ਰੂਪਨਗਰ 'ਚ ਕੋਰੋਨਾ ਪੀੜਤ ਪਹਿਲੇ ਮਰੀਜ਼ ਦੀ ਹੋਈ ਮੌਤ
Wednesday, Apr 08, 2020 - 11:36 PM (IST)
ਰੂਪਨਗਰ,(ਸੱਜਣ ਸੈਣੀ) : ਪੰਜਾਬ ਦੇ ਰੂਪਨਗਰ ਦੇ ਪਿੰਡ ਚਿਤਾਮਲੀ 'ਚ ਅੱਜ ਕੋਰੋਨਾ ਵਾਇਰਸ ਪੀੜਤ 55 ਸਾਲ ਦੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਸੀ, ਜਿਸ ਦੌਰਾਨ ਉਸ ਨੂੰ ਪੀ. ਜੀ. ਆਈ. 'ਚ ਰੱਖਿਆ ਗਿਆ ਸੀ, ਜਿਥੇ ਅੱਜ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਰੂਪਨਗਰ 'ਚ ਕੋਰੋਨਾ ਵਾਇਰਸ ਨਾਲ ਇਹ ਪਹਿਲੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਜਿੱਥੇ ਪੂਰੀ ਦੁਨੀਆ 'ਚ ਤਬਾਹੀ ਮਚਾ ਰਿਹਾ ਹੈ, ਉਥੇ ਹੀ ਭਾਰਤ ਦੇ ਲਗਭਗ 27 ਸੂਬੇ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਦੀ ਜਕੜ 'ਚ ਹਨ। ਪੰਜਾਬ 'ਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਪੰਜਾਬ 'ਚ ਹੁਣ ਤੱਕ 101 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ ਇਸ ਨਾਲ ਹੁਣ ਤਕ 9 ਲੋਕਾਂ ਦੀ ਮੌਤ ਹੋ ਚੁਕੀ ਹੈ।
ਕਿਸ ਸ਼ਹਿਰ 'ਚ ਕਿੰਨੇ ਮਰੀਜ਼
ਮੋਹਾਲੀ 'ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਹਨ, ਨਵਾਂਸ਼ਹਿਰ 'ਚ 19 ਪਾਜ਼ੇਟਿਵ ਕੇਸ, ਹੁਸ਼ਿਆਰਪੁਰ 'ਚ 07 ਕੇਸ, ਜਲੰਧਰ 'ਚ 08 ਕੇਸ, ਲੁਧਿਆਣਾ 'ਚ 06 ਕੇਸ, ਅੰਮ੍ਰਿਤਸਰ 'ਚ 10 ਕੇਸ, ਰੋਪੜ 'ਚ 03 ਕੇਸ, ਮਾਨਸਾ 'ਚ 05 ਕੇਸ, ਪਠਾਨਕੋਟ 'ਚ 07 ਕੇਸ, ਮੋਗਾ 'ਚ 04 ਕੇਸ ਅਤੇ ਫਤਿਹਗੜ੍ਹ 'ਚ 02 ਪਾਜ਼ੀਟਿਵ ਕੇਸ ਹੁਣ ਤਕ ਸਾਹਮਣੇ ਆ ਚੁਕੇ ਹਨ। ਇਨ੍ਹਾਂ ਤੋਂ ਇਲਾਵਾ ਪਟਿਆਲਾ, ਬਰਨਾਲਾ ਤੇ ਕਪੂਰਥਲਾ 'ਚ ਇਕ-ਇਕ ਕੇਸ ਅਜੇ ਤਕ ਸਾਹਮਣੇ ਆਇਆ ਹੈ।