ਕਿਸੇ ਸਮੇਂ ਪੰਜਾਬ ਵਿਚ ਤੂਤੀ ਬੁਲਵਾਉਣ ਵਾਲੇ ਸੂਬੇ ਦੇ ਪੇਂਡੂ ਕਲੱਬ ਹੋਏ ਸੁੰਨੇ

02/11/2023 6:56:05 PM

ਚੰਡੀਗੜ੍ਹ : ਕਿਸੇ ਸਮੇਂ ਪੰਜਾਬ ਵਿਚ ਆਪਣੀ ਤੂਤੀ ਬੁਲਵਾਉਣ ਵਾਲੇ ਸੂਬੇ ਦੇ ਪੇਂਡੂ ਕਲੱਬ ਲਗਭਗ ਠੱਪ ਹੋ ਕੇ ਰਹਿ ਗਏ ਹਨ। ਆਲਮ ਇਹ ਹੈ ਕਿ ਸੂਬੇ ਭਰ ਵਿਚ 14 ਹਜ਼ਾਰ ਕਲੱਬਾਂ ਵਿਚੋਂ ਮਹਿਜ਼ 35 ਫ਼ੀਸਦੀ ਕਲੱਬ ਹੀ ਸਰਗਰਮੀ ਨਾਲ ਕੰਮ ਕਰ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਭਰ ’ਚ ਲਗਭਗ ਨੌਂ ਹਜ਼ਾਰ ਪੇਂਡੂ ਕਲੱਬ ਠੱਪ ਹੋ ਗਏ ਹਨ। ਸਿਰਫ਼ ਪੰਜ ਹਜ਼ਾਰ ਹੀ ਅਜਿਹੇ ਪੇਂਡੂ ਕਲੱਬ ਬਚੇ ਹਨ ਜਿਹੜੇ ਸਰਗਰਮੀ ਨਾਲ ਕੰਮ ਕਰ ਰਹੇ ਹਨ। ਕੋਈ ਸਮਾਂ ਸੀ ਜਦੋਂ ਪੰਜਾਬ ਦੇ ਪਿੰਡਾਂ ਦੇ ਯੁਵਕ ਸੇਵਾਵਾਂ ਕਲੱਬਾਂ ਦੀ ਤੂਤੀ ਬੋਲਦੀ ਸੀ ਪ੍ਰੰਤੂ ਜਦੋਂ ਤੋਂ ਸਿਆਸਤ ਭਾਰੂ ਹੋਈ ਹੈ, ਉਦੋਂ ਤੋਂ ਇਨ੍ਹਾਂ ਪੇਂਡੂ ਕਲੱਬਾਂ ਦੇ ਹਾਲਾਤ ਬਦਤਰ ਹੋ ਗਏ ਹਨ। ਸੂਤਰਾਂ ਮੁਤਾਬਕ ਯੁਵਕ ਸੇਵਾਵਾਂ ਵਿਭਾਗ ਨਾਲ ਕਰੀਬ 14 ਹਜ਼ਾਰ ਕਲੱਬ ਜੁੜੇ ਹੋਏ ਹਨ ਜਿਨ੍ਹਾਂ ਵਿਚੋਂ ਸਿਰਫ਼ 35 ਫ਼ੀਸਦੀ ਕਲੱਬ ਹੀ ਸਰਗਰਮੀ ਦਿਖਾ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੇਪਰਾਂ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ

ਪੰਜਾਬ ਸਰਕਾਰ ਵੱਲੋਂ ਹੁਣ ਇਨ੍ਹਾਂ ਯੁਵਕ ਸੇਵਾਵਾਂ ਕਲੱਬਾਂ ਦੀ ਸ਼ਾਨ ਬਹਾਲੀ ਲਈ ਵਿਉਂਤਬੰਦੀ ਕੀਤੀ ਜਾਣ ਲੱਗੀ ਹੈ। ਵੇਰਵਿਆਂ ਅਨੁਸਾਰ ਪੰਜਾਬ ਦਾ ਮਾਲਵਾ ਖ਼ਿੱਤਾ ਪੇਂਡੂ ਕਲੱਬਾਂ ਦੀ ਸਰਗਰਮੀ ਦਾ ਗੜ੍ਹ ਰਿਹਾ ਹੈ। ਦੁਆਬੇ ਦੇ ਬਹੁਤੇ ਪਿੰਡਾਂ ਵਿਚ ਤਾਂ ਪਹਿਲਾਂ ਹੀ ਇਨ੍ਹਾਂ ਕਲੱਬਾਂ ਲਈ ਨੌਜਵਾਨ ਨਹੀਂ ਲੱਭਦੇ ਸਨ ਕਿਉਂਕਿ ਵਿਦੇਸ਼ ਜਾਣ ਦੀ ਹੋੜ ਨੇ ਪਿੰਡਾਂ ਵਿਚੋਂ ਜਵਾਨੀ ਨੂੰ ਖੰਭ ਲਾ ਦਿੱਤੇ ਸਨ। ਲੰਘੇ ਵੀਹ ਵਰ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਸਮਾਂ ਯੁਵਕ ਸੇਵਾਵਾਂ ਕਲੱਬਾਂ ਲਈ ਖਾਸਾ ਮਾੜਾ ਰਿਹਾ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਦੂਸਰੀ ਪਾਰੀ ਦੇ ਆਖ਼ਰੀ ਵਰ੍ਹਿਆਂ ਵਿਚ ਨਵੀਂ ਪਾਲਿਸੀ ਉਲੀਕ ਦਿੱਤੀ ਸੀ ਜਿਸ ਤਹਿਤ ਹਰ ਪਿੰਡਾਂ ਵਿਚ ਤਿੰਨ ਤਰ੍ਹਾਂ ਦੇ ਕਲੱਬ ਬਣਾਏ ਜਾਣ ਦਾ ਫ਼ੈਸਲਾ ਕੀਤਾ ਸੀ। ਇਕ ਦਸਮੇਸ਼ ਕਲੱਬ, ਦੂਸਰਾ ਮਾਈ ਭਾਗੋ ਕਲੱਬ ਅਤੇ ਤੀਜਾ ਅੰਬੇਡਕਰ ਕਲੱਬ। ਹਜ਼ਾਰਾਂ ਯੁਵਕ ਸੇਵਾਵਾਂ ਕਲੱਬਾਂ ਨੂੰ ਇਨ੍ਹਾਂ ਕਲੱਬਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਉਸ ਵੇਲੇ ਸਿਆਸਤ ਦਾ ਇੰਨਾ ਦਖਲ ਵਧ ਗਿਆ ਸੀ ਕਿ ਅਸਲ ਕਲੱਬਾਂ ਦੇ ਵਾਲੰਟੀਅਰਾਂ ਨੂੰ ਖੂੰਜੇ ਲਗਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਥਾਂ ਪਾਰਟੀ ਵਰਕਰਾਂ ਨੇ ਲੈ ਲਈ। ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਵੀ ਕਰੀਬ ਅੱਠ ਸੌ ਪੇਂਡੂ ਕਲੱਬ ਬਣੇ ਸਨ। ਯੁਵਕ ਸੇਵਾਵਾਂ ਵਿਭਾਗ ਦੀਆਂ ਜੋ ਸਾਲਾਨਾ ਗਤੀਵਿਧੀਆਂ ਸਨ, ਉਹ ਵੀ ਪਿਛਲੇ ਅਰਸੇ ਦੌਰਾਨ ਫ਼ੰਡਾਂ ਦੀ ਕਮੀ ਕਰਕੇ ਠੱਪ ਰਹੀਆਂ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਫ਼ਤਰਾਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਹੁਕਮ

ਪਿਛਲੇ ਦੋ ਵਰ੍ਹਿਆਂ ਦੌਰਾਨ ਇਨ੍ਹਾਂ ਕਲੱਬਾਂ ਨੂੰ ਖੇਡ ਕਿੱਟਾਂ ਵੀ ਨਹੀਂ ਮਿਲੀਆਂ ਹਨ। ਸ਼ਹੀਦੇ ਆਜ਼ਮ ਭਗਤ ਸਿੰਘ ਪੁਰਸਕਾਰ ਕਦੇ ਵੀ ਸਰਕਾਰਾਂ ਨੇ ਸਮੇਂ ਸਿਰ ਨਹੀਂ ਦਿੱਤਾ ਸੀ। ਸਟੱਡੀ ਵੀਜ਼ਾ ਕਰਕੇ ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ ਹਨ , ਇਸ ਕਰਕੇ ਵੀ ਯੁਵਕ ਪੇਂਡੂ ਕਲੱਬਾਂ ਨੂੰ ਖਾਸਾ ਧੱਕਾ ਲੱਗਾ ਹੈ। ਪਰਵਾਸ ਨੇ ਯੂਥ ਕਲੱਬਾਂ ਨੂੰ ਚੋਖੀ ਢਾਹ ਲਾਈ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਵੱਧ ਰਹੇ ਪ੍ਰਭਾਵ ਨੇ ਵੀ ਨੌਜਵਾਨਾਂ ਦੀ ਸਮਾਜ ਸੇਵਾ ’ਚੋਂ ਰੁਚੀ ਘਟਾ ਦਿੱਤੀ ਹੈ। ਪਿੰਡਾਂ ਦੇ ਖੇਡ ਮੈਦਾਨਾਂ ਵਿਚ ਹੁਣ ਨੌਜਵਾਨ ਖੇਡਦੇ ਨਹੀਂ ਬਲਕਿ ਮੋਬਾਈਲਾਂ ’ਤੇ ਰੁੱਝੇ ਵਧੇਰੇ ਵੇਖੇ ਜਾ ਸਕਦੇ ਹਨ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News