ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਲੁਟੇਰਿਆਂ ਦਾ ਵਿਰੋਧ ਕਰਨ 'ਤੇ ਗੋਲ਼ੀਆਂ ਮਾਰ ਕੇ ਕਰ 'ਤਾ ਕਤਲ
Wednesday, Mar 05, 2025 - 04:14 PM (IST)

ਬਟਾਲਾ (ਸਾਹਿਲ, ਯੋਗੀ, ਅਸ਼ਵਨੀ) : ਬੀਤੀ ਸ਼ਾਮ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਦੋ ਨੌਜਵਾਨਾਂ ’ਤੇ ਗੋਲੀਆਂ ਚਲਾਉਣ ਨਾਲ ਇਕ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਐੱਸ.ਆਈ ਹਰਜੀਤ ਸਿੰਘ ਨੇ ਦੱਸਿਆ ਕਿ ਦਿਨੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਡਮਾਲ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਲਿਖਵਾਇਆ ਕਿ ਉਹ ਸ਼ੂਗਰ ਮਿੱਲ ਬੁੱਟਰ ਸਿਵਿਆ ਵਿਖੇ ਨੌਕਰੀ ਕਰਦਾ ਹੈ ਅਤੇ ਉਸਦੇ ਨਾਲ ਰਾਮਜੀਵਨ ਸ਼ੁਕਲਾ ਪੁੱਤਰ ਮੂਲ ਚੰਦਰ ਵਾਸੀ ਪਿੰਡ ਪਾਦਰੀ, ਡਾਕਖਾਨਾ ਅੱਤੀਪੁਰ, ਜ਼ਿਲ੍ਹਾ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਵੀ ਸ਼ੂਗਰ ਮਿੱਲ ਵਿਚ ਡਿਊਟੀ ਕਰਦਾ ਸੀ। ਬੀਤੀ ਰਾਤ ਉਹ ਦੋਵੇਂ ਡੀਲਕਸ ਮੋਟਰਸਾਈਕਲ ਨੰ.ਪੀ.ਬੀ.54ਜੀ.8254 ’ਤੇ ਸਵਾਰ ਹੋ ਕੇ ਬੁੱਟਰ ਮਿੱਲ ਤੋਂ ਵਾਇਆ ਪਿੰਡ ਦਿਆਲਗੜ੍ਹ ਤੋਂ ਨਹਿਰੀ ਪੱਟੜੀ ਪਿੰਡ ਬੋਲੇਵਾਲ ਨਹਿਰ ਪੁਲ ਰਾਹੀਂ ਪਿੰਡ ਮਹਿਮਦਪੁਰ ਨੂੰ ਲਿੰਕ ਸੜਕ ਸੂਏ ਦੇ ਨਾਲ-ਨਾਲ ਜਾ ਰਹੇ ਸੀ ਕਿ ਸ਼ਾਮ 6 ਵਜੇ ਕਰੀਬ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤਿਆਂ ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ, ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਇਕ ਨੌਜਵਾਨ ਨੇ ਡੱਬ ਵਿਚੋਂ ਪਿਸਤੌਲ ਕੱਢ ਕੇ ਉਸ ’ਤੇ ਤਾਣ ਦਿੱਤਾ ਤੇ ਜੇਬ ਵਿਚੋਂ ਰੈੱਡ ਮੀ ਕੰਪਨੀ ਦਾ ਮੋਬਾਈਲ ਅਤੇ ਪਰਸ ਕੱਢ ਲਿਆ, ਜਿਸ ਵਿਚ 10 ਰੁਪਏ, ਆਧਾਰ ਕਾਰਡ ਅਤੇ ਪੈੱਨਕਾਰਡ ਸੀ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਡੇਰੇ ਵੱਲੋਂ ਹੋਇਆ ਵੱਡਾ ਐਲਾਨ
ਫਿਰ ਉਸਦੇ ਸਾਥੀ ਰਾਮਜੀਵਨ ਸ਼ੁਕਲਾ ਕੋਲੋਂ ਜੋ ਕੁਝ ਹੈ, ਕੱਢ ਕੇ ਦੇਣ ਲਈ ਆਖਿਆ ਤਾਂ ਇਸ ਨੇ ਕਿਹਾ ਕਿਉਂ? ਇੰਨੇ ਨੂੰ ਪਿਸਤੌਲ ਵਾਲੇ ਨੌਜਵਾਨ ਨੇ ਰਾਮਜੀਵਨ 'ਤੇ ਗੋਲੀ ਚਲਾ ਦਿੱਤੀ, ਜੋ ਉਸ ਦੇ ਨਹੀਂ ਲੱਗੀ। ਫਿਰ ਰਾਮਜੀਵਨ ਤੋਂ ਉਸਦਾ ਪਰਸ ਅਤੇ ਮੋਬਾਈਲ ਫੋਨ ਖੋਹ ਲਿਆ, ਜਿਸ ’ਤੇ ਇਸ ਵਲੋਂ ਵਿਰੋਧ ਕਰਨ ’ਤੇ ਅਣਪਛਾਤੇ ਨੌਜਵਾਨ ਨੇ ਇਸ (ਰਾਮਜੀਵਨ ਸ਼ੁਕਲਾ) ਦੇ ਸਿੱਧੀ ਗੋਲੀ ਮਾਰ ਦਿੱਤੀ, ਜਿਸ ਨਾਲ ਇਹ ਹੇਠਾਂ ਡਿੱਗ ਪਿਆ। ਉਪਰੰਤ ਇਸ ਨੂੰ ਮਹਿਤਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਤਿੰਨ ਅਣਪਛਾਤਿਆਂ ਖ਼ਿਲਾਫ ਬਣਦੀਆਂ ਧਾਰਾਵਾਂ ਹੇਠ ਥਾਣਾ ਘੁਮਾਣ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਐਕਸ਼ਨ ਮੋਡ ਵਿਚ ਬਿਜਲੀ ਵਿਭਾਗ, ਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e