ਚੋਰਾਂ ਦਾ ਕਾਰਨਾਮਾ, ਕੂਲਰ ''ਚ ਕਲੋਰੋਫਿਲ ਪਾ ਕੇ ਲੁੱਟਿਆ 14 ਤੋਲੇ ਸੋਨਾ
Monday, Jun 03, 2019 - 11:52 AM (IST)
ਅਬੋਹਰ (ਸੁਨੀਲ) – ਪਿਛਲੀ ਰਾਤ ਦਸਮੇਸ਼ ਨਗਰ ਵਿਚ ਅਣਪਛਾਤੇ ਚੋਰਾਂ ਵਲੋਂ ਇਕ ਘਰ 'ਤੇ ਧਾਵਾ ਬੋਲ ਕੇ ਉਥੋਂ ਹਜ਼ਾਰਾਂ ਦੀ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣਾ ਆਇਆ ਹੈ। ਘਨਟਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਸਮੇਸ਼ ਨਗਰ ਨਿਵਾਸੀ ਹਵਾ ਛਾਬੜਾ ਨੇ ਦੱਸਿਆ ਕਿ ਪਿਛਲੀ ਰਾਤ ਉਹ, ਉਸ ਦੀ ਪਤਨੀ ਅਤੇ ਬੱਚੇ ਇਕ ਕਮਰੇ 'ਚ ਕੂਲਰ ਲਾ ਕੇ ਸੁੱਤੇ ਹੋਏ ਸਨ, ਜਦਕਿ ਪਰਿਵਾਰ ਦੇ ਹੋਰ ਲੋਕ ਘਰ ਦੇ ਹੋਰ ਕਮਰਿਆਂ 'ਚ ਸੁੱਤੇ ਹੋਏ ਸਨ।
ਦੇਰ ਰਾਤ ਅਣਪਛਾਤੇ ਚੋਰਾਂ ਨੇ ਗਲੀ 'ਚ ਪੌੜੀ ਲਾ ਕੇ ਉਨ੍ਹਾਂ ਦੇ ਘਰ ਦੀ ਛੱਤ ਤੋਂ ਘਰ 'ਚ ਦਾਖਲ ਹੁੰਦੇ ਹੋਏ ਕਮਰੇ 'ਚ ਚੱਲ ਰਹੇ ਕੂਲਰ 'ਚ ਕੋਈ ਨਸ਼ੇ ਵਾਲੀ ਦਵਾਈ (ਕਲੋਰੋਫਿਲ) ਪਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਉਕਤ ਚੋਰ ਉਨ੍ਹਾਂ ਦੇ ਕਮਰੇ 'ਚ ਰੱਖੀ ਅਲਮਾਰੀ 'ਚੋਂ ਕਰੀਬ 14 ਤੋਲੇ ਸੋਨਾ ਅਤੇ 3000 ਰੁਪਏ ਅਤੇ 1 ਮੋਬਾਇਲ ਚੋਰੀ ਕਰਕੇ ਲੈ ਗਏ । ਘਟਨਾ ਦੇ ਬਾਰੇ ਪਰਿਵਾਰ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਸਵੇਰ ਦੇ ਸਮੇਂ ਉਨ੍ਹਾਂ ਦੀ ਅਲਮਾਰੀ ਖੁੱਲ੍ਹੀ ਹੋਈ ਸੀ। ਉਨ੍ਹਾਂ ਇਸ ਗੱਲ ਦੀ ਸੂਚਨਾ ਨਗਰ ਥਾਣਾ ਨੰ. 2 ਦੀ ਪੁਲਸ ਨੂੰ ਦਿੱਤੀ, ਜਿਨ੍ਹਾਂ ਵਲੋਂ ਆਲੇ-ਦੁਆਲੇ ਦੇ ਘਰਾਂ 'ਚ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।