ਰੂਪਨਗਰ ''ਚ ਫਿਰ ਹੋਈ ਬੇਅਦਬੀ, ਗਲੀ ''ਚ ਖਿੱਲਰੇ ਮਿਲੇ ਸ੍ਰੀ ਗੁਟਕਾ ਸਾਹਿਬ ਦੇ ਅੰਗ (ਵੀਡੀਓ)
Wednesday, Aug 29, 2018 - 06:56 PM (IST)
ਰੂਪਨਗਰ (ਸੱਜਣ ਸੈਣੀ)— ਜ਼ਿਲਾ ਰੂਪਨਗਰ ਦੇ ਚਮਕੌਰ ਸਾਹਿਬ ਇਲਾਕੇ 'ਚ ਪੈਂਦੇ ਪਿੰਡ ਪਿੱਪਲ ਮਾਜਰਾ 'ਚ ਸ੍ਰੀ ਗੁੱਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣਾ ਆਇਆ ਹੈ। ਪਿੰਡ ਪਿੱਪਲ ਮਾਜਰਾ 'ਚ ਗੁਟਕਾ ਸਾਹਿਬ ਦੇ ਕਈ ਅੰਗ ਗਲੀ 'ਚ ਖਿੱਲਰੇ ਮਿਲੇ, ਜਿਸ ਤੋਂ ਬਾਅਦ ਪਿੰਡ 'ਚ ਮਾਹੌਲ ਤਣਾਅਪੂਰਨ ਹੋ ਗਿਆ। ਬੇਅਦਬੀ ਦੀ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਿੰਡ ਦੀ ਇਕ ਔਰਤ ਜਸਵੀਰ ਕੌਰ ਬੀਤੀ ਰਾਤ 10 ਵਜੇ ਮਠਿਆਈ ਦੇ ਖਾਲੀ ਡੱਬੇ ਕੂੜੇ ਦੇ ਢੇਰ 'ਤੇ ਸੁੱਟਣ ਜਾ ਰਹੀ ਸੀ ਤਾਂ ਉਸ ਨੂੰ ਗਲੀ 'ਚ ਸ੍ਰੀ ਗੁਟਕਾ ਸਾਹਿਬ ਦੇ ਕਈ ਅੰਗ ਖਿੱਲਰੇ ਹੋਏ ਮਿਲੇ। ਉਕਤ ਔਰਤ ਨੇ ਅੰਗਾਂ ਨੂੰ ਆਪਣੇ ਕੋਲ ਰੱਖ ਲਿਆ ਅਤੇ ਅੱਜ ਸਵੇਰੇ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਦੇ ਗ੍ਰੰਥੀ ਹਰਵਿੰਦਰ ਸਿੰਘ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ।
ਗ੍ਰੰਥੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਟਕਾ ਸਾਹਿਬ ਦੇ 85 ਪੰਨਿਆਂ ਦੀ ਬੇਅਦਬੀ ਹੋਈ ਹੈ। ਉਕਤ ਔਰਤ ਨੇ ਉਨ੍ਹਾਂ ਨੂੰ 85 ਅੰਗ ਫਟੇ ਹੋਏ ਦਿੱਤੇ ਹਨ। ਇਸ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਤਲਾਸ਼ੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਚਮਕੌਰ ਸਾਹਿਬ ਥਾਣੇ 'ਚ ਧਾਰਾ 295 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।