ਯੂਕ੍ਰੇਨ 'ਚ ਫਸੀ ਰੁਚਿਕਾ ਸ਼ਰਮਾ ਬੰਕਰ 'ਚ ਰਹਿ ਕੇ ਭਾਰਤ ਪਰਤਣ ਦੀ ਕਰ ਰਹੀ ਉਡੀਕ
Friday, Feb 25, 2022 - 08:36 PM (IST)
ਫਿਰੋਜ਼ਪੁਰ (ਕੁਮਾਰ)- ਫਿਰੋਜ਼ਪੁਰ ਛਾਉਣੀ ਦੀ ਰਹਿਣ ਵਾਲੀ 21 ਸਾਲਾ ਲੜਕੀ ਰੁਚਿਕਾ ਸ਼ਰਮਾ ਸਾਲ 2019 ਵਿੱਚ ਐੱਮ. ਬੀ. ਬੀ. ਐੱਸ. ਕਰਨ ਲਈ ਯੂਕ੍ਰੇਨ ਗਈ ਸੀ, ਜੋਕਿ ਹੁਣ ਤੀਜੇ ਸਾਲ ਵਿੱਚ ਹੈ ਅਤੇ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਉੱਥੇ ਹੀ ਫਸੀ ਹੋਈ ਹੈ। ਰੁਚਿਕਾ ਦੇ ਪਿਤਾ ਰਾਕੇਸ਼ ਸ਼ਰਮਾ ਅਤੇ ਮਾਂ ਕਲਪਨਾ ਸ਼ਰਮਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਰੁਚਿਕਾ ਦੇ ਪਿਤਾ, ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਇਸ ਸਮੇਂ ਬੰਕਰ ਵਿੱਚ ਰਹਿ ਰਹੀ ਹੈ, ਜਿਸ ਕਾਰਨ ਪੂਰਾ ਪਰਿਵਾਰ ਚਿੰਤਾ ਵਿੱਚ ਡੁੱਬਿਆ ਹੋਇਆ ਹੈ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਉਨ੍ਹਾ ਦੱਸਿਆ ਕਿ ਰੁਚਿਕਾ ਨੇ 24 ਫਰਵਰੀ ਨੂੰ ਉਥੋਂ ਰਵਾਨਾ ਹੋਣਾ ਸੀ ਪਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਕਾਰਨ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਉਹ ਉੱਥੇ ਹੀ ਰਹਿ ਗਈ। ਰੁਚਿਕਾ ਅੰਬੈਸੀ ਵਿੱਚ ਗਈ ਸੀ ਅਤੇ ਉੱਥੇ ਅੰਬੈਸੀ ਵਾਲਿਆਂ ਨੇ ਉਸਦੇ ਪਾਸਪੋਰਟ ਦਾ ਨੰਬਰ ਅਤੇ ਸਾਰਾ ਵੇਰਵਾ ਲੈ ਕੇ ਉਸਨੂੰ ਸੁਰੱਖਿਅਤ ਜਗ੍ਹਾ ’ਤੇ ਰਹਿਣ ਲਈ ਕਿਹਾ ਅਤੇ ਦੱਸਿਆ ਕਿ ਇਸ ਸਮੇਂ ਅੰਬੈਸੀ ਕੋਲ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ ਤਾਂ ਰੁਚਿਕਾ ਨੇੜੇ ਹੀ ਇੱਕ ਬੇਸਮੈਂਟ ਵਿੱਚ ਰੁਕ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕਿਹਾ ਹੈ ਕਿ ਯੂਕ੍ਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਬਾਰਡਰ ਦੇ ਰਸਤੇ ਭਾਰਤ ਲਿਆਂਦਾ ਜਾਵੇਗਾ ਪਰ ਉਹ ਸਾਰੇ ਭਾਰਤੀ ਬਾਰਡਰ ਤੱਕ ਕਿਵੇਂ ਪਹੁੰਚਣਗੇ?
ਇਹ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਰੁਚਿਕਾ ਦੇ ਮਾਪਿਆਂ ਨੇ ਕਿਹਾ ਕਿ ਰੁਚਿਕਾ ਦੇ ਨਾਲ-ਨਾਲ ਯੂਕ੍ਰੇਨ ਵਿੱਚ ਫਸੇ ਸਾਰੇ ਭਾਰਤੀਆਂ ਨੂੰ ਤੁਰੰਤ ਭਾਰਤ ਵਾਪਸ ਲਿਆਉਣ ਲਈ ਕਾਰਵਾਈ ਸ਼ੁਰੂ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ ਜਾਵੇ। ਪਰਿਵਾਰ ਨੇ ਦੱਸਿਆ ਕਿ ਕਈ ਵਾਰ ਉੱਥੇ ਨੈੱਟਵਰਕ ਨਾ ਹੋਣ ਕਾਰਨ ਉਨ੍ਹਾਂ ਦੀ ਬੇਟੀ ਗੱਲ ਨਹੀਂ ਕਰ ਪਾਉਂਦੀ ਅਤੇ ਪਰਿਵਾਰ ਹਰ ਪਲ ਪ੍ਰੇਸ਼ਾਨ ਰਹਿੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਯੂਕ੍ਰੇਨ ‘ਚ ਫਸੇ ਸਾਰੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ‘ਚ ਉਨ੍ਹਾਂ ਦੇ ਘਰਾਂ ਤੱਕ ਲਿਆਉਣ ਵਿੱਚ ਸਫਲ ਹੋਣਗੇ, ਇਸ ਗੱਲ ਦਾ ਉਨ੍ਹਾਂ ਨੂੰ ਵਿਸ਼ਵਾਸ਼ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।