MBBS ਕਰਨ ਲਈ ਯੂਕ੍ਰੇਨ ਗਈਆਂ ਕਪੂਰਥਲਾ ਜ਼ਿਲ੍ਹੇ ਦੀਆਂ 4 ਕੁੜੀਆਂ ਫਸੀਆਂ

Saturday, Feb 26, 2022 - 02:04 PM (IST)

MBBS ਕਰਨ ਲਈ ਯੂਕ੍ਰੇਨ ਗਈਆਂ ਕਪੂਰਥਲਾ ਜ਼ਿਲ੍ਹੇ ਦੀਆਂ 4 ਕੁੜੀਆਂ ਫਸੀਆਂ

ਨਡਾਲਾ (ਸ਼ਰਮਾ)- ਯੂਕ੍ਰੇਨ ’ਤੇ ਰੂਸ ਵੱਲੋਂ ਕੀਤੇ ਗਏ ਹਮਲੇ ਦੌਰਾਨ ਪੰਜਾਬ ਦੇ ਕਈ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ’ਚ ਭਾਰਤੀ ਨੌਜਵਾਨ ਉੱਥੇ ਫਸ ਹੋਏ ਹਨ। ਜਿਨ੍ਹਾਂ ’ਚ ਸ਼ਾਮਲ ਪੰਜਾਬੀ ਵਿਦਿਆਰਥੀਆਂ ਨੇ ਫੋਨ ’ਤੇ ਗੱਲਬਾਤ ਦੌਰਾਨ ਉਥੋਂ ਦੇ ਹਾਲਾਤ ਅਤੇ ਆਪਣੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਹੈ। ਇਸੇ ਤਹਿਤ ਜ਼ਿਲ੍ਹਾ ਕਪੂਰਥਲਾ ਦੀਆਂ 4 ਕੁੜੀਆਂ ਐੱਮ. ਬੀ. ਬੀ. ਐੱਸ. ਕਰਨ ਲਈ ਯੂਕ੍ਰੇਨ ਗਈਆਂ ਹੋਈਆਂ ਸਨ, ਜਿਨ੍ਹਾਂ ’ਚ ਕਪੂਰਥਲਾ ਤੋਂ ਨਵੀ ਅਗਰਵਾਲ, ਨਡਾਲਾ ਤੋਂ ਕੋਮਲਪ੍ਰੀਤ ਕੌਰ , ਸੁਲਤਾਨਪੁਰ ਲੋਧੀ ਤੋਂ ਗੁਰਲੀਨ ਕੌਰ ਅਤੇ ਮੁਸਕਾਨ ਥਿੰਦ ਸ਼ਾਮਲ ਹੈ, ਉਥੇ ਫਸ ਗਈਆਂ ਹਨ।  ਯੂਕ੍ਰੇਨ ’ਚ ਫਸੀਆਂ ਉਕਤ ਕੁੜੀਆਂ ਦੇ ਮਾਪੇ ਆਪਣੀਆਂ ਕੁੜੀਆਂ ਲਈ ਕਾਫ਼ੀ ਪ੍ਰੇਸ਼ਾਨ ਹਨ। ਮਾਪਿਆਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਕੁੜੀਆਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ।

