ਰੂਪਨਗਰ ਜੇਲ ਅੰਦਰ ਜੇਲ ਵਾਰਡਨ ਹੀ ਕਰ ਰਿਹਾ ਸੀ ਨਸ਼ੇ ਦੀ ਤਸਕਰੀ, ਇੰਝ ਹੋਇਆ ਗ੍ਰਿਫ਼ਤਾਰ

Monday, Jul 27, 2020 - 02:58 PM (IST)

ਰੂਪਨਗਰ ਜੇਲ ਅੰਦਰ ਜੇਲ ਵਾਰਡਨ ਹੀ ਕਰ ਰਿਹਾ ਸੀ ਨਸ਼ੇ ਦੀ ਤਸਕਰੀ, ਇੰਝ ਹੋਇਆ ਗ੍ਰਿਫ਼ਤਾਰ

ਰੂਪਨਗਰ (ਸੱਜਣ ਸੈਣੀ)— ਰੂਪਨਗਰ ਜੇਲ ਦੇ ਇਕ ਵਾਰਡਨ 'ਤੇ ਜੇਲ ਅੰਦਰ ਨਸ਼ੇ ਦੀ ਤਸਕਰੀ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਰੂਪਨਗਰ ਜੇਲ ਅਧਿਕਾਰੀਆਂ ਵੱਲੋਂ ਜੇਲ ਦੇ ਵਾਰਡਨ ਮਨਦੀਪ ਸਿੰਘ ਨੂੰ ਜੇਲ 'ਚ ਇਕ ਕੈਦੀ ਨੂੰ ਨਸ਼ੀਲੀਆਂ ਗੋਲੀਆਂ ਪਹੁੰਚਾਉਣ ਦੇ ਦੇਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਬਾਅਦ ਥਾਣਾ ਸਿਟੀ ਰੂਪਨਗਰ ਵੱਲੋਂ ਜੇਲ ਦੇ ਵਾਰਡਨ ਮਨਦੀਪ ਸਿੰਘ ਅਤੇ ਕੈਦੀ ਸੁਖਵੀਰ ਸਿੰਘ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਭਜੋਤ ਸਿੰਘ ਸਿੱਧੂ ਸਹਾਇਕ ਸੂਪਰਡੈਂਟ ਜ਼ਿਲ੍ਹਾ ਜੇਲ ਰੂਪਨਗਰ ਵੱਲੋਂ ਉਪਰੋਕਤ ਦੋਸ਼ੀਆਂ ਖ਼ਿਲਾਫ਼ ਦਰਜ ਕਰਵਾਏ ਮੁਕੱਦਮੇ 'ਚ ਦਿੱਤੀ ਜਾਣਕਾਰੀ ਮੁਤਾਬਕ ਸ. ਜਸਵੰਤ ਸਿੰਘ ਥਿੰਦ ਸੁਪਰਡੈਂਟ ਸਾਬ੍ਹ, ਵਧੀਕ ਸੂਪਰਡੈਂਟ ਅਤੇ ਡਿਊਟੀ  'ਚ ਤਲਾਸ਼ੀ 'ਤੇ ਤਾਇਨਾਤ ਪੈਸਕੋ ਮੁਲਾਜ਼ਮ ਰਜਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਸਵੇਰੇ ਬਾਹਰੀ ਪੰਜੇ 'ਚ ਕੰਮ ਕਰਨ ਵਾਲੇ ਕੈਦੀ ਸੁਖਵੀਰ ਸਿੰਘ ਪੁੱਤਰ ਰਾਜ ਸਿੰਘ ਜੋ ਕਿ ਜ਼ਿਲ੍ਹਾ ਜੇਲ ਰੂਪਨਗਰ 'ਚ ਬੰਦ ਹੈ, ਇਹ ਜਦੋਂ ਜੇਲ ਲੰਗਰ 'ਚ ਗੈਸ ਸਿਲੰਡਰ ਵਾਲੀ ਰੇਹੜੀ ਨੂੰ ਜੇਲ ਅੰਦਰ ਜਾਣ ਲਈ ਪਾਸ ਕਰਵਾਉਣ ਲੱਗਾ ਤਾ ਉਸ ਵੱਲੋਂ ਲਿਆਂਦੀ ਰੇਹੜੀ ਦੀ ਚੈਕਿੰਗ ਕੀਤੀ ਗਈ।

ਇਸ ਦੌਰਾਨ ਰੇਹੜੀ ਦੇ ਪੈਡਲਾ ਪਾਸ ਬਣੀ ਚੈਸੀ ਵਾਲੀ ਖਾਲੀ ਜਗ੍ਹਾ 'ਚ 10 ਚਿੱਟੇ ਰੰਗ ਦੀਆਂ ਨਸ਼ੀਲ਼ੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਹ ਗੋਲੀਆਂ ਕੈਦੀ ਸੁਖਵੀਰ ਸਿੰਘ ਨੂੰ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਮਨਦੀਪ ਸਿੰਘ ਨੇ ਦਿੱਤੀਆਂ ਸਨ । ਜਿਸ ਦੇ ਬਾਅਦ ਜੇਲ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਰੂਪਨਗਰ ਪੁਲਸ ਵੱਲੋਂ ਜੇਲ ਦੇ ਵਾਰਡਨ ਮਨਦੀਪ ਸਿੰਘ ਅਤੇ ਕੈਦੀ ਸੁਖਵੀਰ ਸਿੰਘ ਪੁੱਤਰ ਰਾਜ ਸਿੰਘ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜੇਲ ਦੇ ਵਾਰਡਨ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਕੈਦੀ ਸੁਖਵੀਰ ਸਿੰਘ ਪਹਿਲਾਂ ਹੀ ਰੂਪਨਗਰ ਜੇਲ 'ਚ ਬੰਦ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News