ਸਰਹਿੰਦ ਭਾਖੜਾ ਨਹਿਰ 'ਚੋਂ ਵੱਡੀ ਗਿਣਤੀ 'ਚ ਮਿਲੇ ਰਾਕੇਟ ਲਾਂਚਰ! ਡੂੰਘੀ ਸਾਜ਼ਿਸ਼ ਦਾ ਖਦਸ਼ਾ
Friday, Oct 21, 2022 - 10:27 PM (IST)
ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ) : ਸਰਹਿੰਦ ਵਿਖੇ ਭਾਖੜਾ ਨਹਿਰ 'ਚੋਂ ਗੋਤਾਖੋਰਾਂ ਨੂੰ ਵੱਡੀ ਮਾਤਰਾ ਵਿਚ ਧਮਾਕਾਖੇਜ਼ ਸਕਰੈਪ ਸਮੱਗਰੀ ਮਿਲੀ ਹੈ।ਆਪਣੀ ਜਾਨ 'ਤੇ ਖੇਡ ਕੇ ਇਨ੍ਹਾਂ ਗੋਤਾਖੋਰਾਂ ਵੱਲੋਂ ਹੁਣ ਤੱਕ ਸਰਹਿੰਦ ਭਾਖੜਾ ਨਹਿਰ 'ਚੋਂ 100 ਤੋਂ ਵੱਧ ਰਾਕੇਟ ਲਾਂਚਰਾਂ ਵਰਗੀਆਂ ਵਸਤਾ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਗੋਤਾਖੋਰਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਸ ਨਹਿਰ 'ਚ 2 ਤੋਂ 3 ਟਰੱਕ ਬੰਬਨੁਮਾ ਚੀਜ਼ਾਂ ਹੋਣਗੀਆਂ, ਜੋ ਕਿ ਕਿਸੇ ਵੀ ਸਮੇਂ ਵੱਡਾ ਧਮਾਕਾ ਵੀ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਬਿਜਲੀ ਵਿਭਾਗ ਦੀ ਵੱਡੀ ਕਾਰਵਾਈ: ਫਿਲੌਰ ਦੇ MLA, SDM ਦਫ਼ਤਰ ਤੇ ਸੁਵਿਧਾ ਕੇਂਦਰਾਂ ਸਣੇ ਕੱਟੇ ਕਈਆਂ ਦੇ ਕੁਨੈਕਸ਼ਨ
ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਕਿਹਾ ਕਿ ਭਾਵੇਂ ਨਹਿਰ 'ਚੋਂ ਬਰਾਮਦ ਹੋ ਰਹੇ ਇਹ ਰਾਕੇਟ ਲਾਂਚਰ ਵਰਗੀਆਂ ਵਸਤਾਂ ਇਕ ਖੋਲ ਦੇ ਰੂਪ ਵਿੱਚ ਹਨ ਪਰ ਇਨ੍ਹਾਂ 'ਚੋਂ ਜੇਕਰ ਕੋਈ ਬੰਬਨੁਮਾ ਜਾਂ ਕੋਈ ਵੱਡੀ ਵਿਸਫੋਟਕ ਚੀਜ਼ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਸ਼ਹਿਰ ਦਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ ਤੇ ਉਨ੍ਹਾਂ ਵੱਲੋਂ ਲਗਾਤਾਰ ਦੂਸਰੇ ਦਿਨ ਵੀ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਜਦੋਂ ਕਿ ਪਹਿਲੇ ਦਿਨ ਉਨ੍ਹਾਂ ਵੱਲੋਂ 51 ਰਾਕੇਟ ਲਾਂਚਰਾਂ ਦੇ ਖੋਲ ਬਰਾਮਦ ਕੀਤੇ ਗਏ ਸਨ ਤੇ ਅੱਜ 44-45 ਪੇਸ ਬਰਾਮਦ ਕੀਤੇ ਜਾ ਚੁੱਕੇ ਹਨ। ਅਜੇ ਵੀ ਉਨ੍ਹਾਂ ਵੱਲੋਂ ਇਨ੍ਹਾਂ ਰਾਕੇਟ ਲਾਂਚਰ ਵਰਗੀਆਂ ਵਸਤਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ।
ਇਹ ਵੀ ਪੜ੍ਹੋ : ਬੇਸਹਾਰਾ ਪਸ਼ੂ ਅੱਗੇ ਆਉਣ ’ਤੇ ਬੇਕਾਬੂ ਹੋਇਆ ਟਰੱਕ-ਟਰਾਲਾ ਸਰਵਿਸ ਸਟੇਸ਼ਨ ’ਚ ਵੜਿਆ
ਗੋਤਾਖੋਰ ਸ਼ੰਕਰ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਹ ਸਮੱਗਰੀ ਨਹਿਰ 'ਚੋਂ ਕਢਵਾਉਣ ਦੀ ਅਪੀਲ ਵੀ ਕੀਤੀ ਪਰ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਵੱਲੋਂ ਕੱਢੇ ਗਏ ਇਹ ਰਾਕੇਟ ਲਾਂਚਰਾਂ ਦੇ ਖੋਲ ਉਨ੍ਹਾਂ ਵੱਲੋਂ ਪੁਲਸ ਸਟੇਸ਼ਨ ਭੇਜ ਦਿੱਤੇ ਜਾਂਦੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।