ਖੇਡ ਰਤਨ ਪੰਜਾਬ ਦੇ : 'ਰੂਪਾ ਸੈਣੀ' ਹਾਕੀ ਦੀ ਉਹ ਖਿਡਾਰੀ ਜਿੰਨ੍ਹੇ ਆਪਣੀ ਤਕਦੀਰ ਆਪ ਲਿਖੀ
Sunday, May 10, 2020 - 01:43 PM (IST)
Mother day special :
ਨਵਦੀਪ ਸਿੰਘ ਗਿੱਲ
ਆਰਟੀਕਲ-3
ਭਾਰਤੀ ਮਹਿਲਾ ਹਾਕੀ ਦਾ ਇਤਿਹਾਸ ਦੇਖਿਆ ਜਾਵੇ ਤਾਂ ਫਰੀਦਕੋਟ ਦੀਆਂ ਸੈਣੀ ਭੈਣਾਂ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਹੋਇਆ ਹੈ। ਇਕੋਂ ਸਮੇਂ ਤਿੰਨ ਸੈਣੀ ਭੈਣਾਂ (ਪ੍ਰੇਮਾ, ਰੂਪਾ ਤੇ ਕ੍ਰਿਸ਼ਨਾ) ਭਾਰਤੀ ਹਾਕੀ ਟੀਮ ਦਾ ਸ਼ਿੰਗਾਰ ਰਹੀਆਂ ਹਨ। ਚੌਥੀ ਭੈਣ ਸਵਰਨਾ ਸੈਣੀ ਅਥਲੈਟਿਕਸ ਵਿਚ ਕੌਮੀ ਪੱਧਰ ਦੀ ਅਥਲੀਟ ਰਹੀ ਹੈ। ਬਚਪਨ ਵਿਚ ਰੋਟੀ ਨੂੰ ਵੀ ਮੁਥਾਜ ਦਰਜਾ ਚਾਰ ਕਰਮਚਾਰੀ ਦੇ ਪਰਿਵਾਰ ਦੀਆਂ ਚਾਰੇ ਧੀਆਂ ਆਪਣੀ ਮਿਹਨਤ, ਲਗਨ ਨਾਲ ਕਲਾਸ ਵਨ ਅਫਸਰ ਬਣੀਆਂ। ਦੋ ਧੀਆਂ ਨੂੰ ਤਾਂ ਭਾਰਤੀ ਹਾਕੀ ਦੀ ਕਪਤਾਨੀ ਕਰਨ ਦਾ ਮਾਣ ਮਿਲਿਆ। ਕੱਚੀਆਂ ਇੱਟਾਂ ਦੇ ਇਕ ਕਮਰੇ ਦਾ ਘਰ ਤੋਂ ਉਠ ਕੇ ਭਾਰਤੀ ਹਾਕੀ ਦੀ ਕਪਤਾਨੀ ਕਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਛੋਟੇ ਹੁੰਦਿਆਂ ਉਨ੍ਹਾਂ ਦੇ ਪਰਿਵਾਰ ਨੂੰ ਇਕ ਜੱਗ ਲੱਸੀ ਦੇ ਵਾਸਤੇ ਲੋਕਾਂ ਦੇ ਘਰਾਂ ਵਿਚ ਕੰਮ ਕਰਨਾ ਪੈਂਦਾ ਸੀ। ਚਾਰਾਂ ਭੈਣਾਂ ਦੀ ਖੇਡਾਂ ਨੂੰ ਦੇਣ ਭੁਲਾਈ ਨਹੀਂ ਜਾ ਸਕਦੀ। ਇਹ ਪਰਿਵਾਰ ਦੀ ਮਿਹਨਤ ਅਤੇ ਪਿਤਾ ਦੀ ਸੋਚ ਹੀ ਸੀ ਜਿਸ ਨੇ ਚਾਰੇ ਧੀਆਂ ਨੂੰ ਪੜ੍ਹਾਇਆ ਅਤੇ ਖੇਡਾਂ ਵਿਚ ਭਾਰਤ ਦੀ ਅਗਵਾਈ ਕਰਨ ਦੇ ਕਾਬਲ ਬਣਾਇਆ।
ਰੂਪਾ ਸੈਣੀ ਆਪਣੇ ਪਿਤਾ ਅਤੇ ਭੈਣਾਂ ਨਾਲ
ਪੰਜਾਬ ਦੇ ਇਕ ਛੋਟੇ ਜਿਹੇ ਸ਼ਹਿਰ ਫਰੀਦਕੋਟ ਦੇ ਆਮ ਪਰਿਵਾਰ ਦੀਆਂ ਚਾਰੋਂ ਭੈਣਾਂ ਨੇ ਆਪਣੀ ਖੇਡ ਕਾਬਲੀਅਤ ਦੇ ਸਿਰ 'ਤੇ ਕੌਮਾਂਤਰੀ ਪੱਧਰ ਉਪਰ ਜੱਸ ਖੱਟਿਆ। ਜੇਕਰ ਇਕੱਲੀ ਰੂਪਾ ਸੈਣੀ ਦੀ ਗੱਲ ਕਰੀਏ ਤਾਂ ਉਸ ਨੂੰ ਮਾਣ ਹੈ ਕਿ ਉਹ ਓਲੰਪਿਕ ਖੇਡਾਂ ਵਿਚ ਕਪਤਾਨੀ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਹਾਕੀ ਖਿਡਾਰਨ ਹੈ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਪਹਿਲੀ ਵਾਰ ਓਲੰਪਿਕਸ ਵਿਚ ਹਿੱਸਾ ਲੈਣਾ ਦਾ ਮੌਕਾ ਮਿਲਿਆ ਅਤੇ ਇਸ ਟੀਮ ਦੀ ਕਪਤਾਨ ਰੂਪਾ ਸੈਣੀ ਸੀ। 11 ਸਾਲ ਕੌਮਾਂਤਰੀ ਹਾਕੀ ਖੇਡਣ ਵਾਲੀ ਰੂਪਾ ਨੇ ਭਾਰਤ ਵਲੋਂ 230 ਮੈਚ ਖੇਡੇ ਅਤੇ ਓਲੰਪਿਕਸ, ਵਿਸ਼ਵ ਕੱਪ ਸਮੇਤ ਤਿੰਨ ਵੱਡੇ ਮੁਕਾਬਲਿਆਂ ਵਿਚ ਦੇਸ਼ ਦੀ ਕਪਤਾਨੀ ਵੀ ਕੀਤੀ। ਵੀਹ ਸਾਲ ਦੀ ਛੋਟੀ ਉਮਰੇ ਅਰਜੁਨਾ ਐਵਾਰਡ ਬਣਨ ਵਾਲੀ ਰੂਪਾ ਸੈਣੀ ਨੂੰ ਪੜ੍ਹਾਈ ਤੇ ਸਿੱਖਿਆ ਦੋਵਾਂ ਖੇਤਰਾਂ ਵਿਚ ਵੱਡੇ ਰੁਤਬੇ ਅਤੇ ਕਈ ਮਾਣ-ਸਨਮਾਨ ਮਿਲੇ। ਪਿਤਾ ਨੂੰ ਮਾਣ-ਸਨਮਾਨ ਦਿਵਾਉਣ ਲਈ ਹੀ ਮੁਕਾਮ ਹਾਸਲ ਕਰਨ ਦਾ ਟੀਚਾ ਧਾਰਿਆ।
