ਬੱਚਿਆਂ ਨੂੰ ਅੱਜ ਖਵਾਈ ਜਾਵੇਗੀ ਐਲਬੈਂਡਾਜ਼ੋਲ ਦੀ ਗੋਲੀ
Friday, Feb 08, 2019 - 04:26 AM (IST)
ਰੋਪੜ (ਕੈਲਾਸ਼)-ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਰਜਕਾਰੀ ਸਿਵਲ ਸਰਜਨ ਰੂਪਨਗਰ ਡਾ. ਅਵਤਾਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲੇ ਦੇ ਸਾਰੇ ਸਕੂਲਾਂ ਵਿਚ ਪਡ਼੍ਹਦੇ ਬੱਚਿਆਂ ਨੂੰ ਪੇਟ ਦੇ ਕੀਡ਼ਿਆਂ ਦੀ ਰੋਕਥਾਮ ਲਈ ਕੌਮੀ ਡੀ-ਵਰਮਿੰਗ ਡੇਅ (ਰਾਸ਼ਟਰੀ ਪੇਟ ਦੇ ਕੀਡ਼ਿਆਂ ਤੋਂ ਮੁਕਤੀ ਦਿਵਸ) ਤਹਿਤ 8 ਫਰਵਰੀ ਐਲਬੈਂਡਾਜ਼ੋਲ ਦੀ ਗੋਲੀ ਖੁਆਈ ਜਾਵੇਗੀ।
ਸਿਵਲ ਸਰਜਨ ਰੂਪਨਗਰ ਵਲੋਂ ਡੀ-ਵਰਮਿੰਗ ਡੇਅ ਦੇ ਸਬੰਧ ਵਿਚ ਪੋਸਟਰ ਜਾਰੀ ਕਰਦਿਆਂ ਦੱਸਿਆ ਗਿਆ ਕਿ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਖੁਆਈ ਜਾਵੇਗੀ, ਜਿਹਡ਼ੇ ਵਿਦਿਆਰਥੀ ਮਿਡ-ਡੇ ਮੀਲ ਸਕੀਮ ਅਧੀਨ ਨਹੀਂ ਆਉਂਦੇ, ਉਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਹੀ ਘਰ ਤੋਂ ਖਾਣਾ ਲਿਆਉਣ ਸਬੰਧੀ ਹਦਾਇਤ ਕਰ ਦਿੱਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਬੱਚਾ ਛੁੱਟੀ ਨਾ ਲਵੇ ਅਤੇ ਅਧਿਆਪਕਾਂ ਦੀ ਨਿਗਰਾਨੀ ਹੇਠ ਹੀ ਬੱਚਿਆਂ ਨੂੰ ਗੋਲੀਆਂ ਖੁਆਈਆਂ ਜਾਣ। ਕਿਸੇ ਵੀ ਮੈਡੀਕਲ ਸਹਾਇਤਾ ਲਈ ਮੋਬਾਇਲ ਟੀਮਾਂ ਡਿਊਟੀ ’ਤੇ ਹਾਜ਼ਰ ਰਹਿਣਗੀਆਂ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ’ਚ ਤਕਰੀਬਨ 1,60,092 ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਖੁਆਉਣ ਦਾ ਟੀਚਾ ਮਿੱਥਿਆ ਗਿਆ ਹੈ । ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ 1 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਜ਼ਰੂਰ ਖੁਆਉਣ।
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਨਿਧੀ ਸ਼੍ਰੀਵਾਸਤਵਾ, ਸਕੂਲ ਹੈਲਥ ਮੈਡੀਕਲ ਅਫਸਰ ਡਾ. ਜਤਿੰਦਰ ਕੌਰ, ਡੀ.ਪੀ.ਐੱਮ. ਡੌਲੀ ਸਿੰਗਲਾ, ਸਕੂਲ ਹੈਲਥ ਕੋਆਰਡੀਨੇਟਰ ਕਿਰਨਦੀਪ ਕੌਰ ਅਤੇ ਬੀ.ਸੀ.ਸੀ. ਫੈਸਿਲੀਟੇਟਰ ਸੁਖਜੀਤ ਕੰਬੋਜ ਹਾਜ਼ਰ ਸਨ।
