ਕਾਰ ਦੀ ਕਿਸ਼ਤ ਭਰਨ ਲਈ ਕੀਤੀ ਵੱਡੀ ਵਾਰਦਾਤ, ਹੈਰਾਨ ਕਰਨ ਵਾਲੀ ਹੈ ਘਟਨਾ
Thursday, Aug 22, 2024 - 01:44 PM (IST)
ਬਾਘਾਪੁਰਾਣਾ (ਅਜੇ ਅਗਰਵਾਲ) : ਪਿਛਲੇ ਦਿਨੀਂ ਜ਼ਿਲ੍ਹਾ ਮੋਗਾ ਦੇ ਸਭ ਡਵੀਜ਼ਨ ਬਾਘਾਪੁਰਾਣਾ ਦੇ ਕੋਟਕਪੂਰਾ ਰੋਡ 'ਤੇ ਸਥਿਤ ਇਕ ਮਨੀ ਐਕਸਚੇਂਜ ਪਾਲ ਮਰਚੈਂਟ ਦੀ ਦੁਕਾਨ 'ਤੇ 10-8-24 ਨੂੰ ਤਿੰਨ ਨੌਜਵਾਨ ਕਾਰ 'ਤੇ ਆਏ ਅਤੇ ਪਿਸਤੌਲ ਦੀ ਨੋਕ 'ਤੇ ਦੁਕਾਨ ਤੋਂ 2 ਲੱਖ 23 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਸੀ। ਉਪ ਪੁਲਸ ਕਪਤਾਨ ਦਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਤਿੰਨਾਂ ਵਿਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਉਕਤ ਦੋਸ਼ੀਆਂ ਨੂੰ ਟਰੇਸ ਕਰਨ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਖਿਡੌਣਾ ਪਿਸਟਲ ਨਾਲ ਧਮਕਾ ਕੇ ਲੁੱਟ ਖੋਹ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਇਕ ਵਰਨਾ ਕਾਰ, ਖਿਡੌਣਾ ਪਿਸਟਲ ਅਤੇ 30000 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਜ਼ਮੀਨ ਵੇਚ ਕੈਨੇਡਾ ਗਿਆ ਪਰਿਵਾਰ ਤੰਗੀ 'ਚ ਡੁੱਬਿਆ, ਜਵਾਨ ਪੁੱਤ ਨੇ ਕਰ ਲਈ ਖ਼ੁਦਕੁਸ਼ੀ
ਉਨ੍ਹਾਂ ਕਿਹਾ ਕਿ ਤਫਤੀਸ਼ ਦੌਰਾਨ ਵਾਰਦਾਤ ਵਿਚ ਵਰਤੀ ਗਈ ਸਿਲਵਰ ਰੰਗ ਦੀ ਵਰਨਾ PB10 Ak 0222 ਜਾਅਲੀ ਨੰਬਰ ਲਗਾਇਆ ਸੀ ਜਿਸ ਦਾ ਅਸਲ ਨੰਬਰ UP 11CK 0188 ਪਾਇਆ ਗਿਆ । ਇਸ ਗੱਡੀ ਦਾ ਮਾਲਕ ਗੁਰਪਿੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ ਦੇ ਨਾਮ ਰਜਿਸਟਰ ਹੈ । ਇਸ ਵਾਰਦਾਤ ਨੂੰ ਅੰਜਾਮ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ, ਅਜੇ ਪੁੱਤਰ ਬੋਹੜ ਸਿੰਘ ਵਾਸੀ ਲੱਖੋ ਤੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਅਤੇ ਹੈਪੀ ਪੁੱਤਰ ਦਰਬਾਰਾ ਸਿੰਘ ਵਾਸੀ ਸੋਢੀ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਵਾਰਦਾਤ ਨੂੰ ਇਸ ਲਈ ਅੰਜਾਮ ਦਿੱਤਾ ਗਿਆ ਕਿਉਂਕਿ ਗੁਰਪਿੰਦਰ ਸਿੰਘ ਨੇ ਆਪਣੀ ਕਾਰ ਦੀ ਕਿਸ਼ਤ ਭਰਨੀ ਸੀ। ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੀਜੇ ਦੋਸ਼ੀ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।