ਰੂਪਾ ਸੈਣੀ ਗਜ਼ਬ ਦੀ ਖਿਡਾਰਨ ਹੋਈ ਹੈ। 6-7 ਵਰ੍ਹਿਆਂ ਦੀ ਖੇਡ ਮੈਦਾਨ ਨਾਲ ਜੁੜ ਗਈ। 10ਵੀਂ ਕਲਾਸ ਵਿਚ ਹੀ ਪੜ੍ਹਦਿਆਂ ਉਸ ਨੇ ਭਾਰਤੀ ਹਾਕੀ ਟੀਮ ਵਿਚ ਜਗ੍ਹਾਂ ਬਣਾ ਲਈ। 14 ਵਰ੍ਹਿਆਂ ਦੀ ਉਮਰੇ ਉਸ ਨੇ ਕੌਮੀ ਪੱਧਰ 'ਤੇ ਪੈਪਸੂ ਦੀ ਕਪਤਾਨੀ ਕੀਤੀ ਅਤੇ 16 ਵਰ੍ਹਿਆਂ ਦੀ ਬਾਲੜੀ ਉਮਰੇ ਉਸ ਨੂੰ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਮਿਲਿਆ। ਦੁਨੀਆਂ ਭਾਵੇਂ ਉਸ ਨੂੰ ਹਾਕੀ ਖਿਡਾਰਨ ਵਜੋਂ ਜਾਣਦੀ ਹੈ ਪਰ ਤਕੜੇ ਜੁੱਸੇ ਅਤੇ ਅਥਾਹ ਸਰੀਰਕ ਸਮਰੱਥਾ ਕਾਰਨ ਅਥਲੈਟਿਕਸ ਅਤੇ ਵਾਲੀਬਾਲ ਵਿਚ ਵੀ ਉਹ ਕੌਮੀ ਪੱਧਰ 'ਤੇ ਮੱਲਾਂ ਮਾਰ ਚੁੱਕੀ ਹੈ। ਸਟੈਮਿਨਾ ਅਤੇ ਸਰੀਰ ਵਿਚ ਜਾਨ ਹੋਣ ਕਾਰਨ ਉਹ ਲੰਬੀਆਂ ਦੌੜਾਂ ਦੀ ਦੌੜਾਕ ਅਤੇ ਥਰੋਅਰ ਵੀ ਰਹੀ। ਇਹ ਸੈਣੀ ਭੈਣਾਂ ਦੀ ਖੇਡਾਂ ਦੀ ਲਗਨ ਹੀ ਸੀ, ਜਿੱਥੇ ਚਾਰ ਭੈਣਾਂ ਵਿਚੋਂ ਤਿੰਨ ਭੈਣਾਂ (ਪ੍ਰੇਮਾ, ਰੂਪਾ ਤੇ ਕ੍ਰਿਸ਼ਨਾ) ਨੇ ਭਾਰਤੀ ਹਾਕੀ ਦੀ ਅਗਵਾਈ ਕੀਤੀ। ਤਿੰਨ ਭੈਣਾਂ (ਰੂਪਾ, ਕ੍ਰਿਸ਼ਨਾ ਤੇ ਸਵਰਨਾ) ਇਕੋ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਾਲੀਬਾਲ ਟੀਮ ਦੀਆਂ ਅਹਿਮ ਖਿਡਾਰਨਾਂ ਰਹੀਆਂ, ਜਿਨ੍ਹਾਂ ਨੇ 1972-73 ਵਿਚ ਲਗਾਤਾਰ ਦੋ ਸਾਲ ਅੰਤਰ 'ਵਰਸਿਟੀ ਚੈਂਪੀਅਨਸ਼ਿਪ ਜਿੱਤੀ। ਚਾਰੇ ਭੈਣਾਂ ਨੂੰ ਯੂਨੀਵਰਸਿਟੀ ਗੋਲਡ ਮੈਡਲ ਹਾਸਲ ਕਰਨ ਦਾ ਮਾਣ ਹੈ।
2002 ਦੀਆਂ ਮਾਨਚੈਸਟਰ ਰਾਸ਼ਟਰਮੰਡਲ ਖੇਡਾਂ ’ਚੋਂ ਸੋਨੇ ਦਾ ਤਮਗਾ ਜਿੱਤਣ ਤੋਂ ਬਾਅਦ ਦੀ ਤਸਵੀਰ
ਰੂਪਾ ਸੈਣੀ ਸਭ ਤੋਂ ਛੋਟੀ ਅਤੇ ਸਭ ਤੋਂ ਵੱਧ ਕਮਾਲਾਂ ਕਰਨ ਵਾਲੀ ਖਿਡਾਰਨ ਰਹੀ ਹੈ। ਛੋਟੀ ਉਮਰੇ ਖੇਡਾਂ ਨਾਲ ਜੁੜ ਗਈ। ਤਿੰਨ ਖੇਡਾਂ ਵਿਚ ਕੌਮੀ ਪੱਧਰ ਇਕੋ ਜਿਹੀ ਮੁਹਾਰਤ ਹਾਸਲ ਕੀਤੀ। ਹਾਕੀ ਖੇਡਦਿਆਂ ਓਲੰਪਿਕਸ ਵਿਚ ਕਪਤਾਨੀ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਖੇਡ ਛੱਡੀ ਤਾਂ ਪੜ੍ਹਾਈ ਵਿਚ ਵੀ ਓਲੰਪਿਕਸ ਜਿੰਨੀ ਪ੍ਰਾਪਤੀ ਹਾਸਲ ਕੀਤੀ। ਸਰਕਾਰੀ ਸਰੀਰਕ ਸਿੱਖਿਆ ਕਾਲਜ ਪਟਿਆਲਾ ਤੋਂ ਐੱਮ.ਏ. ਕੀਤੀ ਅਤੇ ਫੇਰ ਪੜ੍ਹਾਈ ਦੀ ਸਭ ਤੋਂ ਵੱਡੀ ਡਿਗਰੀ ਪੀ.ਐੱਚ.ਡੀ. ਹਾਸਲ ਕੀਤੀ। ਖਿਡਾਰਨ ਵਜੋਂ ਜਿੱਥੇ ਉਸ ਨੇ ਸਿਖਰਾਂ ਛੂਹੀਆਂ। ਸਿੱਖਿਆ ਖੇਤਰ ਵਿਚ ਐਡਹਾਕ ਲੈਕਚਰਾਰ ਤੋਂ ਹੁੰਦੇ ਹੋਏ ਬਰਜਿੰਦਰਾ ਕਾਲਜ ਫਰੀਦਕੋਟ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਚ ਲੈਕਚਰਾਰ, ਕਪੂਰਥਲਾ ਕਾਲਜ ਵਿਚ ਪ੍ਰਿੰਸੀਪਲ ਤੱਕ ਸਫਰ ਅਤੇ ਫੇਰ ਸਿੱਖਿਆ ਵਿਭਾਗ ਵਿਚ ਖੇਡਾਂ ਦੇ ਸਭ ਤੋਂ ਉਚੇ ਅਹੁਦੇ ਡਿਪਟੀ ਡਾਇਰੈਕਟਰ (ਫਿਜ਼ੀਕਲ ਐਜੂਕੇਸ਼ਨ) ਤੱਕ ਮੁਕਾਮ ਹਾਸਲ ਕੀਤਾ। ਖਿਡਾਰਨ ਦਾ ਸਫਰ ਜਿੱਥੋਂ ਛੱਡਿਆ ਬਤੌਰ ਕੋਚ/ਮੈਨੇਜਰ ਉਸ ਤੋਂ ਵੱਡੀ ਪੁਲਾਂਘ ਪੁੱਟੀ। 1998 ਤੋਂ 2002 ਵਿਚ ਭਾਰਤੀ ਹਾਕੀ ਟੀਮ ਨਾਲ ਜੁੜੀ ਅਤੇ ਇਹ ਦੌਰ ਭਾਰਤੀ ਮਹਿਲਾ ਹਾਕੀ ਲਈ ਸੁਨਹਿਰੀ ਬਣ ਗਿਆ। ਇਸ ਸਮੇਂ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਨੇ 1998 ਵਿਚ ਬੈਂਕਾਕ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਮਗਾ ਅਤੇ 2002 ਦੀਆਂ ਮਾਨਚੈਸਟਰ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਿਆ।