ਢਾਈ ਸਾਲ ਪਹਿਲਾਂ ਯੂਕ੍ਰੇਨ ਗਈ ਸੀ ਕੋਮਲਪ੍ਰੀਤ ਕੌਰ
‘ਜਗ ਬਾਣੀ’ ਵੱਲੋਂ ਕੁਲਦੀਪ ਸਿੰਘ ਤੇ ਰਣਜੀਤ ਕੌਰ ਵਾਸੀ ਨਡਾਲਾ ਦੇ ਘਰ ਜਾ ਕੇ ਸਾਰੀ ਵਾਰਤਾ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਜੰਗ ਵਾਲੇ ਡਰਾਉਣੇ ਹਾਲਾਤ ਤੋਂ ਘਬਰਾਏ ਉਕਤ ਜੋੜੇ ਨੇ ਦਿਲ ਦਾ ਹਾਲ ਫੁੱਟ-ਫੁੱਟ ਕੇ ਬਿਆਨ ਕੀਤਾ। ਗੱਲ ਕਰਦੇ-ਕਰਦੇ ਉਹ ਵਾਰ-ਵਾਰ ਭਾਵੁਕ ਹੋ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਕ ਬੇਟੀ ਨਿਊਜ਼ੀਲੈਂਡ ਹੈ। ਦੂਜੀ ਬੇਟੀ ਕੋਮਲਪ੍ਰੀਤ ਕੌਰ ਕਰੀਬ ਢਾਈ ਸਾਲ ਪਹਿਲਾਂ ਯੂਕ੍ਰੇਨ ਗਈ ਸੀ ਅਤੇ ਇਸ ਵੇਲੇ ਖਾਲ੍ਹੀ ਸ਼ਹਿਰ ਵਿਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਦੇ ਆਖ਼ਰੀ ਸਮੈਸਟਰ ਦੀ ਤਿਆਰੀ ਕਰ ਰਹੀ ਹੈ। ਜੂਨ ਮਹੀਨੇ ਉਸ ਦੇ ਪੇਪਰ ਹਨ। ਬੀਤੀ 15 ਸਤੰਬਰ ਨੂੰ ਹਾਲੇ ਕੁਝ ਦਿਨਾਂ ਦੀ ਛੁੱਟੀ ਕੱਟ ਕੇ ਭਾਰਤ ਤੋਂ ਵਾਪਸ ਯੂਕ੍ਰੇਨ ਗਈ ਸੀ। ਕਰੀਬ 15 ਦਿਨ ਪਹਿਲਾਂ ਉਸ ਦਾ ਫੋਨ ਆਇਆ ਕਿ ਇਥੇ ਹਾਲਾਤ ਖ਼ਰਾਬ ਹੋ ਰਹੇ ਹਨ। ਪੈਸੇ ਭੇਜ ਦਿਉ, ਉਸ ਨੇ ਦੇਸ਼ ਵਾਪਸ ਆਉਣਾ ਹੈ। ਇਸ ਦੌਰਾਨ ਉਨ੍ਹਾਂ ਨੇ ਤੁਰੰਤ ਪੈਸੇ ਭੇਜੇ, ਬੇਟੀ ਨੇ 28 ਫਰਵਰੀ ਦੀ ਵਾਪਸੀ ਟਿਕਟ ਵੀ ਕਰਵਾ ਲਈ ਸੀ ਪਰ ਉਸ ਤੋਂ ਪਹਿਲਾਂ ਹੀ ਰੂਸ ਨੇ ਯੂਕ੍ਰੇਨ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਦੀਆਂ ਅਜੇ ਨਹੀਂ ਘਟੀਆਂ ਮੁਸ਼ਕਿਲਾਂ, ਭੁਪਿੰਦਰ ਹਨੀ ਦੀ ਵਧੀ ਨਿਆਇਕ ਹਿਰਾਸਤ

