ਮੋਟਰਸਾਈਕਲ ਲੁਟੇਰਿਆਂ ਨੇ ਖੋਹੀ ਐਕਟਿਵਾ ਸਵਾਰ ਮਹਿਲਾ ਦੀ ਚੈਨ
Monday, Nov 04, 2019 - 10:28 AM (IST)

ਰੂਪਨਗਰ (ਸੱਜਣ ਸੈਣੀ) - ਰੂਪਨਗਰ ਪੁਲਸ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦੇ ਸ਼ਹਿਰ 'ਚ ਲਗਾਤਾਰ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ । ਤਾਜ਼ਾ ਮਾਮਲਾ ਰੂਪਨਗਰ ਦੇ ਬੇਲਾ ਚੌਕ ਨਜ਼ਦੀਕ ਪੈਂਦੇ ਦਸ਼ਮੇਸ਼ ਨਗਰ ਦਾ ਸਾਹਮਣੇ ਆਇਆ ਹੈ, ਜਿੱਥੇ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਇਕ ਐਕਟਿਵਾ ਸਵਾਰ ਮਹਿਲਾ ਦੀ ਸੋਨੇ ਦੀ ਚੇਨ ਝਪਟ ਕੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪੀੜਤ ਮਹਿਲਾ ਗੀਤਾ ਵਾਸਨ ਪਤਨੀ ਪ੍ਰਵੀਨ ਵਾਸਨ ਸਬਜ਼ੀ ਮੰਡੀ 'ਚ ਸਥਿਤ ਆਪਣੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੋਂ ਐਕਟਿਵਾ ਰਾਹੀਂ ਘਰ ਜਾ ਰਹੀ ਸੀ। ਘਰ ਨੇੜੇ ਮਲਹੋਤਰਾ ਕਾਲੋਨੀ ਦੀ ਗਲੀ ਨੰਬਰ-9 'ਚ ਦਾਖ਼ਲ ਹੁੰਦਿਆਂ ਪਲਸਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਸ ਨਾਲ ਹੱਥੋਪਾਈ ਕਰਦਿਆਂ ਗਲ 'ਚ ਪਾਈ ਸੋਨੇ ਦੀ ਚੇਨ ਝਪਟ ਲਈ ਅਤੇ ਫਰਾਰ ਹੋ ਗਏ। ਕੁਝ ਲੋਕਾਂ ਨੇ ਝਪਟਮਾਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਆਏ।
ਉਕਤ ਵਾਰਦਾਤ ਇਕ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ ਦੇ ਆਧਾਰ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਫੁਟੇਜ਼ ਦੀ ਮਦਦ ਨਾਲ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਔਰਤ ਗੀਤਾ ਵਾਸਨ ਨੇ ਦੱਸਿਆ ਕਿ ਉਸ ਦਾ ਦੋ ਤੋਲੇ ਸੋਨਾ ਲੁੱਟਿਆ ਗਿਆ ਹੈ, ਜਿਸ 'ਚ ਡੇਢ ਤੋਲੇ ਦੀ ਚੇਨ ਅਤੇ ਅੱਧਾ ਤੋਲੇ ਦਾ ਲਾਕੇਟ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਨਾ ਕਰਨ।