ਆਰ. ਟੀ. ਆਈ. ਵਿਚ ਡੀ-ਫਾਰਮੇਸੀ ਕਾਲਜਾਂ ਸਬੰਧੀ ਵੱਡਾ ਖੁਲਾਸਾ

Wednesday, Mar 17, 2021 - 06:00 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ ) : ਡੀ ਫਾਰਮੇਸੀ ਇਕ ਅਜਿਹਾ ਕੋਰਸ ਹੈ ਜੋ ਕਿ ਮੈਡੀਕਲ ਖਿੱਤੇ ਨਾਲ ਜੁੜਿਆ ਹੋਇਆ ਹੈ। ਇਸ ਕੋਰਸ ਵਿਚ ਪੜ੍ਹਾਈ ਬਹੁਤ ਜ਼ਿਆਦਾ ਲਾਜ਼ਮੀ ਹੈ ਪਰ ਡੀ-ਫਾਰਮੇਸੀ ਦੇ ਇਸ ਕੋਰਸ ਕਾਰਨ ਅਜੋਕੇ ਸਮੇਂ ’ਚ ਪੰਜਾਬ ਦੇ ਕਾਲਜ ਚਰਚਾ ਦਾ ਵਿਸ਼ਾ ਹਨ। ਅਸਲ ਵਿਚ ਪੰਜਾਬ ਦੇ ਡੀ-ਫਾਰਮੇਸੀ ਕਾਲਜਾਂ ਵਿਚ ਪੰਜਾਬ ਤੋਂ ਜ਼ਿਆਦਾ ਬਾਹਰੀ ਸੂਬਿਆਂ ਦੇ ਕਾਲਜਾਂ ਦੇ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਸ ਗੱਲ ਤੋਂ ਹੈਰਾਨ ਨਾ ਹੋਵੋ ਇਸ ਸਬੰਧੀ ਆਰ. ਟੀ. ਆਈ. ਵਿਚ ਪ੍ਰਾਪਤ ਹੋਏ ਅੰਕੜੇ ਸੱਚਾਈ ਬਿਆਨ ਕਰਦੇ ਹਨ। ਅਜਿਹਾ ਨਹੀਂ ਕਿ ਬਾਹਰੀ ਸੂਬਿਆਂ ਵਿਚ ਡੀ-ਫਾਰਮੇਸੀ ਦਾ ਕੋਰਸ ਹੁੰਦਾ ਨਹੀਂ ਜਾਂ ਫਿਰ ਅਜਿਹਾ ਨਹੀਂ ਕਿ ਪੰਜਾਬ ਦੇ ਕਾਲਜਾਂ ਵਿਚ ਇਸ ਕੋਰਸ ਦੀ ਪੜ੍ਹਾਈ ਬਾਹਰੀ ਸੂਬਿਆਂ ਦੇ ਕਾਲਜਾਂ ਨਾਲੋਂ ਬਹੁਤੀ ਉੱਚ ਪੱਧਰ ਦੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਬਹੁਤੇ ਕਾਲਜਾਂ ਵਿਚ ਕਥਿਤ ਤੌਰ ’ਤੇ ਡੀ-ਫਾਰਮੇਸੀ ਦੇ ਨਾਮ ’ਤੇ ਕਾਲਾ ਧੰਦਾ ਚੱਲ ਰਿਹਾ ਹੈ। ਇਹ ਕਾਲੇ ਧੰਦੇ ਵਿਚ ਕਿੰਨਾ ਕੁ ਸੱਚ ਹੈ ਇਹ ਤਾਂ ਪੂਰੀ ਜਾਂਚ ਉਪਰੰਤ ਹੀ ਸਾਹਮਣੇ ਆ ਸਕਦਾ ਪਰ ਫਿਲਹਾਲ ਜੋਂ ਆਰ. ਟੀ. ਆਈ. ਵਿਚ ਸਾਹਮਣੇ ਆਇਆ ਹੈ, ਉਹ ਇਹ ਇਸ਼ਾਰਾ ਤਾਂ ਜ਼ਰੂਰ ਕਰਦਾ ਹੈ ਕਿ ਦਾਲ ਵਿਚ ਕੁਝ ਨਾ ਕੁਝ ਤਾਂ ਕਾਲਾ ਜ਼ਰੂਰ ਹੈ। 

ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡੀਸੀਟਰੀਅਲ ਟਰੇਨਿੰਗ ਤੋਂ ਪ੍ਰਾਪਤ ਆਰ. ਟੀ. ਆਈ. ਵਿਚ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਫਾਜ਼ਿਲਕਾ ਤਿੰਨ ਜ਼ਿਲ੍ਹਿਆਂ ਦੇ ਡੀ-ਫਾਰਮੇਸੀ ਕਾਲਜਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਮੰਗੀ ਗਈ ਸੀ। ਇਸ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ 3 ਜ਼ਿਲ੍ਹਿਆਂ ਵਿਚ 18 ਕਾਲਜ ਹਨ ਜਿਨ੍ਹਾਂ ’ਚੋਂ ਬਠਿੰਡਾ ਵਿਖੇ ਸਥਿਤ ਇਕ ਕਾਲਜ ਸਰਕਾਰੀ ਹੈ ਜਦਕਿ ਬਾਕੀ 17 ਕਾਲਜ ਪ੍ਰਾਈਵੇਟ ਹਨ। ਇਕੱਲੇ 2019 ਤੋਂ 2021 ਤੱਕ ਦੇ ਇਸ ਵਿੱਦਿਅਕ ਸੈਸ਼ਨ ਦੀ ਗੱਲ ਕਰੀਏ ਤਾਂ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਚ ਡੀ-ਫਾਰਮੇਸੀ ਦੀਆਂ 30 ਸੀਟਾਂ ਹਨ। ਦੱਸ ਦੇਈਏ ਕਿ ਇਹ 30 ਦੇ 30 ਵਿਦਿਆਰਥੀ ਹੀ ਪੰਜਾਬ ਦੇ ਨਾਲ ਸਬੰਧਤ ਹਨ। ਹੁਣ ਇਨ੍ਹਾਂ ਤਿੰਨ ਜ਼ਿਲ੍ਹਿਆਂ ਦੇ ਪ੍ਰਾਈਵੇਟ ਕਾਲਜਾਂ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਵਿਚ 6 ਫਾਰਮੇਸੀ ਦੇ ਪ੍ਰਾਈਵੇਟ ਕਾਲਜ ਹਨ ਜਿੰਨ੍ਹਾਂ ਚ 350 ਵਿਦਿਆਰਥੀ ਹੈ ਅਤੇ ਇਸ 350 ਵਿਦਿਆਰਥੀ ’ਚੋਂ 330 ਵਿਦਿਆਰਥੀ ਬਾਹਰੀ ਰਾਜਾਂ ਨਾਲ ਸਬੰਧਿਤ ਹਨ। ਮਲੋਟ ਤਹਿਸੀਲ ਦੇ ਦੋ ਪ੍ਰਾਈਵੇਟ ਕਾਲਜਾਂ ’ਚ 120 ਵਿਦਿਆਰਥੀ ਹਨ ਜਿੰਨ੍ਹਾਂ ’ਚੋਂ 108 ਵਿਦਿਆਰਥੀ ਬਾਹਰੀ ਰਾਜਾਂ ਦੇ ਹਨ। ਫਾਜ਼ਿਲਕਾ ਤਹਿਸੀਲ ਅਧੀਨ ਪੈਂਦੇ 3 ਪ੍ਰਾਈਵੇਟ ਕਾਲਜਾਂ ’ਚੋਂ 180 ਵਿਦਿਆਰਥੀ ਹਨ ਜਿਨ੍ਹਾਂ ’ਚੋਂ 149 ਵਿਦਿਆਰਥੀ ਬਾਹਰੀ ਰਾਜਾਂ ਦੇ ਹਨ। 

ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਇਕ ਕਾਲਜ ’ਚ 60 ਵਿਦਿਆਰਥੀ ਹਨ ਜਿਨ੍ਹਾਂ ’ਚੋਂ 28 ਵਿਦਿਆਰਥੀ ਬਾਹਰੀ ਰਾਜਾਂ ਨਾਲ ਸਬੰਧਿਤ ਹਨ। ਬਠਿੰਡਾ ਦੇ 3 ਪ੍ਰਾਈਵੇਟ ਕਾਲਜਾਂ ਦੇ 180 ਵਿਦਿਆਰਥੀਆਂ ’ਚੋਂ 129 ਵਿਦਿਆਰਥੀ ਬਾਹਰੀ ਰਾਜਾਂ ਦੇ ਹਨ। ਮਾਨਸਾ ਦੇ ਦੋ ਪ੍ਰਾਈਵੇਟ ਕਾਲਜਾਂ ਦੇ 120 ਵਿਦਿਆਰਥੀਆਂ ’ਚੋਂ 96 ਵਿਦਿਆਰਥੀ ਬਾਹਰੀ ਸੂਬਿਆਂ ਦੇ ਹਨ।ਆਰ. ਟੀ. ਆਈ. ਤਹਿਤ ਮਿਲੀ ਸੂਚਨਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਬਾਹਰੀ ਸੂਬਿਆਂ ਦੇ ਵਿਦਿਆਰਥੀਆਂ ’ਚੋਂ ਬਹੁਤੇ ਵਿਦਿਆਰਥੀ ਉੱਤਰ ਪ੍ਰਦੇਸ਼ ਨਾਲ ਸਬੰਧਿਤ ਹਨ, ਮੁੰਬਈ, ਬਿਹਾਰ ਤੱਕ ਦੇ ਵਿਦਿਆਰਥੀਆਂ ਦੇ ਇਨ੍ਹਾਂ ਕਾਲਜਾਂ ਵਿਚ ਦਾਖਲ ਹਨ। ਹੁਣ ਜੇਕਰ ਇਸ ਖਿੱਤੇ ਦੇ ਇਕੋ-ਇੱਕ ਸਰਕਾਰੀ ਕਾਲਜ ਜੋਂ ਬਠਿੰਡਾ ਵਿਖੇ ਹੈ ਦੀ ਗੱਲ ਕਰੀਏ ਤਾਂ ਉਸ ਕਾਲਜ ਵਿਚ 30 ਦੇ 30 ਵਿਦਿਆਰਥੀ ਹੀ ਪੰਜਾਬ ਨਾਲ ਸਬੰਧਤ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡੀ-ਫਾਰਮੇਸੀ ਜੋਂ ਮੈਡੀਕਲ ਖੇਤਰ ਦਾ ਕੋਰਸ ਹੈ ਵਿਚ ਅਸਲ ’ਚ ਕਥਿਤ ਤੌਰ ’ਤੇ ਇਕ ਤਰ੍ਹਾਂ ਨਾਲ ਸਿਰਫ਼ ਵਪਾਰ ਚੱਲ ਰਿਹਾ ਹੈ।

ਬਾਹਰੀ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ਕਰਕੇ ਅਸਲ ਵਿਚ ਪ੍ਰਾਈਵੇਟ ਕਾਲਜ ਮੋਟੀਆਂ ਫੀਸਾਂ ਵਸੂਲਦੇ ਹਨ ਅਤੇ ਬਾਹਰੀ ਸੂਬਿਆਂ ਦੇ ਇਹ ਵਿਦਿਆਰਥੀ ਕਾਲਜਾਂ ਵਿਚ ਸਿਰਫ਼ ਪੇਪਰਾਂ ਦੇ ਦਿਨਾਂ ਵਿਚ ਹੀ ਨਜ਼ਰ ਆਉਂਦੇ ਹਨ। ਜੇਕਰ ਇਕੱਲੇ ਤਿੰਨ ਜ਼ਿਲ੍ਹਿਆਂ ਦੇ ਇਹ ਅੰਕੜੇ ਇੰਨ੍ਹੇ ਚੌਕਾ ਦੇਣ ਵਾਲੇ ਹਨ ਤਾਂ ਪੂਰੇ ਪੰਜਾਬ ਵਿਚ ਕੀ ਹਾਲ ਹੋਵੇਗਾ ਇਸਦਾ ਸਹਿਜੇ ਅੰਦਾਜ਼ ਲਾਇਆ ਜਾ ਸਕਦਾ ਹੈ। ਜ਼ਮੀਨੀ ਪੱਧਰ ’ਤੇ ਇਨ੍ਹਾਂ ਕਾਲਜਾਂ ਵਿਚ ਦਾਖਲਾਂ ਲੈਣ ਵਾਲੇ ਵਿਦਿਆਰਥੀਆਂ ਦੀ ਹਾਜ਼ਰੀ ਦੀ ਹਕੀਕਤ ਕੀ ਹੈ ਇਹ ਗੱਲ ਜਾਂਚ ਦਾ ਵਿਸ਼ਾ ਹੈ।


Gurminder Singh

Content Editor

Related News