ਰੂਪਾ ਸੈਣੀ ਦੇ ਅਜਿਹੇ ਸੁਪਨਮਈ ਖੇਡ ਜੀਵਨ ਨੂੰ ਦੇਖ ਕੇ ਲੱਗਦਾ ਹੋਵੇਗਾ ਕਿ ਉਹ ਕਿਸੇ ਵੱਡੇ ਖੇਡ ਪਰਿਵਾਰ ਵਿਚ ਜਨਮੀ ਹੋਵੇਗੀ, ਜਿੱਥੇ ਉਸ ਨੂੰ ਜੰਮਦੀ ਨੂੰ ਵੱਡੀਆਂ ਸੁੱਖ ਸਹੂਲਤਾਂ ਅਤੇ ਉਤਮ ਦਰਜੇ ਦੀ ਕੋਚਿੰਗ ਮਿਲੀ ਹੋਵੇਗੀ। ਰੂਪਾ ਸੈਣੀ ਦਾ ਜਨਮ ਫਰੀਦਕੋਟ ਵਿਚ 2 ਸਤੰਬਰ 1954 ਨੂੰ ਹੋਇਆ। ਰੂਪਾ ਸੈਣੀ ਅਜਿਹੀ ਗੋਦੜੀ ਦੀ ਲਾਲ ਹੈ, ਜਿਸ ਨੇ ਗੁਰਬਤ ਵਿਚ ਜਨਮ ਲਿਆ। ਉਸ ਦੇ ਪਿਤਾ ਨੱਥੂ ਰਾਮ ਦਰਜਾ ਚਾਰ ਮੁਲਾਜ਼ਮ ਸਨ ਅਤੇ ਉਸ ਸਮੇਤ ਚਾਰੋਂ ਭੈਣਾਂ ਦਾ ਬਚਪਨ ਬਰਜਿੰਦਰਾ ਕਾਲਜ ਫਰੀਦਕੋਟ ਦੇ ਖੇਡ ਮੈਦਾਨਾਂ ਨਾਲ ਲੱਗਦੇ ਛੋਟੇ ਜਿਹੇ ਕੁਆਟਰ ਵਿੱਚ ਗੁਜ਼ਰਿਆ। ਪਰ ਇਹ ਜ਼ਿੰਦਗੀ ਉਸ ਲਈ ਸਰਾਪ ਨਹੀਂ ਸਗੋਂ ਵਰਦਾਨ ਸਾਬਤ ਹੋਈ। ਜੇਕਰ ਉਹ ਚਾਂਦੀ ਦਾ ਚਮਚਾ ਮੂੰਹ ਵਿਚ ਲੈ ਕੇ ਜੰਮੀ ਹੁੰਦੀ ਤਾਂ ਸ਼ਾਇਦ ਅੱਜ ਉਸ ਦਾ ਜ਼ਿਕਰ ਵੀ ਨਾ ਹੁੰਦਾ। ਰੂਪਾ ਸੈਣੀ ਅਤੇ ਉਸ ਦੇ ਤਿੰਨੇ ਭੈਣਾਂ ਲਈ ਉਸ ਦੇ ਪਿਤਾ ਦਾ ਕੁਆਟਰ ਹੀ ਉਨ੍ਹਾਂ ਦੀ ਖੇਡ ਦੀ ਪਹਿਲੀ ਹੀ ਸਿਖਲਾਈ ਸੰਸਥਾ ਬਣ ਗਈ ਕਿਉਂਕਿ ਉਸ ਦੇ ਕੁਆਟਰ ਸਾਹਮਣੇ ਹਾਕੀ ਦਾ ਘਾਹ ਵਾਲਾ ਮੈਦਾਨ ਜਿੱਥੇ ਸਾਰਾ ਦਿਨ ਮੁੰਡੇ ਹਾਕੀ ਖੇਡਦੇ ਹੁੰਦੇ ਸਨ।
ਖੇਡ ’ਚ ਜਿਤ ਹਾਸਲ ਕਰਨ ਮਗਰੋਂ ਮਿਲੇ ਸਨਮਾਨਿਤ ਚਿੰਨ
ਰੂਪਾ ਹੁਰੀਂ ਚਾਰੋਂ ਭੈਣਾਂ ਆਪਣਾ ਸਮਾਂ ਗੁਜ਼ਾਰਨ ਲਈ ਕੁਆਟਰ ਦੇ ਬਾਹਰ ਬੋਹੜ ਦੇ ਦਰੱਖਤ ਥੱਲੇਂ ਬੈਠੀਆਂ ਹਾਕੀ ਖੇਡਦੇ ਮੁੰਡਿਆਂ ਨੂੰ ਦੇਖਦੀਆਂ ਰਹਿੰਦੀਆਂ। ਰੂਪਾ ਸੈਣੀ ਨੇ ਮੁੰਡਿਆਂ ਨੂੰ ਹਾਕੀ ਸਿਖਾਉਂਦੇ ਦੇਖ-ਦੇਖ ਕੇ ਹੀ ਹਾਕੀ ਸਿੱਖਣੀ। ਦਰਖੱਤਾਂ ਦੀਆਂ ਟਾਹਣੀਆਂ ਨੂੰ ਤੋੜ ਕੇ ਖੁੰਡੀ ਰੂਪੀ ਹਾਕੀ ਬਣਾਉਣੀ ਅਤੇ ਲੀਰਾਂ ਦੀ ਖੂੰਦੋ ਬਣਾ ਕੇ ਉਸ ਨਾਲ ਖੇਡੀ ਜਾਣ। ਮੁੰਡਿਆਂ ਦੇ ਕੋਚ ਨੂੰ ਨਿੱਕੀ ਰੂਪਾ ਸੈਣੀ ਦੀ ਹਾਕੀ ਪ੍ਰਤੀ ਲਗਨ ਨਜ਼ਰ ਆਈ ਤਾਂ ਉਸ ਨੇ ਖੇਡਣ ਦੇ ਗੁਰ ਸਿਖਾਉਣੇ ਸ਼ੁਰੂ ਕੀਤੇ ਅਤੇ ਮੁੰਡਿਆਂ ਦੀਆਂ ਪੁਰਾਣੀਆਂ ਹਾਕੀਆਂ ਖੇਡਣ ਲਈ ਦੇਣੀ ਉਸ ਵੇਲੇ ਕੋਚ ਦੀ ਹੱਲਾਸ਼ੇਰੀ ਅਤੇ ਹੌਸਲਾ ਅਫਜ਼ਾਈ ਬਹੁਤ ਕੰਮ ਆਈ।
6ਵੀਂ ਜਮਾਤ ਵਿਚ ਪੜ੍ਹਦਿਆਂ ਆਪਣੀਆਂ ਵੱਡੀਆ ਭੈਣਾਂ ਨੂੰ ਖੇਡਦਿਆਂ ਦੇਖ ਕੇ ਉਸ ਦਾ ਰੁਝਾਨ ਹਾਕੀ ਵੱਲ ਹੋ ਗਿਆ। ਇਥੋਂ ਹੀ ਉਨ੍ਹਾਂ ਨੂੰ ਹਾਕੀ ਖੇਡਣ ਦੀ ਅਜਿਹੀ ਚੇਟਕ ਲੱਗੀ ਕਿ ਉਨ੍ਹਾਂ ਨੇ ਇਸ ਖੇਡ ਵਿਚ ਸਿਖਰਲਾ ਸਥਾਨ ਜਾ ਮੱਲਿਆ। ਚਾਰੋਂ ਭੈਣਾਂ ਨਾ ਦਿਨ ਦੇਖਦੀਆਂ ਅਤੇ ਨਾ ਹੀ ਰਾਤ। ਨਾ ਹੀ ਧੁੱਪ ਅਤੇ ਨਾ ਹੀ ਛਾਂ, ਇਕ ਜਾਨੂੰਨ ਵਾਂਗ ਘਰ ਦੇ ਸਾਹਮਣੇ ਹਾਕੀ ਮੈਦਾਨ ਵਿਚ ਹਾਕੀ ਚੁੱਕੀ ਗੇਂਦ ਨੂੰ ਗੋਲਾਂ ਵੱਲ ਮਾਰਦੀਆਂ ਰਹਿੰਦੀਆਂ। ਇਸੇ ਹੱਡ ਭੰਨਵੀਂ ਮਿਹਨਤ ਨੇ ਰੂਪਾ ਨੂੰ ਭਾਰਤ ਦੀ ਨੰਬਰ ਇਕ ਸੈਂਟਰ ਹਾਫ ਖਿਡਾਰਨ ਬਣਾਇਆ। ਉਹ ਮਿਡਫੀਲਡ ਵਿਚ ਖੇਡਦੀ ਹੋਈ ਜਿੱਥੇ ਫਾਰਵਰਡਾਂ ਨਾਲ ਮਿਲ ਕੇ ਵਿਰੋਧੀ ਟੀਮ ਵੱਲ ਗੋਲ ਕਰ ਆਉਂਦੀ ਉਤੇ ਡਿਫੈਂਸ ਨਾਲ ਮੋਢੇ ਨਾਲ ਮੋਢਾ ਜੁੜ ਕੇ ਵਿਰੋਧੀ ਹਮਲਿਆਂ ਨੂੰ ਨਾਕਾਮ ਬਣਾਉਂਦੀ। ਰੂਪਾ ਸੈਣੀ ਤੋਂ ਵੱਡੀ, ਉੱਚੀ ਅਤੇ ਦੂਰੀ ਦੀ ਸਕੂਪ ਹੁਣ ਤੱਕ ਕਿਸੇ ਖਿਡਾਰਨ ਤੋਂ ਨਹੀਂ ਲੱਗੀ।
ਉਹ ਆਪਣੀ 25 ਗਜ਼ ਤੋਂ ਗੇਂਦ ਨੂੰ ਸਕੂਪ ਕਰਦੀ ਸਿੱਧਾ ਵਿਰੋਧੀ ਖੇਮੇ ਵਿਚ ਆਪਣੀਆਂ ਖੱਬੇ ਤੇ ਸੱਜੇ ਵਿੰਗਰ ਦੀਆਂ ਖਿਡਾਰਨਾਂ ਨੂੰ ਅਜਿਹੀ ਪਰੋਸ ਕੇ ਪਾਸ ਦਿੰਦੀ ਕਿ ਵਿਰੋਧੀ ਟੀਮ ਸਿਰ ਗੋਲ ਹੋਣ ਤੋਂ ਬਾਅਦ ਹੀ ਗੋਲ ਆਉਂਦੀ। ਰੂਪਾ ਸੈਣੀ ਪੈਨਲਟੀ ਕਾਰਨਰ ਮੌਕੇ ਵੀ ਆਪਣੀ ਇਸ ਕਾਬਲੀਅਤ ਸਦਕਾ ਗੋਲ ਕਰ ਦਿੰਦੀ ਸੀ।
