ਚੰਡੀਗੜ੍ਹ : ਜੇਕਰ ਤੁਸੀਂ ਵੀ 'ਰਾਕ ਗਾਰਡਨ' ਘੁੰਮਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ
Tuesday, Dec 27, 2022 - 01:10 PM (IST)
ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਆਉਂਦੇ ਸਾਰ ਹੀ ਸਭ ਤੋਂ ਪਹਿਲਾਂ ਸੈਲਾਨੀ ਸੁਖ਼ਨਾ ਝੀਲ ਅਤੇ ਰਾਕ ਗਾਰਡਨ ਜਾਣ ਬਾਰੇ ਸੋਚਦੇ ਹਨ। ਰਾਕ ਗਾਰਡਨ ਦੀ ਸਭ ਤੋਂ ਦਿਲ ਖਿੱਚਵਾਂ ਨਜ਼ਾਰਾ ਝਰਨੇ ਦਾ ਹੈ, ਜਿਸ ਦੇ ਹੇਠਾਂ ਖੜ੍ਹੇ ਹੋ ਕੇ ਲੋਕ ਤਸਵੀਰਾਂ ਲੈਂਦੇ ਹਨ। ਜੇਕਰ ਤੁਸੀਂ ਵੀ ਰਾਕ ਗਾਰਡਨ ਘੁੰਮਣ ਦੀ ਸਲਾਹ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਰਾਕ ਗਾਰਡਨ ਦਾ ਝਰਨਾ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਯੂ. ਟੀ. ਪ੍ਰਸ਼ਾਸਨ ਨੇ ਜੀ-20 ਮੀਟਿੰਗਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਲਈ ਰਾਕ ਗਾਰਡਨ 'ਚ ਵੀ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਰਾਕ ਗਾਰਡਨ ਦੇ ਝਰਨੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇੱਥੋਂ ਗਾਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਐਲਾਨ ਦੇ ਬਾਵਜੂਦ ਵੀ ਪ੍ਰੀ-ਪ੍ਰਾਇਮਰੀ ਵਾਲੇ ਇਹ ਬੱਚੇ ਵਰਦੀਆਂ ਤੋਂ ਵਾਂਝੇ
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਇਸ ਦੀ ਸਾਂਭ-ਸੰਭਾਲ ਅਤੇ ਹੋਰ ਕੰਮਾਂ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਸੁੰਦਰੀਕਰਨ ਦੇ ਕੰਮ 'ਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ। ਅਧਿਕਾਰੀ ਵੀ ਰੋਜ਼ਾਨਾ ਆਧਾਰ ’ਤੇ ਥਾਂ-ਥਾਂ ਦਾ ਦੌਰਾ ਕਰ ਰਹੇ ਹਨ ਅਤੇ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਚੰਡੀਗੜ੍ਹ ਨੂੰ ਦੋ ਜੀ-20 ਮੀਟਿੰਗਾਂ ਦੀ ਮੇਜ਼ਬਾਨੀ ਮਿਲੀ ਹੈ। ਇਸ 'ਚ ਪਹਿਲੀ ਮੀਟਿੰਗ 30 ਅਤੇ 31 ਜਨਵਰੀ ਨੂੰ ਇੰਟਰਨੈਸ਼ਨਲ ਫਾਈਨੈਂਸ਼ੀਅਲ ਆਰਕੀਟੈਕਚਰ ਦੀ ਹੋਵੇਗੀ ਜਦੋਂ ਕਿ ਦੂਜੀ ਮੀਟਿੰਗ ਐਗਰੀਕਲਚਰ ਵਰਕਿੰਗ ਗਰੁੱਪ ਦੀ 29 ਤੋਂ 31 ਮਾਰਚ ਨੂੰ ਹੋਵੇਗੀ।
ਇਨ੍ਹਾਂ 'ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਯੂਰਪੀਅਨ ਯੂਨੀਅਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਕੋਰੀਆ ਗਣਰਾਜ, ਤੁਰਕੀ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਦੇ ਡੈਲੀਗੇਟ ਸ਼ਾਮਲ ਹਨ। 27 ਅਤੇ 28 ਦਸੰਬਰ ਨੂੰ ਜੀ-20 ਟੀਮ ਚੰਡੀਗੜ੍ਹ ਪਹੁੰਚ ਰਹੀ ਹੈ। ਉਨ੍ਹਾਂ ਨਾਲ ਇਕ ਮੀਟਿੰਗ ਕੀਤੀ ਜਾਵੇਗੀ, ਜਿਸ 'ਚ ਟੀਮ ਨੂੰ ਤਿਆਰੀਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