹਾਂ ਦੇ ਬੇਟੇ ਦੀ ਅਜੇ ਤੱਕ ਵਾਪਸੀ ਨਹੀਂ ਹੋ ਪਾ ਰਹੀ। ਪਹਿਲਾਂ ਤਾਂ ਰੁਟੀਨ ਵਿਚ ਗੱਲ ਹੋ ਰਹੀ ਸੀ ਪਰ ਹੁਣ ਗੱਲ ਵੀ ਬੜੀ ਮੁਸ਼ਕਿਲ ਨਾਲ ਹੋ ਰਹੀ ਹੈ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: 35 ਹਜ਼ਾਰ ਵਾਲੀ ਟਿਕਟ 90 ਹਜ਼ਾਰ ’ਚ ਖ਼ਰੀਦਣ ਲਈ ਮਜਬੂਰ ਹੋਏ ਵਿਦਿਆਰਥੀ
ਜਤਿਨ ਸਹਿਗਲ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਖਾਰਕੀਵ ਵਿਚ ਯੂਕ੍ਰੇਨੀ ਫ਼ੌਜ ਵੱਲੋਂ ਬਣਾਏ ਬੰਕਰਾਂ ਵਿਚ ਪਨਾਹ ਲਈ ਹੋਈ ਸੀ। ਇਸ ਦੌਰਾਨ ਯੂਕ੍ਰੇਨੀ ਫ਼ੌਜ ਆਪਣੇ ਸੁਰੱਖਿਆ ਕਵਚ ਵਿਚ ਸੈਂਕੜੇ ਵਿਦਿਆਰਥੀਆਂ ਨੂੰ ਲੈ ਕੇ ਖਾਰਕੀਵ ਵਿਚ ਸਟੇਸ਼ਨ ਲਈ ਰਵਾਨਾ ਹੋਏ। ਬੰਕਰਾਂ ਤੋਂ 5 ਕਿਲੋਮੀਟਰ ਦੂਰ ਸਟੇਸ਼ਨ ਤੱਕ ਪੈਦਲ ਲਿਜਾਇਆ ਗਿਆ। ਇਸ ਦੌਰਾਨ ਜਿਹੜੀਆਂ ਰੇਲ ਗੱਡੀਆਂ ਆ ਰਹੀਆਂ ਸਨ, ਉਨ੍ਹਾਂ ਵਿਚ ਸਭ ਤੋਂ ਪਹਿਲਾਂ ਯੂਕ੍ਰੇਨੀ ਲੋਕਾਂ ਨੂੰ ਬਿਠਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਇੰਡੀਅਨ ਕੁੜੀਆਂ ਨੂੰ ਬੈਠਣ ਦੀ ਇਜਾਜ਼ਤ ਸੀ। ਇਸ ਦੌਰਾਨ ਸਭ ਤੋਂ ਆਖਿਰ ਵਿਚ ਮੁੰਡਿਆਂ ਦੀ ਵਾਰੀ ਆਉਣੀ ਸੀ। ਅਜੇ ਉਹ ਅਗਲੀ ਟਰੇਨ ਦੇ ਆਉਣ ਦੀ ਉਡੀਕ ਕਰ ਰਹੇ ਸਨ ਕਿ ਯੂਕ੍ਰੇਨ ਦੇ ਸਮੇਂ ਮੁਤਾਬਕ ਦੁਪਹਿਰ 2 ਵਜੇ ਬੰਬਾਰੀ ਸ਼ੁਰੂ ਹੋ ਗਈ। ਉਥੇ ਤੁਰੰਤ ਸਟੇਸ਼ਨ ਖਾਲੀ ਕਰਨ ਦੇ ਹੁਕਮ ਜਾਰੀ ਹੋਏ, ਜਿਸ ਤੋਂ ਬਾਅਦ ਵਿਦਿਆਰਥੀਆਂ ਵਿਚ ਹਫੜਾ-ਦਫੜੀ ਮਚ ਗਈ। ਸਾਰਿਆਂ ਨੇ ਭੱਜ ਕੇ ਜਾਨ ਬਚਾਈ। ਉਨ੍ਹਾਂ ਦੇ ਸਾਹਮਣੇ ਸਿਰਫ਼ 100 ਮੀਟਰ ਦੀ ਦੂਰੀ ’ਤੇ ਇਕ ਬੰਬ ਡਿੱਗਿਆ ਪਰ ਉਹ ਜ਼ਿਆਦਾ ਪਾਵਰਫੁੱਲ ਨਹੀਂ ਸੀ। ਇਸ ਬੰਬ ਧਮਾਕੇ ਵਿਚ ਉਨ੍ਹਾਂ ਨੂੰ ਅਜਿਹਾ ਜਾਪਿਆ ਕਿ ਹੁਣ ਬਚਣਾ ਮੁਸ਼ਕਿਲ ਹੈ।