ਟੀਮ ਨਾਲ ਹਾਕੀ ਖੇਡਗੀ ਹੋਈ ਰੂਪਾ ਸੈਣੀ
ਰੂਪਾ ਸੈਣੀ ਦੀ ਸਭ ਤੋਂ ਵੱਡੀ ਭੈਣ ਪ੍ਰੇਮਾ ਸੈਣੀ ਪਹਿਲਾਂ ਖੇਡਣ ਲੱਗ ਗਈ ਸੀ। ਉਸ ਵੇਲੇ ਰੂਪਾ 6-7 ਵਰ੍ਹਿਆਂ ਦੀ ਸੀ। ਉਸ ਵੇਲੇ ਜਦੋਂ ਪ੍ਰੇਮਾ ਦਾ ਨਾਂ ਅਖਬਾਰਾਂ ਵਿਚ ਆਉਣ ਲੱਗਿਆ ਤਾਂ ਰੂਪਾ ਨੂੰ ਇਸ ਤੋਂ ਵੱਡੀ ਪ੍ਰੇਰਨਾ ਮਿਲੀ। ਘਰ ਦੀ ਗੁਰਬਤ ਕਾਰਨ ਹੀ ਖੇਡਾਂ ਉਸ ਦਾ ਜਾਨੂੰਨ ਬਣ ਗਈਆਂ। ਪਿਤਾ ਨੇ ਚਾਰੇ ਧੀਆਂ ਨੂੰ ਦੁੱਧ ਪਿਆਉਣ ਲਈ ਘਰੇ ਗਾਂ ਰੱਖੀ ਹੁੰਦੀ ਸੀ ਅਤੇ ਗਰੀਬੀ ਦੇ ਬਾਵਜੂਦ ਕਦੇ ਵੀ ਉਹ ਦੁੱਧ ਵੇਚਦੇ ਨਹੀਂ ਸਨ। ਜਦੋਂ ਗਾਂ ਦੁੱਧ ਦੇਣਾ ਬੰਦ ਕਰਦੀ ਤਾਂ ਪਰਿਵਾਰ ਨੂੰ ਦੁੱਧ ਤਾਂ ਕੀ ਸਗੋਂ ਲੱਸੀ ਦੇ ਵੀ ਲਾਲੇ ਪੈਂ ਜਾਂਦੇ। ਰੂਪਾ ਸੈਣੀ ਦੱਸਦੀ ਹੈ ਕਿ ਉਦੋਂ ਉਨ੍ਹਾਂ ਦਾ ਪਰਿਵਾਰ ਬਰਜਿੰਦਰਾ ਕਾਲਜ ਨੇੜਲੇ ਹਰਿੰਦਰਾ ਨਗਰ ਵਿਚ ਸਰਦਾਰਾਂ ਦੇ ਘਰਾਂ ਤੋਂ ਲੱਸੀ ਦਾ ਜੱਗ ਮੰਗਣ ਬਦਲੇ ਉਨ੍ਹਾਂ ਲਈ ਹੈਂਡ ਪੰਪ ਤੋਂ ਪਾਣੀ ਭਰਨਾ ਪੈਂਦਾ। ਫੇਰ ਕਿਤੇ ਜਾ ਕੇ ਲੱਸੀ ਦਾ ਜੱਗ ਮਿਲਣ। ਚਾਰੇ ਭੈਣਾਂ ਨੇ ਲੱਸੀ ਦੇ ਗਲਾਸ ਨਾਲ ਇਕ-ਇਕ ਬਾਜਰੇ ਦੀ ਰੋਟੀ ਖਾ ਕੇ ਸਕੂਲ ਜਾਣਾ। ਸਕੂਲ ਜਾਣ ਲਈ ਕੱਪੜੇ ਵੀ ਮਸਾਂ ਜੁੜਦੇ ਸਨ। ਜੇ ਕਿਤੇ ਕੋਈ ਕੱਪੜਾ ਫਟ ਜਾਣਾ ਤਾਂ ਉਨ੍ਹਾਂ ਦੇ ਕੱਪੜੇ ਨੂੰ ਅੰਦਰੋਂ ਟਾਕੀ ਲਾ ਤੇ ਸਿਉਂ ਦੇਣਾ।
ਰੂਪਾ ਸੈਣੀ ਦੱਸਦੀ ਹੈ ਕਿ 1965 ਵਿੱਚ ਪ੍ਰਤਿਭਾ ਦੀ ਖੋਜ ਪ੍ਰੋਗਰਾਮ ਤਹਿਤ ਫਰੀਦਕੋਟ ਵਿਖੇ ਖੇਡ ਵਿੰਗ ਦੀ ਸ਼ੁਰੂਆਤ ਹੋਈ। ਜਿਸ ਵੀ ਖਿਡਾਰੀ ਜਾਂ ਖਿਡਾਰਨ ਦੀ ਇਸ ਵਿੰਗ ਲਈ ਚੋਣ ਹੋ ਜਾਂਦੀ ਸੀ, ਉਸ ਨੂੰ ਡਾਈਟ ਵਿੱਚ ਮੁਫਤ ਦੁੱਧ ਅਤੇ ਹੋਰ ਖੁਰਾਕ ਮਿਲਦੀ ਸੀ। ਇਹੋ ਦੁੱਧ ਪੀਣ ਦਾ ਲਾਲਚ ਰੂਪਾ ਸੈਣੀ ਨੂੰ ਖੇਜਾਂ ਵੱਲ ਲੈ ਆਇਆ। ਰੂਪਾ ਸੈਣੀ ਦੱਸਦੀ ਹੈ ਕਿ ਉਨ੍ਹਾਂ ਦੇ ਪਿਤਾ ਜੀ ਚਾਰੇ ਕੁੜੀਆਂ ਦੀਆਂ ਪੜ੍ਹਾਈ ਲਈ ਫੀਸ ਮੁਆਫੀ ਵਾਸਤੇ ਪ੍ਰਿੰਸੀਪਲ ਦੀਆਂ ਝਿੜਕਾਂ ਖਾਣੀਆਂ ਪੈਣੀਆਂ। ਪ੍ਰਿੰਸੀਪਲ ਬੋਲਦਾ ਸੀ, ''ਨੱਥੂ ਰਾਮ ਇਕ ਕੁੜੀ ਦੀ ਫੀਸ ਮੁਆਫ ਤਾਂ ਠੀਕ ਹੈ ਪਰ ਚਾਰੇ ਕੁੜੀਆਂ ਦੀ ਕਿਵੇਂ ਫੀਸ ਮੁਆਫ ਕਰਾਂ।'' ਉਸ ਵੇਲੇ ਪਿਤਾ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੇ ਹੀ ਨਿੱਕੀ ਰੂਪਾ ਸੈਣੀ ਦੇ ਅੰਦਰ ਕੁਝ ਕਰ ਗੁਜ਼ਰਨ ਦਾ ਇਰਾਦਾ ਪੱਕਾ ਕੀਤਾ। ਉਸ ਵੇਲੇ ਉਨ੍ਹਾਂ ਦੇ ਪਿਤਾ ਦੀ ਭਾਵੇਂ ਤਨਖਾਹ 60 ਰੁਪਏ ਹੋ ਗਈ ਸੀ ਪਰ ਸਕੂਲ ਦੇ ਨਾਲ ਹੋਰ ਖਰਚਿਆਂ ਕਾਰਨ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ।
ਭਾਰਤ ਦੇ ਤੱਤਕਾਲੀ ਰਾਸ਼ਟਰਪਤੀ ਨੀਲਮ ਸੰਜੀਵਾ ਰੈਡੀ ਰੂਪਾ ਸੈਣੀ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਤ ਕਰਦੇ ਹੋਏ
ਖੇਡਾਂ ਵਿਚ ਦੇਸ਼ ਦੀ ਕਪਤਾਨ ਰਹੀ ਰੂਪਾ ਸੈਣੀ ਦੀ ਪਹਿਲੀ ਪਹਿਲ ਪੜ੍ਹਾਈ ਸੀ, ਫੇਰ ਖੇਡਾਂ ਸਨ। ਉਹ ਪੜ੍ਹਾਈ ਵਿੱਚ ਸਦਾ ਮੋਹਰੀ ਰਹੀ ਅਤੇ ਅੱਠਵੀਂ ਤੱਕ ਫਰੀਦਕੋਟ ਜ਼ਿਲੇ ਵਿੱਚੋਂ ਅੱਵਲ ਆਉਂਦੀ ਸੀ। ਰੂਪਾ ਸੈਣੀ ਨੇ ਬੀ.ਏ. ਤੱਕ ਦੀ ਪੜ੍ਹਾਈ ਫਰੀਦਕੋਟ ਵਿਚ ਹੀ ਕੀਤੀ। ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੀ ਬਿਹਤਰੀਨ ਖਿਡਾਰਨ ਹੋਣ ਕਾਰਨ ਉਸ ਨੂੰ ਕਾਲਜ ਵੱਲੋ ਰੋਲ ਆਫ ਆਨਰ ਦਿੱਤਾ ਗਿਆ। 