ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਮਹਿਲਾ ਡਾਕਟਰ ਦੀ ਕਾਰ ਰੋਕ ਕੇ ਖੋਹੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼

01/31/2023 3:09:27 PM

ਨਵਾਂਸ਼ਹਿਰ (ਤ੍ਰਿਪਾਠੀ) : ਮੋਟਰਸਾਈਕਲ ਸਵਾਰ 2 ਅਣਪਛਾਤੇ ਲੁਟੇਰਿਆਂ ਵੱਲੋਂ ਤੇਜ਼ਧਾਰ ਹੱਥਿਆਰਾਂ ਦੀ ਨੋਕ ’ਤੇ ਸਰਕਾਰੀ ਮਹਿਲਾ ਡਾਕਟਰ ਤੋਂ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਡਾ. ਬਲਜੀਤ ਕੌਰ ਪਤਨੀ ਅਮਿਤ ਕੁਮਾਰ ਨੇ ਦੱਸਿਆ ਕਿ ਉਹ ਸਰਕਾਰੀ ਡਾਕਟਰ ਹੈ ਅਤੇ ਮਿੰਨੀ ਪੀ. ਐੱਚ. ਸੀ. ਭਾਰਟਾ ਖੁਰਦ ਵਿਖੇ ਡਿਊਟੀ ਕਰ ਰਹੀ ਹੈ। ਸੋਮਵਾਰ ਨੂੰ ਉਹ ਆਪਣੀ ਡਿਊਟੀ ਤੋਂ ਬਾਅਦ ਕਰੀਬ 2 ਵਜੇ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਆਪਣੀ ਸਵਿਫਟ ਕਾਰ ਵਿਚ ਜਾ ਰਹੀ ਸੀ ਕਿ ਪਿੰਡ ਜੇਠੂ ਮਜਾਰਾ ਦੇ ਕਰੀਬ ਚੌਂਕ ’ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਉਸਦੀ ਕਾਰ ਦੇ ਅੱਗੇ ਆਪਣੀ ਮੋਟਰਸਾਈਕਲ ਲਗਾ ਕੇ ਉਸਨੂੰ ਰੋਕ ਲਿਆ।

ਉਕਤ ਨੌਜਵਾਨ ਜਿਨ੍ਹਾਂ ਦੇ ਹੱਥ ’ਚ ਤੇਜ਼ਧਾਰ ਹਥਿਆਰ (ਦਾਤਰ) ਸਨ, ਨੇ ਉਸਦੀ ਕਾਰ ਦੇ ਦੋਵੇਂ ਸਾਈਡ ਦੇ ਸ਼ੀਸ਼ੇ ਤੋੜ ਕੇ ਚਾਬੀ ਕੱਢ ਲਈ ਅਤੇ ਉਸਦੇ ਸਿਰ ’ਤੇ ਵੀ ਸੱਟ ਮਾਰੀ। ