ਗਣਤੰਤਰ ਦਿਵਸ ਵਾਲੇ ਦਿਨ ਲੁਟੇਰਿਆਂ ਨੇ ਰਾਡ ਮਾਰ ਕੇ ਕੀਤੀ ਲੁੱਟਖੋਹ

Sunday, Jan 28, 2018 - 04:55 PM (IST)

ਗਣਤੰਤਰ ਦਿਵਸ ਵਾਲੇ ਦਿਨ ਲੁਟੇਰਿਆਂ ਨੇ ਰਾਡ ਮਾਰ ਕੇ ਕੀਤੀ ਲੁੱਟਖੋਹ

ਜਲੰਧਰ(ਸੁਧੀਰ,ਪ੍ਰੀਤ)— ਗਣਤੰਤਰ ਦਿਵਸ ਵਾਲੇ ਦਿਨ ਲੁਟੇਰਿਆਂ ਵੱਲੋਂ ਇਕ ਐਕਟਿਵਾ ਸਵਾਰ ਤੋਂ 35 ਹਜ਼ਾਰ ਰੁਪਏ ਸਣੇ ਐਕਟਿਵਾ ਦੀ ਲੁੱਟਖੋਹ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਕੰਮ ਤੋਂ ਘਰ ਪਰਤ ਰਹੇ ਸ਼ੂ ਕਾਰੋਬਾਰੀ 'ਤੇ ਲੁਟੇਰਿਆਂ ਨੇ ਲਿੰਕ ਰੋਡ 'ਤੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਸ਼ੂ ਕਾਰੋਬਾਰੀ ਅਸ਼ੋਕ ਕੁਮਾਰ ਬੱਤਰਾ ਨੂੰ ਮਾਰ-ਮਾਰ ਕੇ ਜਬ੍ਹਾੜਾ ਤੋੜ ਦਿੱਤਾ ਤੇ ਐਕਟਿਵਾ ਤੇ ਕਰੀਬ 35 ਹਜ਼ਾਰ ਲੁੱਟ ਕੇ ਫਰਾਰ ਹੋ ਗਏ। ਲਾਜਪਤ ਨਗਰ ਵਾਸੀ ਅਸ਼ੋਕ ਬੱਤਰਾ ਦਾ ਇਲਾਜ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 
ਜਾਣਕਾਰੀ ਮੁਤਾਬਕ ਅਸ਼ੋਕ ਬੱਤਰਾ ਵਾਸੀ ਲਾਜਪਤ ਨਗਰ ਦਾ ਮਾਡਲ ਹਾਊਸ ਵਿਚ ਸ਼ੂ ਸੋਲ ਦਾ ਕਾਰੋਬਾਰ ਹੈ। ਬੀਤੀ ਰਾਤ ਕਰੀਬ ਸਾਢੇ 8 ਵਜੇ ਉਹ ਆਪਣੇ ਘਰ ਵਲ ਪਰਤ ਰਿਹਾ ਸੀ ਜਿਵੇਂ ਹੀ ਲਿੰਕ ਰੋਡ ਤੋਂ ਲਾਜਪਤ ਨਗਰ ਵਲ ਮੁੜਿਆ ਤਾਂ ਅਚਾਨਕ ਇਕ ਨੌਜਵਾਨ ਉਸ ਦੀ ਐਕਟਿਵਾ ਦੇ ਅੱਗੇ ਆ ਗਿਆ, ਇੰਨੇ ਵਿਚ ਹੀ ਪਿਛਿਓਂ ਦੂਜੇ ਲੁਟੇਰੇ ਨੇ ਉਸ 'ਤੇ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਵਿਚ ਅਸ਼ੋਕ ਬੱਤਰਾ ਡਿੱਗ ਗਿਆ। ਲੁਟੇਰਿਆਂ ਨੇ ਉਨ੍ਹਾਂ ਦੇ ਮੂੰਹ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ।  ਅਸ਼ੋਕ ਬੱਤਰਾ ਦੇ ਮੂੰਹ 'ਤੇ ਫਰੈਕਚਰ ਦੱਸਿਆ ਗਿਆ ਹੈ। ਅਸ਼ੋਕ ਬੱਤਰਾ ਨੂੰ ਜ਼ਖ਼ਮੀ ਕਰਕੇ ਲੁਟੇਰੇ ਐਕਟਿਵਾ, ਉਸਦੇ ਕੋਲੋਂ 35 ਹਜ਼ਾਰ ਦੀ ਨਕਦੀ ਖੋਹ ਕੇ ਲੈ ਗਏ। ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਮਨਦੀਪ ਸਿੰਘ, ਏ. ਸੀ. ਪੀ. ਸਤਿੰਦਰ ਚੱਢਾ ਤੇ ਥਾਣਾ ਨੰਬਰ 4 ਦੇ ਇੰਸ. ਨਿਰਮਲ ਸਿੰਘ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਅਸ਼ੋਕ ਬੱਤਰਾ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।


Related News