1971 ਤੋ 1975 ਤੱਕ ਉਹਨੇ ਪੰਜਾਬੀ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। 1975 ਵਿਚ ਉਹ ਪੰਜਾਬੀ ਯੂਨੀਵਰਸਿਟੀ ਹਾਕੀ ਟੀਮ ਦੀ ਕਪਤਾਨੀ ਕੀਤੀ। ਇਹ ਟੀਮ ਅੰਤਰ 'ਵਰਸਿਟੀ ਵਿੱਚ ਦੂਜੇ ਸਥਾਨ 'ਤੇ ਆਈ। ਵਾਲੀਬਾਲ ਵਿੱਚ ਵੀ ਉਹ ਅੰਤਰ 'ਵਰਸਿਟੀ ਚੈਂਪੀਅਨ ਬਣੀ। ਇਹ ਉਹ ਵੇਲਾ ਸੀ ਜਦੋਂ ਅੰਤਰ 'ਵਰਸਿਟੀ ਮੁਕਾਬਲਿਆਂ ਦਾ ਪੱਧਰ ਕੌਮੀ ਚੈਂਪੀਅਨਸ਼ਿਪ ਨਾਲੋਂ ਘੱਟ ਨਹੀਂ ਸੀ। ਉਸ ਵੇਲੇ ਸੰਯੁਕਤ ਯੂਨੀਵਰਸਿਟੀ ਦੀ ਟੀਮ ਵੱਲੋਂ ਖੇਡਣਾ ਕੌਮੀ ਟੀਮ ਖੇਡਣ ਦੇ ਬਰਾਬਰ ਸੀ।
ਰੂਪਾ ਸੈਣੀ ਨੇ 1968 ਵਿਚ 14 ਵਰ੍ਹਿਆਂ ਦੀ ਉਮਰੇ ਪੈਪਸੂ ਦੀ ਟੀਮ ਵੱਲੋਂ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। 1969 ਵਿਚ ਜੂਨੀਅਰ ਕੌਮੀ ਚੈਂਪੀਅਨ ਬਣੀ ਪੈਪਸੂ ਦੀ ਟੀਮ ਵਿੱਚ ਰੂਪਾ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। 16 ਵਰ੍ਹਿਆਂ ਦੀ ਉਮਰੇ ਉਹ ਕੌਮਾਂਤਰੀ ਪੱਧਰ ਦੀ ਖਿਡਾਰਨ ਬਣ ਗਈ ਜਦੋਂ ਉਸ ਨੂੰ 1970 ਵਿਚ ਜਪਾਨ ਦੇ ਐਕਸ ਪੋ ਕੌਮਾਂਤਰੀ ਹਾਕੀ ਟੂਰਨਾਮੈਂਟ ਖੇਡਣ ਲਈ ਭਾਰਤੀ ਟੀਮ ਵਿੱਚ ਚੁਣਿਆ ਗਿਆ ਜਿਸ ਵਿੱਚ ਭਾਰਤੀ ਟੀਮ ਚੈਂਪੀਅਨ ਬਣੀ। ਆਪਣੀ ਭੈਣ ਪ੍ਰੇਮਾ ਸੈਣੀ ਦੀ ਕਪਤਾਨੀ ਵਿੱਚ ਸੈਂਟਰ ਹਾਫ ਦੀ ਪੁਜੀਸ਼ਨ 'ਤੇ ਖੇਡਦਿਆਂ ਉਸ ਦੀ ਖੇਡ ਬਹੁਤ ਸਲਾਹੁਤਾ ਹੋਈ। ਉਸ ਤੋਂ ਬਾਅਦ ਉਹ 1970-71 ਵਿੱਚ ਭਾਰਤ ਦੌਰੇ 'ਤੇ ਆਈ ਯੂਗਾਂਡਾ ਦੀ ਹਾਕੀ ਟੀਮ ਵਿਰੁੱਧ ਖੇਡੀ। ਚਾਰ ਟੈਸਟ ਮੈਚਾਂ ਦੀ ਲੜੀ ਭਾਰਤ ਨੇ 4-0 ਨਾਲ ਜਿੱਤੀ। ਇਸ ਤੋਂ ਬਾਅਦ ਚੱਲ ਸੋ ਚੱਲ ਸੀ। ਰੂਪਾ ਸੈਣੀ ਇਕ ਦਹਾਕਾ ਭਾਰਤੀ ਹਾਕੀ ਟੀਮ ਦੀ ਜਿੰਦਜਾਨ ਰਹੀ। ਇਥੋਂ ਸ਼ੁਰੂ ਹੋਇਆ ਸਫਰ ਉਸ ਨੂੰ ਭਾਰਤ ਦੀ ਪਹਿਲੀ ਓਲੰਪਿਕਸ ਵਿੱਚ ਕਪਤਾਨੀ ਤੱਕ ਲੈ ਗਿਆ। 1971 ਵਿਚ ਉਹ ਨਿਊਜੀਲੈਂਡ ਵਿਖੇ ਹਾਕੀ ਦਾ ਕੌਮਾਂਤਰੀ ਟੂਰਨਾਮੈਂਟ ਖੇਡਣ ਗਈ।
ਆਪਣੇ ਪਰਿਵਾਰ ਦੇ ਨਾਲ ਰੂਪਾ ਸੈਣੀ
ਇਸ ਟੀਮ ਦੀ ਕਪਤਾਨ ਰੂਪਾ ਦੀ ਵੱਡੀ ਭੈਣ ਪ੍ਰੇਮਾ ਸੈਣੀ ਸੀ। ਟੀਮ ਨੇ ਸੱਤਵਾਂ ਸਥਾਨ ਹਾਸਲ ਕੀਤਾ। 1974 ਵਿਚ ਫਰਾਂਸ ਵਿਖੇ ਹੋਏ ਪਹਿਲੇ ਵਿਸ਼ਵ ਕੱਪ ਵਿੱਚ ਉਸ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਵਿਸ਼ਵ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਹੁਣ ਤੱਕ ਆਪਣੇ ਇਤਿਹਾਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ। ਭਾਰਤੀ ਟੀਮ ਸੈਮੀ ਫਾਈਨਲ ਤੱਕ ਪੁੱਜੀ ਅਤੇ ਕਾਂਸੀ ਦੇ ਤਮਗੇ ਵਾਲੇ ਮੈਚ ਵਿੱਚ ਅਰਜਨਟੀਨਾ ਹੱਥੋਂ 0-1 ਨਾਲ ਹਾਰ ਕੇ ਚੌਥੇ ਸਥਾਨ 'ਤੇ ਰਹਿ ਗਈ।
1975 ਵਿਚ ਦੁਬਾਰਾ ਉਸ ਨੂੰ ਸਕਾਟਲੈਂਟ ਵਿਖੇ ਮਿੰਨੀ ਵਿਸ਼ਵ ਚੈਂਪੀਅਨਸ਼ਿਪ ਖੇਡਣ ਦਾ ਮੌਕਾ ਮਿਲਿਆ ਜਿਸ ਵਿਚ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। 1976 ਵਿਚ ਮਦਰਾਸ ਵਿਖੇ ਬੇਗਮ ਰਸੂਲ ਟਰਾਫੀ ਕੌਮਾਂਤਰੀ ਟੂਰਨਾਮੈਂਟ ਖੇਡਿਆ। ਰੂਪਾ ਸੈਣੀ ਦੀ ਖੇਡ ਸਦਕਾ ਇਹ ਟੂਰਨਾਮੈਂਟ ਭਾਰਤੀ ਦੀ ਝੋਲੀ ਪਿਆ। 