ਦਿਹਾਤੀ ਮਜ਼ਦੂਰ ਸਭਾ ਨੇ ਬੀ. ਡੀ. ਪੀ. ਓ. ਦਫਤਰ ਸਾਹਮਣੇ ਦਿੱਤਾ ਧਰਨਾ
Wednesday, Jan 31, 2018 - 10:31 AM (IST)
ਅਬੋਹਰ (ਸੁਨੀਲ) - ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੇ ਮੈਂਬਰਾਂ ਨੇ ਅੱਜ ਬੀ.ਡੀ.ਪੀ.ਓ. ਖੂਈਆਂ ਸਰਵਰ ਦੇ ਦਫਤਰ ਸਾਹਮਣੇ ਧਰਨਾ ਲਾਇਆ, ਜਿਸਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਜੱਗਾ ਸਿੰਘ ਨੇ ਕੀਤੀ। ਧਰਨਾਕਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਇਕ ਮੰਗ ਪੱਤਰ ਬੀ.ਡੀ.ਪੀ.ਓ. ਨੂੰ ਸੌਂਪਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਇਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਅੱਜੇ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਸਰਕਾਰ ਤੋਂ ਬੇਘਰੇ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਪਲਾਟ ਦੇਣ, ਸ਼ਗਨ ਸਕੀਮ ਜਾਰੀ ਕਰਨ, ਮਨਰੇਗਾ ਦਾ ਕੰਮ ਸਾਲ ਭਰ ਦੇਣ, ਬੁਢਾਪਾ ਤੇ ਵਿਧਵਾ ਪੈਨਸ਼ਨ 3000 ਰੁਪਏ ਹਰ ਮਹੀਨੇ ਕਰਨ, ਗਰੀਬ ਤੇ ਦਲਿਤ ਲੋਕਾਂ ਨੂੰ ਸਿਖਲਾਈ ਦੇ ਕੇ ਰੋਜ਼ਗਾਰ ਦੇਣ, ਗਰੀਬ ਲੋਕਾਂ ਨੂੰ 200 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਦੇਣ ਆਦਿ ਦੀ ਮੰਗ ਕੀਤੀ। ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਸਰਕਾਰ ਦੇ ਨੁਮਾਇੰਦੇ ਆਪਣੇ ਚਹੇਤਿਆਂ ਤੱਕ ਪਹੁੰਚਾ ਕੇ ਗਰੀਬਾਂ ਨੂੰ ਇਸਦਾ ਲਾਭ ਨਹੀਂ ਦੇ ਰਹੇ। ਧਰਨੇ ਦੌਰਾਨ ਗੁਰਮੇਜ ਗੇਜੀ, ਰਾਮ ਕੁਮਾਰ ਵਰਮਾ, ਕੁਲਵੰਤ ਕਿਰਤੀ ਤੇ ਹੋਰ ਲੋਕ ਹਾਜ਼ਰ ਸਨ।
