ਰੂਪਨਗਰ ਸ਼ਹਿਰ ਦੀਆਂ ਖੰਡਰ ਇਮਾਰਤਾਂ ਲੋਕਾਂ ਦੀ ਜਾਨ ਲਈ ਬਣੀਆਂ ਖਤਰਾ (ਤਸਵੀਰਾਂ)

07/19/2018 6:49:55 PM

ਰੂਪਨਗਰ (ਵਿਜੇ)— ਰੂਪਨਗਰ ਸ਼ਹਿਰ 'ਚ ਖੜੀਆਂ ਖੰਡਰ ਇਮਾਰਤਾਂ ਨੇੜਿਓਂ ਰੋਜ਼ਾਨਾ ਲੋਕ ਡਰ-ਡਰ ਕੇ ਨਿਕਲ ਰਹੇ ਹਨ ਕਿ ਕਿਤੇ ਇਹ ਖੰਡਰ ਇਮਰਤਾਂ ਉਨ੍ਹਾਂ 'ਤੇ ਨਾ ਡਿੱਗ ਪਵੇ ਪਰ ਨਗਰ ਪ੍ਰਸਾਸ਼ਨ ਹਾਦਸੇ ਦੇ ਇੰਤਜ਼ਾਰ 'ਚ ਬੈਠਾ ਹੈ। ਰੂਪਨਗਰ ਸ਼ਹਿਰ ਕਾਫੀ ਪੁਰਾਣਾ ਸ਼ਹਿਰ ਹੈ। ਸ਼ਹਿਰ ਦੇ ਕੁਝ ਮੁਹੱਲਿਆਂ 'ਚ ਬਹੁਤ ਪੁਰਾਣੀਆਂ ਇਮਾਰਤਾਂ ਖੰਡਰ ਬਣੀਆਂ ਖੜ੍ਹੀਆਂ ਹਨ ਅਤੇ ਉਨ੍ਹਾਂ ਦੇ ਸਾਹਮਣੇ ਤੋਂ ਜੋ ਗਲੀ ਗੁਜ਼ਰਦੀ ਹੈ, ਉਹ ਵੀ ਬਹੁਤ ਛੋਟੀ ਹੈ। ਸ਼ਹਿਰ ਦੇ ਛੋਟਾ ਖੇੜ੍ਹਾ, ਉੱਚਾ ਖੇੜ੍ਹਾ ਅਤੇ ਮੀਰਾਂਬਾਈ ਚੌਕ 'ਚ ਪਿਛਲੇ ਕਈ ਸਾਲਾਂ ਤੋਂ ਇਹ ਖੰਡਰ ਇਮਾਰਤਾਂ ਖੜ੍ਹੀਆਂ ਹਨ। ਮੁਹੱਲਾ ਵਾਸੀਆਂ ਨੇ ਕਈ ਵਾਰ ਨਗਰ ਕੌਂਸਲ ਰੂਪਨਗਰ ਨੂੰ ਪੱਤਰ ਲਿਖੇ ਹਨ ਕਿ ਇਨ੍ਹਾਂ ਇਮਾਰਤਾਂ ਨੂੰ ਡਿਗਾਇਆ ਜਾਵੇ ਤਾਂ ਕਿ ਲੋਕਾਂ ਦੀ ਸੁਰੱਖਿਆ ਯਕੀਨੀ ਹੋ ਸਕੇ ਪਰ ਨਗਰ ਕੌਂਸਲ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ।

PunjabKesari
'ਜਗ ਬਾਣੀ' ਵੱਲੋਂ ਸਮੇਂ-ਸਮੇਂ 'ਤੇ ਨਗਰ ਪ੍ਰਸਾਸ਼ਨ ਨੂੰ ਖਬਰਾਂ ਦੁਆਰਾ ਇਨ੍ਹਾਂ ਖੰਡਰ ਇਮਾਰਤਾਂ ਦੇ ਖਤਰੇ ਸਬੰਧੀ ਜਾਣੂ ਕਰਵਾਇਆ ਗਿਆ। ਅਕਸਰ ਬਰਸਾਤ ਦੇ ਦਿਨਾਂ 'ਚ ਇਹ ਇਮਾਰਤਾਂ ਜੋਖਮ ਪੈਦਾ ਕਰ ਸਕਦੀਆਂ ਹਨ ਪਰ ਪ੍ਰਸ਼ਾਸਨ ਇਮਾਰਤ ਦੇ ਮਾਲਕਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕਰਦੇ ਅਤੇ ਇਹ ਜਾਰੀ ਵੀ ਕੀਤੇ ਜਾਂਦੇ ਤਾਂ ਉਹ ਖਾਨਾਪੂਰਤੀ ਲਈ ਤਾਂ ਕਿ ਜਾਂਚ ਦੇ ਜਾਰੀ ਨੋਟਿਸ ਦਿਖਾਏ ਜਾ ਸਕਣ।