1978 ਵਿੱਚ ਮੈਡਰਿਡ (ਸਪੇਨ) ਵਿਖੇ ਤੀਜੇ ਵਿਸ਼ਵ ਕੱਪ ਵਿੱਚ ਰੂਪਾ ਸੈਣੀ ਨੂੰ ਪਹਿਲੀ ਵਾਰ ਭਾਰਤੀ ਟੀਮ ਦੀ ਕਪਤਾਨੀ ਦਾ ਮੌਕਾ ਮਿਲਿਆ। ਵਿਸ਼ਵ ਕੱਪ ਵਿੱਚ ਗਿੱਟੇ ਦੀ ਸੱਟ ਕਾਰਨ ਉਹ ਆਪਣੀ ਖੇਡ ਦੀ ਛਾਪ ਨਾ ਛੱਡ ਸਕੀ। 1979 ਵਿਚ ਕੈਨੇਡਾ ਵਿਖੇ ਹੋਏ ਵਿਸ਼ਵ ਕੱਪ ਵਿੱਚ ਉਸ ਨੂੰ ਦੁਬਾਰਾ ਭਾਰਤੀ ਟੀਮ ਦੀ ਕਪਤਾਨੀ ਕਰਨਾ ਦਾ ਮੌਕਾ ਮਿਲਿਆ। ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਸੱਤਵੇਂ ਸਥਾਨ 'ਤੇ ਆਈ ਜਿਸ ਸਦਕਾ ਭਾਰਤੀ ਮਹਿਲਾ ਹਾਕੀ ਟੀਮ ਨੂੰ 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਦਾਖਲਾ ਮਿਲਿਆ। ਇਹ ਪਹਿਲਾ ਮੌਕਾ ਸੀ ਜਦੋਂ ਓਲੰਪਿਕਸ ਵਿੱਚ ਮਹਿਲਾ ਹਾਕੀ ਟੀਮ ਨੂੰ ਸ਼ਾਮਲ ਕੀਤਾ ਗਿਆ ਅਤੇ ਭਾਰਤੀ ਮਹਿਲਾ ਹਾਕੀ ਟੀਮ ਵੀ ਮਾਸਕੋ ਓਲੰਪਿਕਸ ਦਾ ਹਿੱਸਾ ਬਣੀ। ਰੂਪਾ ਸੈਣੀ ਨੇ ਮਾਸਕੋ ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਕੇ ਆਪਣਾ ਨਾਂ ਮਹਿਲਾ ਹਾਕੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਵਾਇਆ।
ਰੂਪਾ ਸੈਣੀ ਦੀ ਪੁਰਾਣੀ ਤਸਵੀਰ
ਮਾਸਕੋ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ 1979 ਵਿਚ ਵਿਸ਼ਵ ਚੈਂਪੀਅਨਸ਼ਿਪ ਵਾਲੀ ਕਿੱਟ ਨਾਲ ਹੀ ਹਿੱਸਾ ਲਿਆ। ਅੱਜ ਵਾਂਗ ਕੋਈ ਨਵੀਂ ਨਕੋਰ ਕਿੱਟ ਨਹੀਂ ਮਿਲੀ। ਰੂਪਾ ਸੈਣੀ ਕਪਤਾਨ ਸੀ। ਓਲੰਪਿਕ ਖੇਡਾਂ ਦੀ ਮਹੱਤਤਾ ਨੂੰ ਦੇਖਦਿਆਂ ਉਸ ਨੇ ਸਾਰੀ ਟੀਮ ਤੋਂ ਇਕ-ਇਕ ਰੂਬਲ (ਰੂਸ ਦੀ ਕਰੰਸੀ) ਇਕੱਠੀ ਕੀਤੀ ਤਾਂ ਜੋ ਕਿੱਟਾਂ ਉਪਰ ਖੇਡਾਂ ਦਾ ਲੋਗੋ ਮੀਸਾ ਲਗਾਇਆ ਜਾ ਸਕੇ। ਰੂਪਾ ਸੈਣੀ ਨੇ ਕਦੇ ਵੀ ਆਪਣੇ ਸੂਬੇ ਅਤੇ ਦੇਸ਼ ਦਾ ਨਿਰਾਦਰ ਨਹੀਂ ਹੋਣ ਦਿੱਤਾ। ਨਾ ਹੀ ਕਿਤੇ ਕਿਸੇ ਸੁੱਖ ਸਹੂਲਤ ਦੀ ਘਾਟ ਦਾ ਹੋ-ਹੱਲਾ ਕੀਤਾ ਅਤੇ ਨਾ ਹੀ ਇਨਾਮ ਰਾਸ਼ੀ ਲਈ ਮੰਗ ਕੀਤੀ। ਉਹ ਸਬਰ, ਸੰਤੋਖ ਵਾਲ ਖਿਡਾਰਨ ਸੀ।
ਮਾਸਕੋ ਓਲੰਪਿਕਸ ਵਿੱਚ ਵਿਚ ਰੂਪਾ ਸੈਣੀ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਆਸਟਰੀਆ ਨੂੰ 2-0 ਅਤੇ ਪੋਲੈਂਡ ਨੂੰ 4-0 ਗੋਲਾਂ ਨਾਲ ਹਰਾਇਆ। ਭਾਰਤੀ ਟੀਮ ਨੂੰ ਚੈਕੋਸਲਵਾਕੀਆਂ ਹੱਥੋਂ 1-2 ਅਤੇ ਰੂਸ ਦੀ ਟੀਮ ਹੱਥੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿੰਬਾਬਵੇ ਦੀ ਟੀਮ ਨਾਲ ਮੈਚ 1-1 ਦੀ ਬਰਾਬਰੀ 'ਤੇ ਰਹਿ ਗਿਆ। ਭਾਰਤੀ ਟੀਮ ਚੌਥੇ ਸਥਾਨ 'ਤੇ ਰਹਿਣ ਕਾਰਨ ਤਮਗੇ ਤੋਂ ਵਾਂਝੀ ਗਈ। ਭਾਰਤੀ ਟੀਮ ਨੇ ਜਿਸ ਜ਼ਿੰਬਾਬਵੇ ਨੂੰ ਬਰਾਬਰੀ 'ਤੇ ਡੱਕਿਆ, ਉਹੀ ਟੀਮ ਸੋਨ ਤਮਗਾ ਜਿੱਤਣ ਵਿੱਚ ਸਫਲ ਹੋਈ। ਓਲੰਪਿਕ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ ਅਤੇ ਇਹ ਭਾਰਤੀ ਹਾਕੀ ਟੀਮ ਦਾ ਓਲੰਪਿਕ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਮਾਸਕੋ ਉਪਰੰਤ ਭਾਰਤੀ ਮਹਿਲਾ ਹਾਕੀ 36 ਵਰ੍ਹਿਆਂ ਬਾਅਦ 2016 ਦੀਆਂ ਰੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਈ।
ਰੂਪਾ ਸੈਣੀ ਆਪਣੀ ਟੀਮ ਦੇ ਨਾਲ ਇੰਦਰਾ ਗਾਂਧੀ ਨਾਲ ਤਸਵੀਰ ਕਰਵਾਉਂਦੀ ਹੋਈ