ਇਸ ਤੋਂ ਬਾਅਦ ਫ਼ੌਜ ਨਾਲ ਉਹ 10 ਕਿਲੋਮੀਟਰ ਦੂਰ ਸਥਿਤ ਪਰੇਸੋਚਿਨ ਇਲਾਕੇ ਵਿਚ ਪੁੱਜੇ, ਜਿਹੜਾ ਕਿ ਬਿਲਕੁਲ ਵੀਰਾਨ ਪਿਆ ਹੈ ਕਿਉਂਕਿ ਉਥੋਂ ਦੇ ਲੋਕ ਉਕਤ ਇਲਾਕੇ ਨੂੰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾ ਚੁੱਕੇ ਹਨ। ਫ਼ੌਜ ਉਥੇ ਸੈਂਕੜੇ ਵਿਦਿਆਰਥੀਆਂ ਨੂੰ ਛੱਡ ਕੇ ਦੂਜੇ ਸਥਾਨ ’ਤੇ ਚਲੀ ਗਈ। ਹਾਲਾਤ ਇਹ ਹਨ ਕਿ ਉਨ੍ਹਾਂ ਕੋਲ ਖਾਣ-ਪੀਣ ਦਾ ਕੋਈ ਸਾਮਾਨ ਮੁਹੱਈਆ ਨਹੀਂ ਹੈ ਅਤੇ ਬਲੈਕਆਊਟ ਵਿਚ ਰਾਤਾਂ ਕੱਟ ਰਹੀਆਂ ਹਨ। ਸਾਰਿਆਂ ਨੇ ਨੁਕਸਾਨੀਆਂ ਇਮਾਰਤਾਂ ਵਿਚ ਸ਼ਰਨ ਲਈ ਹੋਈ ਹੈ। ਕੋਈ ਹਸਪਤਾਲ ਵਿਚ ਰਹਿ ਰਿਹਾ ਹੈ ਅਤੇ ਕੋਈ ਸਕੂਲ ’ਚ। ਕੁਝ ਵਿਦਿਆਰਥੀ ਲੋਕਾਂ ਦੇ ਘਰਾਂ ਵਿਚ ਬੈਠੇ ਹੋਏ ਹਨ। ਉਹ ਬੁੱਧਵਾਰ ਦੀ ਰਾਤ ਤੋਂ ਇਸ ਇਲਾਕੇ ਵਿਚ ਰੁਕੇ ਅਤੇ ਡਰ ਕੇ ਸਮਾਂ ਗੁਜ਼ਾਰਿਆ। ਉਥੇ ਰਾਤ ਨੂੰ ਬਿਜਲੀ ਨਹੀਂ ਆਈ ਅਤੇ ਬਲੈਕਆਊਟ ਵਿਚ ਰਾਤ ਬਿਤਾਉਣੀ ਪਈ। ਉਥੇ ਇੰਡੀਅਨ ਵਿਅਕਤੀ ਕਰਨ ਸੰਧੂ ਬੜੀਆਂ ਮੁਸ਼ਕਿਲਾਂ ਝੱਲ ਕੇ ਭਾਰਤੀਆਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੂੰ ਦਿਨ ਵਿਚ ਥੋੜ੍ਹਾ-ਬਹੁਤ ਕੁਝ ਖਾਣ ਨੂੰ ਦਿੱਤਾ ਜਾ ਰਿਹਾ ਹੈ। ਸੰਧੂ ਨੂੰ ਖਾਣੇ ਦਾ ਪ੍ਰਬੰਧ ਕਰਨ ਲਈ ਕਈ ਕਿਲੋਮੀਟਰ ਦੂਰ ਤੱਕ ਜਾਣਾ ਪੈ ਰਿਹਾ ਹੈ। ਅੰਬੈਸੀ ਵੱਲੋਂ ਕੋਈ ਮਦਦ ਨਹੀਂ ਮਿਲ ਰਹੀ, ਸਿਰਫ ਜਾਨ ਬਚਾਉਣ ਲਈ ਸ਼ੈਲਟਰ ਮੁਹੱਈਆ ਕਰਵਾਇਆ ਗਿਆ। ਇਥੇ ਕਦੋਂ ਬੰਬਾਰੀ ਹੋ ਜਾਵੇ, ਕੁਝ ਨਹੀਂ ਕਿਹਾ ਜਾ ਸਕਦਾ। ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਫਰਿਆਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਖਾਰਕੀਵ ਤੋਂ 10 ਕਿਲੋਮੀਟਰ ਦੂਰ ਸਥਿਤ ਪਰੇਸੋਚਿਨ ਇਲਾਕੇ ਵਿਚ ਗੱਡੀਆਂ ਭੇਜੀਆਂ ਜਾਣ।
ਇਹ ਵੀ ਪੜ੍ਹੋ: ਸਰਹੱਦ ਪਾਰ ਕਰ ਰਹੇ ਆਦਮਪੁਰ ਦੇ ਦੋ ਨੌਜਵਾਨ ਯੂਕ੍ਰੇਨ ਪੁਲਸ ਵੱਲੋਂ ਗ੍ਰਿਫ਼ਤਾਰ, ਮਾਪਿਆਂ ਦੇ ਸਾਹ ਸੂਤੇ
ਰਿਸਕ ਲੈ ਕੇ ਸਟੇਸ਼ਨ ’ਤੇ ਗਏ ਵਿਦਿਆਰਥੀਆਂ ਦੀ ਕੋਈ ਖ਼ਬਰ ਨਹੀਂ
ਵੀਰਾਨ ਇਲਾਕੇ ਵਿਚ ਰੁਕੇ ਸੈਂਕੜਿਆਂ ਦੀ ਗਿਣਤੀ ਵਿਚ ਮੌਜੂਦ ਵਿਦਿਆਰਥੀਆਂ ਵਿਚੋਂ ਦਰਜਨਾਂ ਇੰਡੀਅਨ ਵਿਦਿਆਰਥੀ ਇਥੋਂ ਦੇ ਸਮੇਂ ਅਨੁਸਾਰ ਵੀਰਵਾਰ ਸਵੇਰੇ 9 ਵਜੇ ਦੇ ਲਗਭਗ ਸਟੇਸ਼ਨ ਵੱਲ ਰਵਾਨਾ ਹੋ ਗਏ। ਸਾਰਿਆਂ ਨੇ ਉਨ੍ਹਾਂ ਨੂੰ ਜਾਣ ਤੋਂ ਰੋਕਿਆ ਪਰ ਉਹ ਆਪਣੇ ਰਿਸਕ ’ਤੇ ਰਵਾਨਾ ਹੋ ਗਏ। ਉਹ 10 ਕਿਲੋਮੀਟਰ ਦੂਰ ਸਟੇਸ਼ਨ ਲਈ ਪੈਦਲ ਗਏ ਹਨ ਪਰ ਲਗਭਗ 10 ਘੰਟਿਆਂ ਬਾਅਦ ਵੀ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਆਈ।
ਇਹ ਵੀ ਪੜ੍ਹੋ: BBMB ਦੇ ਮੁੱਦੇ 'ਤੇ ਸੰਸਦ ਮੈਂਬਰ ਤਿਵਾੜੀ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਿਆ ਪੱਤਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