PunjabKesari
ਇਸ ਸਬੰਧ 'ਚ ਛੋਟਾ ਖੇੜ੍ਹਾ ਨਿਵਾਸੀ ਅਵਤਾਰ ਸਿੰਘ, ਰੌਸ਼ਨ ਲਾਲ, ਰਵਿੰਦਰ ਸਿੰਘ, ਅਨੂੰ ਸੈਣੀ, ਸੰਜੀਵ, ਗੋਲੂ ਅਤੇ ਰਾਜੂ ਆਦਿ ਨੇ ਦੱਸਿਆ ਕਿ ਇਸ ਮੁਹੱਲੇ 'ਚ ਖਸਤਾ ਹਾਲਤ ਇਮਾਰਤ ਪਿਛਲੇ 20 ਸਾਲ ਤੋਂ ਖਸਤਾ ਹਾਲਤ 'ਚ ਹੈ ਅਤੇ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਇਸ ਸਬੰਧ 'ਚ ਨਗਰ ਕੌਂਸਲ ਨੂੰ ਕਈ ਵਾਰ ਜੁਬਾਨੀ ਅਤੇ ਲਿਖਤੀ ਤੌਰ 'ਤੇ ਦੱਸਿਆ ਜਾ ਚੁੱਕਿਆ ਹੈ ਪਰ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਇਮਾਰਤ ਕਾਰਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਨਗਰ ਕੌਂਸਲ ਰੂਪਨਗਰ ਦੀ ਹੋਵੇਗੀ। ਇਸੇ ਤਰਾਂ ਛੋਟਾ ਖੇੜ੍ਹਾ ਨੇੜੇ ਰਾਮਾ ਮੰਦਰ ਨਿਵਾਸੀ ਮੂਲਰਾਜ ਸ਼ਰਮਾ, ਵਿਨੋਦ ਚੋਪੜਾ ਨੇ ਦੱਸਿਆ ਕਿ ਮੁਹੱਲੇ 'ਚ ਸਥਾਪਤ ਖਸਤਾ ਹਾਲਤ ਇਮਾਰਤ ਵੀ ਕਾਫੀ ਪੁਰਾਣੀ ਹੈ ਅਤੇ ਇਹ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਮੁਹੱਲਾ ਉੱਚਾ ਖੇੜਾ ਦੇ ਨਿਵਾਸੀ ਵੰਦਨਾ ਰਾਣੀ, ਬੌਬੀ, ਅਸ਼ੋਕ ਕੁਮਾਰ, ਪੂਨਮ ਰਾਣੀ ਅਤੇ ਬੱਬੂ ਨੇ ਦੱਸਿਆ ਕਿ ਸਾਲਾਂ ਤੋਂ ਖੰਡਰ ਇਮਾਰਤਾਂ ਦੇ ਸਬੰਧ 'ਚ ਨਗਰ ਕੌਂਸਲ ਨੂੰ ਕਈ ਬਾਰ ਦੱਸਿਆ ਗਿਆ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਇਹ ਇਮਾਰਤਾਂ ਜਿਉਂ ਦੀਆਂ ਤਿਉਂ ਹਨ। ਬਰਸਾਤ ਦੇ ਮੌਸਮ 'ਚ ਲੋਕ ਇਥੋ ਡਰ ਦੇ ਮਾਹੌਲ 'ਚੋਂ ਗੁਜਰਦੇ ਹਨ।

PunjabKesari
ਮੁਹੱਲਾ ਮੀਰਾਂਬਾਈ ਚੌਕ ਨਿਵਾਸੀ ਅਮਿਤ ਕੁਮਾਰ, ਦੀਪਕ ਕੁਮਾਰ, ਸੋਨੂੰ ਵੋਹਰਾ, ਰਾਜਨ ਮਲਹੋਤਰਾ ਆਦਿ ਨੇ ਦੱਸਿਆ ਕਿ ਇਸ ਮੁਹੱਲਾ 'ਚ ਸਥਿਤ ਖੰਡਰ ਇਮਾਰਤਾਂ ਲੋਕਾਂ ਦੀ ਜਾਨ ਲਈ ਖੌਫ ਬਣੀਆਂ ਹੋਈਆਂ ਹਨ ਅਤੇ ਲੋਕ ਮੁਹੱਲੇ 'ਚ ਬੱਚਿਆਂ ਨੂੰ ਇੱਧਰ-ਉੱਧਰ ਤੋਂ ਲੰਘਣ ਨਹੀਂ ਦਿੰਦੇ ਤਾਂ ਕਿ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ। ਮੁਹੱਲੇ ਦੇ ਲੋਕ ਅਤੇ ਖੰਡਰ ਇਮਾਰਤਾਂ ਦੇ ਨਾਲ ਰਹਿੰਦੇ ਲੋਕ ਬਰਸਾਤ ਦੇ ਮੌਸਮ 'ਚ ਵਧੇਰੇ ਡਰੇ ਹੋਏ ਰਹਿੰਦੇ ਹਨ ਕਿ ਕਿਤੇ ਖੰਡਰ ਇਮਾਰਤ ਉਨ੍ਹਾਂ ਦੇ ਮਕਾਨ 'ਤੇ ਨਾ ਡਿੱਗ ਜਾਵੇ। ਇਸ ਦੇ ਇਲਾਵਾ ਮੁਹੱਲਿਆਂ ਅਤੇ ਬਜ਼ਾਰਾਂ 'ਚ ਵੀ ਕੁਝ ਇਮਾਰਤਾਂ ਹਨ ਜੋ ਅਸੁਰੱਖਿਅਤ ਹਨ। ਉਨ੍ਹਾਂ ਨੂੰ ਵੀ ਕੌਂਸਲ ਵੱਲੋਂ ਤੁਰੰਤ ਡਿਗਾਇਆ ਜਾਣਾ ਚਾਹੀਦਾ ਹੈ, ਨਹੀਂ ਤਾਂ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ।


Related News