ਰੂਪਨਗਰ ਹਲਕੇ ’ਚ ਹੋਵੇਗੀ ਸਖ਼ਤ ਟੱਕਰ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Friday, Feb 18, 2022 - 07:24 PM (IST)

ਰੂਪਨਗਰ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ-50 ਰੂਪਨਗਰ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਅਧੀਨ ਹੀ ਆਉਂਦਾ ਸੀ, ਜਿਸ ਨੂੰ ਕਿ ਸ੍ਰੀ ਆਨੰਦਪੁਰ ਸਾਹਿਬ-ਰੋਪੜ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਸਾਲ 2008 ’ਚ ਹੋਈ ਨਵੀਂ ਹੱਦਬੰਦੀ ਤੋਂ ਬਾਅਦ ਇਸ ਨੂੰ ਵੱਖਰਾ ਕਰਕੇ ਰੂਪਨਗਰ ਦਾ ਨਾਂ ਦਿੱਤਾ ਗਿਆ। ਇਥੇ ਹੋਈਆਂ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ 3 ਵਾਰ, ਕਾਂਗਰਸ ਨੇ ਇਕ ਵਾਰ ਅਤੇ ਆਮ ਆਦਮੀ ਪਾਰਟੀ ਨੇ ਵੀ ਇਕ ਵਾਰ ਜਿੱਤ ਹਾਸਲ ਕੀਤੀ।

1997
ਸਾਲ 1997 ਦੌਰਾਨ ਇਸ ਸੀਟ 'ਤੇ ਅਕਾਲੀ ਦਲ ਨੇ ਜਿੱਤ ਦਾ ਝੰਡਾ ਗੱਡਿਆ। ਅਕਾਲੀ ਦਲ ਦੇ ਉਮੀਦਵਾਰ ਤਾਰਾ ਸਿੰਘ ਨੇ 37878 ਵੋਟਾਂ ਹਾਸਲ ਕੀਤੀਆ। ਤਾਰਾ ਸਿੰਘ ਨੇ ਕਾਂਗਰਸ ਦੇ ਰਮੇਸ਼ ਦੱਤ ਸ਼ਰਮਾ (31834 ਵੋਟਾਂ) ਨੂੰ 6044 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।

2002
ਸਾਲ 2002 'ਚ ਇਸ ਸੀਟ 'ਤੇ ਕਾਂਗਰਸ ਦਾ ਕਬਜ਼ਾ ਰਿਹਾ। ਕਾਂਗਰਸ ਦੇ ਰਮੇਸ਼ ਦੱਤ ਸ਼ਰਮਾ ਨੇ 41950 ਵੋਟਾਂ ਹਾਸਲ ਕਰਦੇ ਹੋਏ ਅਕਾਲੀ ਦਲ ਦੇ ਤਾਰਾ ਸਿੰਘ (29268 ਵੋਟਾਂ) ਨੂੰ 12682 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।

2007
ਸਾਲ 2007 'ਚ ਇਸ ਸੀਟ 'ਤੇ ਮੁੜ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਦੇ ਸੰਤ ਅਜੀਤ ਸਿੰਘ ਨੇ 47810 ਵੋਟਾਂ ਹਾਸਲ ਕੀਤੀਆਂ ਅਤੇ ਕਾਂਗਰਸ ਦੇ ਰਮੇਸ਼ ਦੱਤ ਸ਼ਰਮਾ (37912 ਵੋਟਾਂ) ਨੂੰ 9898 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।

2012
ਸਾਲ 2012 'ਚ ਇਹ ਸੀਟ ਰੂਪਨਗਰ ਸੀਟ ਬਣ ਗਈ। ਸਾਲ 2012 'ਚ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ 41595 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਰੋਮੇਸ਼ ਦੱਤ ਸ਼ਰਮਾ (32713 ਵੋਟਾਂ) ਨੂੰ 8882 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਦਲਜੀਤ ਸਿੰਘ ਚੀਮਾ ਅਕਾਲੀ ਦਲ ਦੀ ਸਰਕਾਰ ਵਿੱਚ ਸਿੱਖਿਆ ਮੰਤਰੀ ਵੀ ਰਹੇ ਹਨ।

2017
ਸਾਲ 2017 'ਚ ਇੱਥੇ ਪਹਿਲੀ ਵਾਰ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਗੱਡਿਆ। ਆਮ ਆਦਮੀ ਦੇ ਅਮਰਜੀਤ ਸਿੰਘ ਸੰਦੋਆ ਨੇ ਇਸ ਸੀਟ 'ਤੇ ਜਿੱਤ ਹਾਸਲ ਕਰਦੇ ਹੋਏ 58994 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਕਾਂਗਰਸ ਦੇ ਬਰਿੰਦਰ ਸਿੰਘ ਢਿੱਲੋਂ (35287 ਵੋਟਾਂ) ਨੂੰ 23707 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ।ਇਸ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਡਾ.ਦਲਜੀਤ ਸਿੰਘ ਚੀਮਾ 31903 ਵੋਟਾਂ ਲੈ ਕੇ ਤੀਸਰੇ ਨੰਬਰ 'ਤੇ ਰਹੇ।

 


ਸਾਲ 2022 ਦੀਆਂ ਚੋਣਾਂ ਦੌਰਾਨ ਇਸ ਸੀਟ 'ਤੇ ਕਾਂਗਰਸ ਵੱਲੋਂ ਬਰਿੰਦਰ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ 2017 ਵਿੱਚ ਜੇਤੂ ਰਹੇ ਅਮਰਜੀਤ ਸਿੰਘ ਸੰਦੋਆ, ਜੋ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸਨ ਅਤੇ ਫਿਰ 'ਆਪ' ਵਿੱਚ ਵਾਪਸ ਆ ਗਏ ਸਨ, ਦੀ ਟਿਕਟ ਕੱਟ ਕੇ ਦਿਨੇਸ਼ ਚੱਢਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ ਵੱਲੋਂ ਦਵਿੰਦਰ ਸਿੰਘ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਕਬਾਲ ਸਿੰਘ ਲਾਲਪੁਰਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਇਸ ਸੀਟ 'ਤੇ ਵੋਟਰਾਂ ਦੀ ਕੁੱਲ ਗਿਣਤੀ 183115 ਹੈ, ਜਿਨ੍ਹਾਂ 'ਚ 88136 ਪੁਰਸ਼, 94972 ਔਰਤਾਂ ਅਤੇ 7 ਥਰਡ ਜੈਂਡਰ ਹਨ।


Manoj

Content Editor

Related News