PunjabKesari

ਇਸ ਸਬੰਧੀ ਡਾਹਢੇ ਚਿੰਤਾ ਵਿਚ ਡੁੱਬੇ ਇਸ ਜੋੜੇ ਕੁਲਦੀਪ ਸਿੰਘ ਅਤੇ ਰਣਜੀਤ ਕੌਰ ਨੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਗੁਹਾਰ ਲਗਾਈ ਕਿ ਉਹ ਉਨ੍ਹਾਂ ਦੇ ਬੱਚਿਆਂ ਦੀ ਸਹੀ ਸਲਾਮਤ ਘਰ ਵਾਪਸੀ ਦਾ ਪ੍ਰਬੰਧ ਕਰਨ। ਇਸੇ ਤਰ੍ਹਾਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੋਂ ਵੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਬਹੁਤ ਸਾਰੇ ਵਿਦਿਆਰਥੀਆਂ ਨਾਲ ਜ਼ਮੀਨਦੋਜ਼ ਮੈਟਰੋ ਸਟੇਸ਼ਨ ’ਚ ਲੁਕੀ ਹੋਈ ਹੈ ਕੋਮਲਪ੍ਰੀਤ
ਕੁਲਦੀਪ ਸਿੰਘ ਅਤੇ ਰਣਜੀਤ ਕੌਰ ਨੇ ਕਿਹਾ ਕਿ ਕੋਮਲਪ੍ਰੀਤ ਕੌਰ ਵੱਲੋਂ ਦੱਸਣ ਮੁਤਾਬਕ ਰੋਜ਼ਾਨਾ ਹੋ ਰਹੀ ਬੰਬਾਰੀ ਅਤੇ ਸ਼ਹਿਰ ’ਚ ਟੈਂਕਾਂ ਦੀ ਗੜਗੜਾਹਟ ਨਾਲ ਬੱਚਿਆਂ ਦੇ ਮਨਾਂ ਵਿਚ ਭਾਰੀ ਦਹਿਸ਼ਤ ਬਣੀ ਹੋਈ ਹੈ, ਉੱਥੇ ਦੀ ਸਰਕਾਰ ਨੇ ਲੋਕਾਂ ਨੂੰ ਆਪਣੀ ਹਿਫਾਜ਼ਤ ਆਪ ਕਰਨ ਲਈ ਕਹਿ ਦਿੱਤਾ। ਇਸ ਵੇਲੇ ਉਹ ਵੀ ਬਹੁਤ ਸਾਰੇ ਵਿਦਿਆਰਥੀਆਂ ਨਾਲ ਜ਼ਮੀਨਦੋਜ਼ ਮੈਟਰੋ ਸਟੇਸ਼ਨ ਵਿਚ ਲੁਕੇ ਹੋਏ ਹਨ। ਏਅਰਪੋਰਟ ਤਬਾਹ ਹੋ ਗਏ ਹਨ। ਜਾਨ ਬਚਾ ਕੇ ਘਰ ਆਉਣ ਦਾ ਕੋਈ ਜ਼ਰੀਆ ਨਹੀਂ ਹੈ।

ਇਹ ਵੀ ਪੜ੍ਹੋ : ਰੂਪਨਗਰ ਦੇ ਪਿੰਡ ਕਟਲੀ ਦੀ ਕੁੜੀ ਯੂਕ੍ਰੇਨ ’ਚ ਫਸੀ, ਮਾਪਿਆਂ ਨੇ ਕੇਂਦਰ ਸਰਕਾਰ ਕੋਲ ਲਾਈ ਮਦਦ ਦੀ ਗੁਹਾਰ

PunjabKesari

ਖਹਿਰਾ ਬੋਲੇ, ਕੋਮਲਪ੍ਰੀਤ ਕੌਰ ਨੂੰ ਸੁਰੱਖਿਅਤ ਘਰ ਲਿਆਂਦਾ ਜਾਵੇਗਾ
ਯੂਕ੍ਰੇਨ ’ਚ ਖ਼ਰਾਬ ਹੋਏ ਹਾਲਾਤਾਂ ਕਾਰਨ ਨਡਾਲਾ ਦੀ ਫਸੀ ਵਿਦਿਆਰਥਣ ਕੋਮਲਪ੍ਰੀਤ ਕੌਰ ਸਬੰਧੀ ਜਦੋਂ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਨਡਾਲਾ ਵਾਸੀ ਕੁਲਦੀਪ ਸਿੰਘ ਅਤੇ ਰਣਜੀਤ ਕੌਰ ਦੀ ਕੁੜੀ ਕੋਮਲਪ੍ਰੀਤ ਕੌਰ ਦੀ ਹਰ ਸੰਭਵ ਸਹਾਇਤਾ ਕਰਨਗੇ ਅਤੇ ਉਸ ਨੂੰ ਸੁਰੱਖਿਅਤ ਘਰ ਲਿਆਂਦਾ ਜਾਵੇਗਾ।

