ਪਿਸਤੌਲ ਦੀ ਨੋਕ ''ਤੇ ਪੈਟਰੋਲ ਪੰਪ ਦੇ ਕਰਿੰਦਿਆਂ ਨਾਲ ਲੁੱਟ-ਖੋਹ
Wednesday, Nov 01, 2017 - 03:27 AM (IST)

ਮਲੋਟ, (ਜ.ਬ.)- ਪਿੰਡ ਮਲੋਟ ਵਿਖੇ ਚਾਰ ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਨਕਦੀ , 40 ਲੀਟਰ ਪੈਟਰੋਲ ਤੇ ਕੈਮਰੇ ਦਾ ਡੀ. ਵੀ. ਆਰ. ਲੈ ਕੇ ਫਰਾਰ ਹੋ ਗਏ।
ਪੈਟਰੋਲ ਪੰਪ ਮਾਲਕ ਅਰਜੁਨ ਛਾਬੜਾ ਪੁੱਤਰ ਇੰਦਰਜੀਤ ਛਾਬੜਾ ਨੇ ਦੱਸਿਆ ਕਿ ਉਸ ਦੇ ਮੁਕਤਸਰ ਰੋਡ ਉਪਰ ਸਥਿਤ ਪੈਟਰੋਲ ਪੰਪ 'ਤੇ ਰੋਜ਼ ਵਾਂਗ ਤਿੰਨ ਕਰਮਚਾਰੀ ਡਿਊਟੀ ਦੇ ਰਹੇ ਸਨ, ਜਿਨ੍ਹਾਂ ਵਿਚੋਂ 1 ਕਰਮਚਾਰੀ ਰਾਤ ਦੀ ਡਿਊਟੀ ਕਰ ਰਿਹਾ ਸੀ, ਜਦਕਿ 2 ਕਰਮਚਾਰੀ ਅੰਦਰ ਕਮਰੇ ਵਿਚ ਸੌਂ ਰਹੇ ਸਨ। ਉਨ੍ਹਾਂ ਦੇ ਪੰਪ 'ਤੇ ਇਕ ਕਾਰ ਆ ਕੇ ਰੁਕੀ, ਜਦ ਕਰਮਚਾਰੀ ਗੁਰਮੀਤ ਸਿੰਘ ਤੇਲ ਪਾਉਣ ਲਈ ਕਾਰ ਨੇੜੇ ਗਿਆ ਤਾਂ ਕਾਰ ਸਵਾਰ ਨੇ ਉਸ ਉਪਰ ਪਿਸਤੌਲ ਤਾਣ ਦਿੱਤੀ ਅਤੇ ਉਸ ਕੋਲੋਂ ਨਕਦੀ ਵਾਲਾ ਬੈਗ ਖੋਹ ਲਿਆ, ਜਿਸ ਵਿਚ 3300 ਰੁਪਏ ਸਨ। ਇਸ ਮਗਰੋਂ ਕਾਰ ਵਿਚੋਂ ਨਿਕਲੇ ਚਾਰੇ ਲੁਟੇਰੇ ਅੰਦਰ ਕਮਰੇ ਵਿਚ ਚਲੇ ਗਏ ਤੇ ਅੰਦਰ ਸੌਂ ਰਹੇ ਕਰਮਚਾਰੀਆਂ ਗੁਰਵਿੰਦਰ ਸਿੰਘ ਤੇ ਗੁਰਫਤਿਹ ਸਿੰਘ ਨਾਲ ਕੁੱਟਮਾਰ ਕਰਦਿਆਂ ਪੈਸਿਆਂ ਦੀ ਮੰਗ ਕੀਤੀ ਪਰ ਹੋਰ ਪੈਸੇ ਨਾ ਮਿਲਣ 'ਤੇ ਉਹ 40 ਲੀਟਰ ਪੈਟਰੋਲ ਤੇ ਕੈਮਰੇ ਦਾ ਡੀ. ਵੀ. ਆਰ. ਲੈ ਕੇ ਫਰਾਰ ਹੋ ਗਏ।