ਰੂਪਾ ਸੈਣੀ ਦਾ ਮੰਨਣਾ ਹੈ ਕਿ ਖੇਡਾਂ ਵਿੱਚ ਪ੍ਰਾਪਤੀ ਲਈ ਅਨੁਸ਼ਾਸਣ, ਸਖਤ ਮਿਹਨਤ ਅਤੇ ਲਗਨ ਸਭ ਤੋਂ ਜ਼ਰੂਰੀ ਹੁੰਦਾ ਹੈ। ਖੇਡਾਂ ਅਤੇ ਪੜ੍ਹਾਈ ਨੂੰ ਬਰਾਬਰ ਰੱਖ ਕੇ ਦੋਵਾਂ ਖੇਤਰਾਂ ਵਿਚ ਮੱਲਾ ਮਾਰੀਆਂ ਜਾ ਸਕਦੀਆਂ ਹਨ। ਖੇਡ ਸਹੂਲਤਾਂ ਦੇ ਸਿਰ 'ਤੇ ਹੀ ਮੱਲਾਂ ਨਹੀਂ ਮਾਰੀਆਂ ਜਾ ਸਕਦੀਆਂ। ਰੂਪਾ ਸੈਣੀ ਆਪਣੇ ਪਿਤਾ ਵੱਲੋਂ ਮਿਲੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ਦੀ ਸਫਲਤਾ ਦਾ ਰਾਜ਼ ਮੰਨਦੀ ਹੈ। ਰੂਪਾ ਸੈਣੀ ਨੇ ਆਪਣੀ ਜ਼ਿੰਦਗੀ ਵਿੱਚ ਸ਼ੰਘਰਸ਼ ਬਹੁਤ ਕੀਤਾ। ਫਰੀਦਕੋਟ ਵਰਗੇ ਸ਼ਹਿਰ ਵਿੱਚ ਮੁੰਡਿਆਂ ਦੇ ਬਰਾਬਰ ਹਾਕੀ ਖੇਡੀ। ਉਹ ਕਹਿੰਦੀ ਹੈ ਕਿ ਉਸ ਵੇਲੇ ਕੋਈ ਵੀ ਲੜਕੀ ਹਾਕੀ ਨਹੀਂ ਖੇਡਦੀ ਸੀ ਜਿਸ ਕਾਰਨ ਉਸ ਅੱਜ ਦੀਆਂ ਕੁੜੀਆਂ ਵਾਂਗ ਨਿੱਕਰ ਜਾਂ ਟੀ-ਸ਼ਰਟ ਵਿੱਚ ਨਹੀਂ ਬਲਕਿ ਸੂਟ ਪਾ ਕੇ ਖੇਡਦੀ ਹੁੰਦੀ ਸੀ। ਸਵੇਰੇ ਚਾਰ ਵਜੇ ਉੱਠ ਕੇ ਖੇਡਣਾ ਉਸ ਦਾ ਨਿਤਨੇਮ ਰਿਹਾ। ਕੁਝ ਵੀ ਹੋ ਜਾਵੇ, ਉਸ ਨੇ ਆਪਣੀ ਪ੍ਰੈਕਟਿਸ ਵਿੱਚ ਵਿਘਨ ਨਹੀਂ ਪੈਣ ਦਿੱਤਾ। ਪ੍ਰੋ. ਗੁਰਬਚਨ ਸਿੰਘ ਅਤੇ ਕੋਚ ਅਮਰੀਕਾ ਸਿੰਘ ਕੋਲੋਂ ਹਾਸਲ ਕੀਤੀ ਤਾਲੀਮ ਉਸ ਦੀ ਖੇਡ ਪੰਜੀ ਰਹੀ ਜਿਸ ਨੇ ਉਸ ਨੂੰ ਓਲੰਪਿਕ ਦੀ ਕਪਤਾਨੀ ਤੱਕ ਪਹੁੰਚਾਇਆ।
ਰੂਪਾ ਸੈਣੀ ਕਹਿੰਦੀ ਹੈ ਕਿ ਉਸ ਦੇ ਪਿਤਾ ਚਾਹੇ ਦਰਜਾ ਚਾਰ ਮੁਲਾਜ਼ਮ ਸਨ ਪਰ ਉਨ੍ਹਾਂ ਨੇ ਕਦੇ ਵੀ ਚਾਰੇ ਭੈਣਾਂ ਦੀ ਪੜ੍ਹਾਈ ਅਤੇ ਖੇਡਾਂ ਦੇ ਰਾਸਤੇ ਵਿੱਚ ਰੁਕਾਵਟ ਨਹੀਂ ਆਉਣ ਦਿੱਤੀ। ਉਹ ਦੱਸਦੀ ਹੈ ਕਿ ਉਸ ਦੇ ਪਿਤਾ ਜੀ ਦਾ ਇਕੋ ਕਹਿਣਾ ਸੀ ਕਿ ਪੜ੍ਹਾਈ ਵਿੱਚ ਕਿਤੇ ਫੇਲ੍ਹ ਨਹੀਂ ਹੋਣਾ ਅਤੇ ਨਾ ਹੀ ਕਿਸੇ ਤੋਂ ਕੋਈ ਲਾਂਭਾ ਲੈ ਕੇ ਆਉਣਾ। ਇਹ ਦੋਵੇਂ ਸਬਕ ਚਾਰੋਂ ਭੈਣਾਂ ਨੇ ਆਪਣੇ ਲੜ ਬੰਨ੍ਹੇ। ਰੂਪਾ ਸੈਣੀ ਵਿੱਚ ਇਮਾਨਦਾਰੀ ਵੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਕ ਵਾਰ ਕਾਲਜ ਦੀ ਲੈਕਚਰਾਰ ਹੁੰਦਿਆਂ ਉਸ ਨੇ ਖੇਡ ਫੰਡ ਵਿੱਚੋਂ ਬਚਿਆ ਇਕ ਰੁਪਈਆ ਜਦੋਂ ਕਲਰਕ ਨੂੰ ਮੋੜਿਆ ਤਾਂ ਉਸ ਨੂੰ ਮਾਖੌਲ ਕਰਨ ਲੱਗੇ ਪਰ ਉਸ ਦਾ ਕਹਿਣਾ ਸੀ ਕਿ ਇਮਾਨਦਾਰੀ ਇਕ ਰੁਪਏ ਦੀ ਵੀ ਉਨ੍ਹੀ ਹੀ ਹੁੰਦੀ ਹੈ ਜਿੰਨ੍ਹੀ ਲੱਖਾਂ ਜਾਂ ਕਰੋੜਾਂ ਰੁਪਏ ਦੀ। ਉਹ ਸਿਖਰਲੇ ਦਰਜੇ ਦੀ ਖਿਡਾਰਨ ਹੋਣ ਦੇ ਨਾਲ ਇਕ ਆਦਰਸ਼ ਅਧਿਆਪਕ, ਕੁਸ਼ਲ ਪ੍ਰਸ਼ਾਸਕ ਅਤੇ ਬਿਹਤਰ ਇਨਸਾਨ ਵੀ ਹੈ।
ਹਾਕੀ ਦੇ ਮੈਦਾਨ ’ਚ ਰੂਪਾ ਸੈਣੀ
ਰੂਪਾ ਸੈਣੀ ਨੇ ਓਲੰਪਿਕ ਖੇਡਾਂ ਸਮੇਤ ਤਿੰਨ-ਤਿੰਨ ਵਿਸ਼ਵ ਚੈਂਪੀਅਨਸ਼ਿਪ ਅਤੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੈ। ਉਸ ਵੇਲੇ ਅੱਜ ਦੇ ਸਮੇਂ ਵਾਂਗ ਮਹਿਲਾ ਹਾਕੀ ਵਿੱਚ ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ਜਾਂ ਏਸ਼ੀਆ ਕੱਪ ਨਹੀਂ ਹੁੰਦੇ ਸਨ, ਨਹੀਂ ਤਾਂ ਰੂਪਾ ਸੈਣੀ ਦੀਆਂ ਖੇਡ ਪ੍ਰਾਪਤੀਆਂ ਦਾ ਹਿਸਾਬ ਕਰਨਾ ਔਖਾ ਹੋ ਜਾਣਾ ਸੀ। ਰੂਪਾ ਸੈਣੀ ਨੂੰ ਖੇਡਾਂ ਵਿੱਚ ਪ੍ਰਪਾਤੀਆਂ ਬਦਲੇ ਢੇਰਾਂ ਮਾਣ-ਸਨਮਾਨ ਅਤੇ ਪੁਰਸਕਾਰ ਮਿਲੇ। ਕਾਲਜ ਕਲਰ ਤੋਂ ਯੂਨੀਵਰਸਿਟੀ ਕਲਰ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਤੋਂ ਅਰਜੁਨਾ ਐਵਾਰਡ ਤੱਰ ਪੁਰਸਕਾਰ ਹਾਸਲ ਕੀਤੇ। ਉਸ ਦੀਆਂ ਖੇਡ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ 1979 ਉਸ ਨੂੰ ਅਰਜੁਨਾ ਐਵਾਰਡ ਨਾਲ ਸਨਮਾਨਿਆ। ਉਸ ਵੇਲੇ ਉਹ ਵੀਹ ਵਰ੍ਿਹਆਂ ਦੀ ਸੀ। 