''ਸ਼ੇਰਾ ਗੈਂਗ'' ਦੇ ਨਾਂ ਨਾਲ ਮਸ਼ਹੂਰ ਹੋਇਆ ਇਹ ਗੈਂਗ, ਪ੍ਰੋਫੈਸ਼ਨਲ ਕ੍ਰਿਮੀਨਲ ਬਣ ਲੁਟਦੇ ਸਨ ਫਾਈਨਾਂਸ ਕੰਪਨੀਆਂ
Sunday, Aug 06, 2017 - 06:46 PM (IST)
ਜਲੰਧਰ(ਪ੍ਰੀਤ)— ਫਾਈਨਾਂਸ ਕੰਪਨੀ ਦੇ ਕਰਿੰਦਿਆਂ ਕੋਲੋਂ ਲੱਖਾਂ ਦੀ ਲੁੱਟ ਸਣੇ ਲਾਂਬੜਾ, ਕਪੂਰਥਲਾ, ਊਨਾ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਸ਼ੇਰਾ ਗੈਂਗ ਦਾ ਜਲੰਧਰ ਦਿਹਾਤ ਪੁਲਸ ਨੇ ਸ਼ਨੀਵਾਰ ਨੂੰ ਭਾਂਡਾ ਭੰਨਿਆ। ਪੁਲਸ ਨੇ ਗੈਂਗ ਦੇ ਸਰਗਣਾ ਸ਼ੇਰਾ ਸਣੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਹਥਿਆਰ, ਲੁੱਟ ਦੇ 1 ਲੱਖ 8 ਹਜ਼ਾਰ ਰੁਪਏ ਨਕਦ, 29 ਮੋਬਾਈਲ, ਕਾਰ, ਤਿੰਨ ਮੋਟਰਸਾਈਕਲ, 2 ਚਾਕੂ, ਇਕ ਬੇਸਬੈਟ, ਇਕ ਲੋਹੇ ਦੀ ਰਾਡ, 490 ਗ੍ਰਾਮ ਨਸ਼ੀਲਾ ਪਾਊਡਰ, 32 ਬੋਰ ਦੀ ਦੇਸੀ ਪਿਸਤੌਲ, 3 ਕਾਰਤੂਸ, ਇਕ ਏਅਰ ਪਿਸਟਲ ਸਮੇਤ ਹੋਰ ਸਾਮਾਨ ਬਰਾਮਦ ਕੀਤਾ।
ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਕਰਤਾਰਪੁਰ ਦੇ ਇੰਸਪੈਕਟਰ ਦਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਲੁਟੇਰਾ ਗੈਂਗ ਦੇ ਮੈਂਬਰ ਇਲਾਕੇ ਵਿਚ ਵਾਰਦਾਤ ਕਰਨ ਦੀ ਫਿਰਾਕ ਵਿਚ ਹਨ। ਸੂਚਨਾ ਮਿਲਣ 'ਤੇ ਐੱਸ. ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ, ਡੀ. ਐੱਸ. ਪੀ. ਸੁਰਿੰਦਰ ਮੋਹਨ, ਇੰਸਪੈਕਟਰ ਦਵਿੰਦਰ ਸਿੰਘ ਨੇ ਯੋਜਨਾਬੱਧ ਢੰਗ ਨਾਲ ਕਾਰਵਾਈ ਕਰਦਿਆਂ ਟ੍ਰੈਪ ਲਗਾਇਆ ਅਤੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ।
ਇਹ ਹਨ ਗ੍ਰਿਫਤਾਰ ਲੁਟੇਰੇ
