ਪੁਲਸ ਨੇ ਸੁਲਝਾਈ ਲੁੱਟ ਦੀ ਗੁੱਥੀ, ਖੁਦ ਹੀ ਰਚਿਆ ਸੀ ਪੈਸਿਆਂ ਦੀ ਲੁੱਟ ਦਾ ਡਰਾਮਾ
Saturday, Dec 03, 2022 - 05:50 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਗੌਰਵ ਯਾਦਵ ਆਈ. ਪੀ. ਐੱਸ. ਡੀ. ਜੀ. ਪੀ ਪੰਜਾਬ ਦੀਆਂ ਹਦਾਇਤਾ ਤਹਿਤ ਉਪਿੰਦਰਜੀਤ ਸਿੰਘ ਘੁੰਮਨ ਆਈ.ਪੀ.ਐੱਸ. ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾਂ ਨਿਰਦੇਸ਼ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਅਮਨ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਗੁਰਚਰਨ ਸਿੰਘ ਐੱਸ.ਪੀ.(ਡੀ) ਅਤੇ ਬਲਕਾਰ ਸਿੰਘ ਸੰਧੂ ਡੀ.ਐੱਸ.ਪੀ ਮਲੋਟ ਦੀ ਨਿਗਰਾਨੀ ਹੇਠ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਲੱਖੇਵਾਲੀ ਅਤੇ ਪੁਲਸ ਪਾਰਟੀ ਵੱਲੋਂ ਮਿਤੀ 02 ਦਸੰਬਰ 2022 ਨੂੰ ਹੋਈ 1,50,000/- ਰੁਪਏ ਦੀ ਖੋਹ ਦੀ ਵਰਦਾਤ ਨੂੰ ਸੁਲਝਾ ਲਿਆ ਹੈ।
ਜਾਣਕਾਰੀ ਅਨੁਸਾਰ ਮਿਤੀ 02 ਦਸੰਬਰ 2022 ਨੂੰ ਸੁਖਜੀਤ ਸਿੰਘ ਪੁੱਤਰ ਹਰਫੂਲ ਸਿੰਘ ਵਾਸੀ ਚੱਕ ਸ਼ੇਰੇਵਾਲਾ ਨੇ ਪੁਲਸ ਪਾਸ ਆਪਣਾ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੇ ਠੇਕੇ ਦੇ ਪੈਸੇ ਦੇਣੇ ਸਨ ਜਦ ਉਹ 1,50,000 ਰੁਪਏ ਐਕਸਿਸ ਬੈਂਕ ਸ੍ਰੀ ਮੁਕਤਸਰ ਸਾਹਿਬ ਵਿਚ ਕੱਢਵਾ ਕੇ ਆਪਣੇ ਮੋਟਰਸਾਇਕਲ ’ਤੇ ਵਾਪਸ ਸ਼ੇਰੇ ਵਾਲਾ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਝੀਡਵਾਲਾ ਤੋਂ ਚਿੱਬੜਾਵਾਲੀ ਰੋਡ ’ਤੇ ਪਹੁੰਚਿਆ ਤਾਂ 2 ਪਲੈਟੀਨਾ ਮੋਟਰਸਾਇਕਲਾਂ ’ਤੇ ਸਵਾਰ 04 ਨੌਜਵਾਨ ਆਏ ਅਤੇ ਉਸ ਦਾ ਮੋਟਰਸਾਇਕਲ ਰੋਕ ਕੇ ਅੱਖਾਂ ਵਿਚ ਕੋਈ ਜਲਨਸ਼ੀਲ ਪਦਾਰਥ ਲਗਾ ਕੇ ਉਸ ਦੇ ਕੁੜਤੇ ਦੀਆਂ ਜੇਬਾਂ ਵਿਚ 1,50,000/- ਰੁਪਏ ਜ਼ਬਰਦਸਤੀ ਖੋਹ ਕੇ ਲੈ ਗਏ ਜਿਸ ’ਤੇ ਪੁਲਸ ਵੱਲੋਂ ਸੁਖਜੀਤ ਸਿੰਘ ਦੇ ਬਿਆਨਾਂ ’ਤੇ ਥਾਣਾ ਲੱਖੇਵਾਲੀ ਵਿਖੇ ਮੁੱਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ।
ਦੌਰਾਨੇ ਤਫਤੀਸ਼ ਵਿਚ ਪੁਲਸ ਵੱਲੋਂ ਬੜੀ ਤੇਜ਼ੀ ਨਾਲ ਕਰਵਾਈ ਕਰਦੇ ਹੋਏ ਇਸ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਅਸਲ ਵਿਚ ਮੁੱਦਈ ਸੁਖਜੀਤ ਸਿੰਘ ਨੇ ਆਪਣੀ ਜ਼ਮੀਨ ਦਾ ਠੇਕਾ ਬਚਾਉਣ ਲਈ ਇਹ ਡਰਾਮਾ ਰਚਿਆ ਸੀ। ਪੜਤਾਲ ਤੋਂ ਪਤਾ ਲੱਗਾ ਕਿ ਸੁਖਜੀਤ ਵੱਲੋਂ ਖੁਦ ਹੀ ਇਸ ਰਕਮ ਵਿੱਚੋਂ 1 ਲੱਖ ਰੁਪਏ ਕਿਸੇ ਹੋਰ ਬੈਂਕ ਖਾਤੇ ਵਿਚ ਜਮਾਂ ਕਰਵਾ ਦਿੱਤੇ ਗਏ ਸਨ ਅਤੇ 50,000 ਰੁਪਏ ਆਪਣੇ ਘਰ ਛੁਪਾ ਕੇ ਰੱਖ ਲਏ ਸਨ। ਪੁਲਸ ਵੱਲੋਂ ਇਸ ਮਾਮਲੇ ਨੂੰ ਟਰੇਸ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।