ਨਵੀ ਅਗਰਵਾਲ ਦੇ ਪਿਤਾ ਬੋਲੇ, 3 ਮਹੀਨਿਆਂ ਬਾਅਦ ਮਿਲਣੀ ਸੀ ਡਾਕਟਰ ਦੀ ਡਿਗਰੀ, ਸੁਨਹਿਰੀ ਸੁਫ਼ਨੇ ਦਿਖਾਈ ਦੇ ਰਹੇ ਅਧੂਰੇ
ਕਪੂਰਥਲਾ, (ਸੇਖਡ਼ੀ/ਹਨੀਸ਼)-ਯੂਕ੍ਰੇਨ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ਾਂ ’ਚ ਸੁਰੱਖਿਅਤ ਪਹੁੰਚਾਉਣਾ ਵੀ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਭਾਰਤ ’ਚੋਂ ਵੀ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕ੍ਰੇਨ ਗਏ ਹਜ਼ਾਰਾਂ ਵਿਦਿਆਰਥੀਆਂ ਨੂੰ ਘਰਾਂ ’ਚ ਵਾਪਸ ਪਹੁੰਚਾਉਣਾ ਵੀ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ। ਕਪੂਰਥਲਾ ਦੇ ਭੱਠਾ ਉਦਯੋਗਪਤੀ ਪ੍ਰਦੀਪ ਅਗਰਵਾਲ ਦੀ ਦੇਖ-ਰੇਖ ਹੇਠ ਕਪੂਰਥਲਾ ਵਾਸੀਆਂ ਦਾ ਇਕ ਵਫ਼ਦ ਸ਼ਨੀਵਾਰ 26 ਫਰਵਰੀ ਨੂੰ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੂੰ ਮਿਲੇਗਾ।

ਇਹ ਵੀ ਪੜ੍ਹੋ :  ਕਾਲੋਨਾਈਜ਼ਰ ਨੇ ਬੇਟੇ ਨੂੰ ਤੋਹਫ਼ਾ ਦੇਣ ਲਈ ਮੰਗਵਾਈ ਸੀ ਲੈਂਬਾਰਗਿਨੀ ਕਾਰ, ਮਿੰਟਾਂ 'ਚ ਉੱਡੇ ਪਰਖੱਚੇ

ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਮੇਰੀ ਬੇਟੀ ਨਵੀ ਅਗਰਵਾਲ ਅਤੇ ਮੇਰੇ ਇਕ ਰਿਸ਼ਤੇਦਾਰ ਰਾਮ ਗੋਪਾਲ ਅਗਰਵਾਲ ਦੀ ਬੇਟੀ ਰਿਧੀ ਅਗਰਵਾਲ ਅੱਜ ਤੋਂ ਲਗਭਗ 6 ਸਾਲ ਪਹਿਲਾਂ ਯੂਕ੍ਰੇਨ ’ਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਈ ਸੀ ਅਤੇ ਮਈ 2022 ’ਚ ਸਿਰਫ਼ 3 ਮਹੀਨਿਆਂ ਬਾਅਦ ਮੈਡੀਕਲ ਦੀ ਪੜ੍ਹਾਈ ਪੂਰੀ ਕਰਕੇ ਉਸ ਨੂੰ ਡਾਕਟਰ ਦੀ ਡਿਗਰੀ ਮਿਲਣੀ ਸੀ ਪਰ ਰੂਸ ਅਤੇ ਯੂਕ੍ਰੇਨ ਦੀ ਲੜਾਈ ਕਾਰਨ ਸਾਡੇ ਸਾਰਿਆਂ ਦੇ ਸੁਨਹਿਰੀ ਸੁਫ਼ਨੇ ਅਧੂਰੇ ਵਿਖਾਈ ਦੇ ਰਹੇ ਹਨ। ਪ੍ਰਦੀਪ ਅਗਰਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮੰਗ ਕੀਤੀ ਹੈ ਕਿ ਸਾਰੇ ਭਾਰਤੀ ਬੱਚਿਆਂ ਨੂੰ ਤੁਰੰਤ ਹੀ ਘਰਾਂ ਨੂੰ ਵਾਪਸ ਲਿਆਉਣ ਦੇ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਪਿਛਲੇ ਕੁਝ ਦਿਨਾਂ ਤੋਂ ਯੂਕ੍ਰੇਨ ਦੇ ਬੰਕਰਾਂ ’ਚ ਭੁੱਖੇ-ਪਿਆਸੇ ਨਰਕ ਦਾ ਜੀਵਨ ਬਤੀਤ ਕਰ ਰਹੇ ਬੱਚਿਆਂ ਨੂੰ ਹਰ ਹਾਲ ’ਚ ਸੁਰੱਖਿਅਤ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ, ਸੰਗਤ ਲਈ ਕੀਤੇ ਜਾਣਗੇ ਵਿਸ਼ੇਸ਼ ਪ੍ਰਬੰਧ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News