ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ

11/28/2017 2:49:10 AM

ਕਪੂਰਥਲਾ  (ਗੁਰਵਿੰਦਰ ਕੌਰ)-  ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਜ਼ਿਲਾ ਇਕਾਈ ਕਪੂਰਥਲਾ ਵੱਲੋਂ ਆਪਣੀਆਂ ਮੰਗਾਂ ਸਬੰਧੀ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ ਰੋਸ ਰੈਲੀ ਕੱਢਦੇ ਹੋਏ ਨਾਅਰੇਬਾਜ਼ੀ ਕੀਤੀ। ਰੋਸ ਰੈਲੀ ਸ਼ਾਲੀਮਾਰ ਬਾਗ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫਤਰ ਪਹੁੰਚੀ, ਜਿਥੇ ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ ਇਕ ਮੰਗ-ਪੱਤਰ ਪੰਜਾਬ ਸਰਕਾਰ ਦੇ ਨਾਮ ਡੀ. ਸੀ. ਕਪੂਰਥਲਾ ਮੁਹੰਮਦ ਤਈਅਬ ਨੂੰ ਸੌਂਪਿਆ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੇ ਸਮੇਂ ਮਜ਼ਦੂਰਾਂ ਨੇ ਵੱਖ-ਵੱਖ ਬੀ. ਡੀ. ਪੀ. ਓਜ਼ ਨੂੰ ਪਲਾਟ ਲੈਣ ਲਈ ਫਾਰਮ ਜਮ੍ਹਾ ਕਰਵਾਏ ਸਨ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਮਜ਼ਦੂਰਾਂ ਵਲੋਂ ਦਿੱਤੇ ਗਏ ਫਾਰਮਾਂ ਨੂੰ ਅਣਦੇਖਾ ਕੀਤਾ ਗਿਆ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮਜ਼ਦੂਰਾਂ ਨੂੰ ਤੁਰੰਤ ਪਲਾਟ ਅਲਾਟ ਕਰਕੇ ਤੁਰੰਤ ਕਬਜ਼ਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿੰਡ ਸੈਫਲਾਬਾਦ 'ਚ ਮਜ਼ਦੂਰਾਂ ਨੇ ਸਾਢੇ 8 ਏਕੜ ਪੰਚਾਇਤੀ ਜ਼ਮੀਨ 'ਚ ਆਪਣੀਆਂ ਝੁੱਗੀਆਂ ਬਣਾਈਆਂ ਗਈਆਂ ਸਨ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਢਾਹ ਕੇ ਮਜ਼ਦੂਰਾਂ ਦਾ ਸਾਮਾਨ ਖੁਰਦ-ਬੁਰਦ ਕਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਇਸਦੇ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਮਜ਼ਦੂਰਾਂ ਨੂੰ ਉਸ ਜਗ੍ਹਾ 'ਤੇ ਵਸਾਇਆ ਜਾਵੇ। 
ਇਸ ਮੌਕੇ ਜ਼ਿਲਾ ਜਨਰਲ ਸਕੱਤਰ ਨਿਰਮਲ ਸਿੰਘ ਸ਼ੇਰਪੁਰ ਸੱਧਾ, ਮੀਤ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਤੇ ਹੰਸਾ ਸਿੰਘ ਮੁੰਡੀ ਨੇ ਕਿਹਾ ਕਿ ਪਲਾਟਾਂ ਸਬੰਧੀ ਲਾਭਪਾਤਰੀਆਂ ਦੀ ਚੋਣ ਕਰਨ ਦਾ ਅਧਿਕਾਰ ਨੌਕਰਸ਼ਾਹੀ ਤੋਂ ਵਾਪਸ ਲੈ ਕੇ ਇਹ ਅਧਿਕਾਰ ਤੁਰੰਤ ਗ੍ਰਾਮ ਸਭਾਵਾਂ ਨੂੰ ਦਿੱਤਾ ਜਾਵੇ। ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ। ਪਿੰਡ ਸੈਫਲਾਬਾਦ 'ਚ ਧਨਾਢ ਚੌਧਰੀਆਂ ਵੱਲੋਂ ਕਥਿਤ ਤੌਰ 'ਤੇ ਜਥੇਬੰਦੀ ਦੇ ਆਗੂਆਂ 'ਤੇ 2 ਜੁਲਾਈ 2017 ਨੂੰ ਕੀਤੇ ਗਏ ਜਾਨ-ਲੇਵਾ ਹਮਲੇ ਦਾ ਜੋ ਪਰਚਾ ਦੋਸ਼ੀਆਂ 'ਤੇ ਦਰਜ ਕੀਤਾ ਨੂੰ ਸਹੀ ਧਾਰਾਵਾਂ ਲਾ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਮਜ਼ਦੂਰ ਆਗੂਆਂ 'ਤੇ ਦਰਜ ਕੀਤਾ ਗਿਆ ਝੂਠਾ ਪਰਚਾ ਰੱਦ ਕੀਤਾ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ ਨਸੀਰੇਵਾਲ, ਪਿਆਰਾ ਸਿੰਘ ਭੰਡਾਲ, ਕਸ਼ਮੀਰਾ ਸਿੰਘ ਭੰਡਾਲ, ਪੂਰਨ ਸਿੰਘ ਮੁੰਡੀ ਛੰਨਾ, ਨੌਜਵਾਨ ਭਾਰਤ ਸਭਾ ਦੇ ਰਣਜੀਤ ਦੇਸਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਸਕੱਤਰ ਤਰਸੇਮ ਸਿੰਘ ਬੰਨੇਮੱਲ ਆਦਿ ਨੇ ਵੀ ਸੰਬੋਧਨ ਕੀਤਾ। 


Related News