ਦਲਜੀਤ ਸਿੰਘ ਉਰਫ ਸ਼ੇਰਾ ਪੁੱਤਰ ਸਰੂਪ ਸਿੰਘ ਵਾਸੀ ਰੱਜਬ ਕਰਤਾਰਪੁਰ
ਸਤਵਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਜੱਬੋਵਾਲ ਬੇਗੋਵਾਲ
ਮੋਤੀ ਪੁੱਤਰ ਦੇਵ ਵਾਸੀ ਪੱਤੜ ਕਲਾਂ,
ਸਰਬਜੀਤ ਸਿੰਘ ਉਰਫ ਸਾਬਾ ਪੁੱਤਰ
ਮੁਕੁਲ ਪੁੱਤਰ ਅਸ਼ੋਕ ਕੁਮਾਰ ਵਾਸੀ ਬੇਗੋਵਾਲ
ਸੰਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਡੁਮਾਣਾ, ਟਾਂਡਾ ਹੁਸ਼ਿਆਰਪੁਰ।
ਸ਼ੇਰਾ 'ਤੇ ਹਨ 9 ਕੇਸ, ਜੇਲ 'ਚ ਬਣਾਇਆ ਗੈਂਗ
ਗੈਂਗ ਦੇ ਸਰਗਣਾ ਸ਼ੇਰਾ ਦੇ ਖਿਲਾਫ ਥਾਣਾ ਮਕਸੂਦਾਂ, ਕਰਤਾਰਪੁਰ, ਲਾਂਬੜਾ ਇਲਾਕੇ ਵਿਚ ਲੁੱਟ-ਖੋਹ, ਕੁੱਟਮਾਰ ਦੇ ਕਰੀਬ 9 ਕੇਸ ਦਰਜ ਹਨ। ਸਾਲ 2015 ਵਿਚ ਕੁੱਟਮਾਰ ਦੇ ਇਕ ਕੇਸ ਵਿਚ ਸ਼ੇਰਾ ਜੇਲ ਗਿਆ। ਮਈ ਮਹੀਨੇ ਵਿਚ ਸ਼ੇਰਾ ਜੇਲ ਤੋਂ ਬਾਹਰ ਆਇਆ ਸੀ। ਸ਼ੇਰਾ ਨੂੰ ਉਸ ਦੇ ਗੈਂਗ ਦੇ ਹੋਰ ਮੈਂਬਰ ਜੇਲ ਵਿਚ ਹੀ ਮਿਲੇ ਸਨ। ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਸ਼ੇਰਾ 'ਤੇ 9 ਕੇਸ, ਮੋਤੀ 'ਤੇ 1, ਪ੍ਰਿੰਸ 'ਤੇ 4 ਕੇਸ ਦਰਜ ਹਨ, ਜਦੋਂਕਿ ਬਾਕੀ ਲੁਟੇਰਿਆਂ ਨੂੰ ਕੁਝ ਸਮਾਂ ਪਹਿਲਾਂ ਹੀ ਸ਼ੇਰਾ ਨੇ ਆਪਣੇ ਨਾਲ ਮਿਲਾਇਆ ਸੀ।
ਊਨਾ ਨੇੜੇ ਰਿਟਜ ਕਾਰ ਲੁੱਟਣ ਦੀ ਕੋਸ਼ਿਸ਼, ਗੱਡੀ ਦੇ ਸ਼ੀਸ਼ੇ ਤੋੜੇ
ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਨੇ 1 ਅਗਸਤ ਦੀ ਰਾਤ ਨੂੰ ਊਨਾ ਨੇੜਿਓਂ ਇਕ ਰਿਟਜ ਕਾਰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੇ ਗੱਡੀ ਭਜਾ ਲਈ ਤਾਂ ਲੁਟੇਰਿਆਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਕਾਰ ਚਾਲਕ ਪਵਨ ਵਾਸੀ ਲੁਧਿਆਣਾ ਵਲੋਂ ਘਟਨਾ ਸੰਬੰਧੀ ਜ਼ਿਲਾ ਊਨਾ ਦੇ ਥਾਣਾ ਰਹੀਲਾ ਵਿਚ ਰਿਪੋਰਟ ਵੀ ਦਰਜ ਕਰਵਾਈ ਹੋਈ ਹੈ।
