ਚੋਰਾਂ ਨੇ ਬੰਦ ਪਏ ਘਰ ''ਚੋਂ 15 ਤੋਲੇ ਸੋਨੇ ਦੇ ਗਹਿਣੇ, 2 ਕਿਲੋ ਚਾਂਦੀ ਅਤੇ 35 ਹਜ਼ਾਰ ਰੁਪਏ ਕੀਤੇ ਚੋਰੀ
Wednesday, Jan 08, 2025 - 09:05 PM (IST)
ਦੀਨਾਨਗਰ (ਹਰਜਿੰਦਰ ਗੋਰਾਇਆ) - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਬਹਿਰਾਮਪੁਰ ਦੇ ਇਲਾਕੇ ਅੰਦਰ ਨਿੱਤ ਦਿਨ ਚੋਰੀ ਦੀਆਂ ਘਟਨਾ ਵੱਧਣ ਕਾਰਨ ਲੋਕਾਂ ਵਿੱਚ ਚੋਰਾਂ ਦੀ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਥਾਣਾ ਬਹਿਰਾਮਪੁਰ ਦੇ ਪਿੰਡ ਮਰਾੜਾ ਤੋਂ ਸਾਹਮਣੇ ਆਇਆ ਹੈ, ਜਿਥੇ ਚੋਰਾਂ ਨੇ ਇੱਕ ਬੰਦ ਘਰ ਵਿੱਚੋਂ 15 ਤੋਲੇ ਸੋਨਾ, 2 ਕਿਲੋ ਚਾਂਦੀ ਅਤੇ 35 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ।
ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਹ ਆਪਣੇ ਲੜਕੇ ਦੀਪਕ ਕੋਲ ਚੰਡੀਗੜ੍ਹ ਗਏ ਸੀ ਅਤੇ ਜਦੋਂ ਸ਼ਾਮ 7 ਵਜੇ ਦੇ ਕਰੀਬ ਘਰ ਪਹੁੰਚੇ ਤਾਂ ਗੇਟ ਦਾ ਤਾਲਾ ਖੁੱਲ੍ਹਿਆ ਹੋਇਆ ਸੀ। ਸਾਡੇ ਕਮਰਿਆਂ ਦੇ ਦਰਵਾਜ਼ੇ ਟੁੱਟੇ ਹੋਏ ਸਨ, ਘਰ ਵਿੱਚ ਰੱਖੀ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਬੈੱਡ ਵਿੱਚ ਰੱਖਿਆ ਸਾਮਾਨ ਵੀ ਖਿੱਲਰਿਆ ਪਿਆ ਸੀ ਤਾਂ ਚੋਰਾਂ ਨੇ ਅੰਦਰ ਰੱਖਿਆ 15 ਤੋਲੇ ਸੋਨਾ, 2 ਕਿਲੋ ਚਾਂਦੀ ਅਤੇ 35 ਹਜ਼ਾਰ ਰੁਪਏ ਚੋਰੀ ਕਰ ਲਿਆ ਹੈ। ਇਸ ਸਬੰਧੀ ਥਾਣਾ ਬਹਿਰਾਮਪੁਰ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਧਰ ਇਸ ਸੰਬੰਧੀ ਜਦੋਂ ਥਾਣਾ ਮੁਖੀ ਬਹਿਰਾਮਪੁਰ ਓਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