1978-79 ਵਿੱਚ ਹੀ ਪੰਜਾਬ ਸਰਕਾਰ ਨੇ ਅਰਜੁਨਾ ਐਵਾਰਡ ਦੀ ਤਰਜ਼ 'ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਸ਼ੁਰੂ ਕੀਤੀ। ਪਹਿਲਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਮਾਰੋਹ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਕਰਵਾਇਆ ਗਿਆ। ਰੂਪਾ ਸੈਣੀ ਨੂੰ ਪਹਿਲੇ ਹੀ ਸਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਉਸ ਵੇਲੇ ਰੂਪਾ ਸੈਣੀ ਦੇਸ਼ ਦੇ ਚੋਟੀ ਦੇ ਖਿਡਾਰੀਆਂ ਵਿੱਚੋਂ ਇਕ ਸੀ ਅਤੇ ਉਸ ਐਵਾਰਡ ਸਮਾਰੋਹ ਵਿੱਚ ਖੇਡ ਪ੍ਰੇਮੀਆਂ ਲਈ ਰੂਪਾ ਸੈਣੀ ਪ੍ਰਤੀ ਖਿੱਚ ਕਿਸੇ ਫਿਲਮੀ ਸਿਤਾਰੇ ਤੋਂ ਘੱਟ ਨਹੀਂ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ ਖੇਡ ਪ੍ਰਾਪਤੀਆਂ ਬਦਲੇ ਗੋਲਡ ਮੈਡਲ ਨਾਲ ਸਨਮਾਨਿਆ। ਮਿੰਨੀ ਓਲੰਪਿਕਸ ਵਜੋਂ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਚਾਰੇ ਸੈਣੀ ਭੈਣਾਂ ਨੂੰ ਉਸ ਦੇ ਪਿਤਾ ਨਾਲ ਸਨਮਾਨਤ ਕੀਤਾ। ਇਕ ਬਾਪ ਲਈ ਇਸ ਤੋਂ ਵੱਡਾ ਕੋਈ ਮਾਣ ਨਹੀਂ ਹੋ ਸਕਦਾ ਕਿ ਉਸ ਦੀਆਂ ਚਾਰ ਕਾਬਲ ਧੀਆਂ ਕਾਰਨ ਉਨ੍ਹਾਂ ਦੇ ਨਾਲ ਸਨਮਾਨਿਆ ਜਾਵੇ। ਨਿਸ਼ਾਨ-ਏ-ਖਾਲਸਾ, 'ਗਰੇਚ ਡੌਟਰਜ਼ ਆਫ ਇੰਡੀਆ' (ਭਾਰਤ ਦੀਆਂ ਮਹਾਨ ਧੀਆਂ' ਜਿਹੇ ਕਈ ਮਾਣ-ਸਨਮਾਨ ਰੂਪਾ ਸੈਣੀ ਨੂੰ ਮਿਲ ਚੁੱਕੇ ਹਨ।
ਖੇਡ ਦੌਰਾਨ ਰੂਪਾ ਨੂੰ ਮਿਲੇ ਭਾਰਤੀ ਹਾਕੀ ਦੇ ਬੈਚ
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਪ੍ਰਿੰਸੀਪਲ ਵਜੋਂ ਸੇਵਾ ਮੁਕਤ ਹੋਣ ਤੋਂ ਬਾਅਦ ਰੂਪਾ ਸੈਣੀ ਹੁਣ ਪਟਿਆਲਾ ਰਹਿ ਰਹੀ ਹੈ। ਉਸ ਦੇ ਪਤੀ ਅਤਰ ਸਿੰਘ ਬਡਵਾਲ ਭਾਰਤੀ ਹਵਾਈ ਸੈਨਾ ਵਿੱਚ ਵਿੰਗ ਕਮਾਂਡਰ ਰਹੇ ਹਨ। ਉਨ੍ਹਾਂ ਦੇ ਲੜਕਾ ਡਾ. ਜਸਪ੍ਰੀਤ ਸਿੰਘ ਸੈਣੀ ਨੇ ਮਾਸਟਰ ਆਫ ਡੈਂਟਲ ਸਰਜਰੀ ਕਰਨ ਤੋਂ ਬਾਅਦ ਔਨਕੋਲੋਜਿਕ ਹੈਡ ਐਂਡ ਨੈਕ ਸਰਜਰੀ ਦਾ ਹਾਲੈਂਡ ਤੋਂ ਐਡਵਾਂਸ ਕੋਰਸ ਕਰ ਕੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਡੀਆਂ ਸਿਹਤ ਸੰਸਥਾਵਾਂ ਵਿੱਚ ਸੇਵਾ ਨਿਭਾਈਆਂ। ਲੜਕੀ ਡਾ. ਕੁਲਰੂਪ ਕੌਰ ਨੇ ਸਪੋਰਟਸ ਮੈਡੀਸਨ ਵਿੱਚ ਐਮ.ਡੀ. ਕੀਤੀ ਜੋ ਅੱਜ-ਕੱਲ੍ਹ ਕੈਨੇਡਾ ਸੈਟਲ ਹੈ। ਰੂਪਾ ਸੈਣੀ ਭਾਰਤੀ ਮਹਿਲਾ ਹਾਕੀ ਦਾ ਸੁਨਹਿਰੀ ਹਸਤਾਖਰ ਹੈ ਜਿਹੜੀ ਨਾ ਸਿਰਫ ਪੰਜਾਬ ਬਲਕਿ ਦੇਸ਼ ਭਰ ਵਿੱਚ ਲੱਖਾਂ ਕੁੜੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੀ। ਰੂਪਾ ਸੈਣੀ ਦਾ ਸਮੁੱਚਾ ਖੇਡ ਜੀਵਨ ਉਸ ਵੱਲੋਂ ਘਾਲੀ ਘਾਲਣਾ ਦਾ ਹੀ ਫਲ ਹੈ ਜਿੱਥੇ ਉਸ ਨੇ ਗੁਰਬਤ ਦੇ ਬਾਵਜੂਦ ਆਪਣੇ ਜਾਨੂੰਨ, ਲਗਨ ਅਤੇ ਮਿਹਨਤ ਕਰਕੇ ਹੀ ਮੰਜ਼ਿਲਾਂ ਸਰ ਕੀਤੀਆਂ।
ਪੜ੍ਹੋ ਪਹਿਲਾਂ ਆਰਟੀਕਲ - ਖੇਡ ਰਤਨ ਪੰਜਾਬ ਦੇ : ਲੀਵਿੰਗ ਲੀਜੈਂਡ ਆਫ ਹਾਕੀ ‘ਬਲਬੀਰ ਸਿੰਘ ਸੀਨੀਅਰ’
ਪੜ੍ਹੋ ਦੂਜਾ ਆਰਟੀਕਲ - ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’