ਜਨ ਲਕਸ਼ਮੀ ਫਾਈਨਾਂਸ ਅਤੇ ਸੈਟਿਨ ਕ੍ਰੈਡਿਟ ਕੰਪਨੀ ਦੇ ਕਰਿੰਦਿਆਂ ਕੋਲੋਂ ਲੁੱਟੀ ਸੀ ਨਕਦੀ
ਐੱਸ. ਐੱਸ. ਪੀ. ਭੁੱਲਰ ਨੇ ਦੱਸਿਆ ਕਿ ਸ਼ੇਰਾ ਗੈਂਗ ਦੇ ਸਾਰੇ ਮੈਂਬਰ ਪ੍ਰੋਫੈਸ਼ਨਲ ਕ੍ਰਿਮੀਨਲ ਹਨ। ਮੁਲਜ਼ਮਾਂ ਨੇ ਕਰੀਬ ਇਕ ਮਹੀਨਾ ਪਹਿਲਾਂ ਥਾਣਾ ਲਾਂਬੜਾ ਦੇ ਏਰੀਆ ਵਿਚ ਪਿੰਡ ਖਹਿਰਾ ਮਾਝਾ ਦੇ ਨੇੜਿਓਂ ਜਨ ਲਕਸ਼ਮੀ ਫਾਈਨਾਂਸ ਕੰਪਨੀ ਦੇ ਰਿਕਵਰੀ ਅਧਿਕਾਰੀ ਨੂੰ ਮਾਰ ਦੇਣ ਦੀ ਧਮਕੀ ਦੇ ਕੇ 1.25 ਲੱਖ ਰੁਪਏ, ਲੈਪਟਾਪ ਲੁੱਟ ਦੀ ਵਾਰਦਾਤ ਕੀਤੀ ਸੀ। ਇਸ ਤੋਂ ਇਲਾਵਾ 27 ਜੁਲਾਈ ਨੂੰ ਪਿੰਡ ਚਕਰਾਲਾ ਦੇ ਨੇੜਿਓਂ ਸੈਟਿਨ ਕ੍ਰੈਡਿਟ ਮਾਈਕ੍ਰੋ ਫਾਇਨਾਂਸ ਜਲੰਧਰ ਦੇ ਕਰਮਚਾਰੀਆਂ ਕੋਲੋਂ 37 ਹਜ਼ਾਰ ਰੁਪਏ ਲੁੱਟੇ ਸਨ।
ਐਕਟਿਵਾ ਸਵਾਰ ਮਹਿਲਾ ਤੋਂ ਲੁੱਟੀ ਸੋਨੇ ਦੀ ਚੇਨ
ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਸ਼ੇਰਾ ਅਤੇ ਉਸ ਦੇ ਸਾਥੀ ਪਿੰਡ ਡੁਮਾਣਾ ਦੇ ਨੇੜੇ ਇਕ ਦੁਕਾਨ 'ਤੇ ਬੈਠੇ ਮੀਟ ਖਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਨਜ਼ਰ ਉਥੋਂ ਐਕਟਿਵਾ 'ਤੇ ਲੰਘ ਰਹੀ ਔਰਤ 'ਤੇ ਪਈ। ਸ਼ਿਕਾਰ ਨਜ਼ਰ ਆਉਂਦਿਆਂ ਹੀ ਸ਼ੇਰਾ ਅਤੇ ਉਸ ਦੇ ਸਾਥੀ ਇਕੱਲੀ ਔਰਤ ਦੇ ਪਿੱਛੇ ਪੈ ਗਏ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਸੋਨੇ ਦੀ ਚੇਨ ਲੁੱਟ ਲਈ। ਇਸ ਦੇ ਨਾਲ ਹੀ ਕੁਝ ਹੀ ਮਿੰਟ ਵਿਚ ਵਾਪਸ ਆ ਕੇ ਫਿਰ ਖਾਣਾ ਖਾਣ ਲੱਗੇ। ਇਸ ਤੋਂ ਇਲਾਵਾ ਲੁਟੇਰਿਆਂ ਨੇ ਛੋਟੀਆਂ-ਮੋਟੀਆਂ ਦਰਜਨਾਂ ਵਾਰਦਾਤਾਂ ਕੀਤੀਆਂ ਹਨ।
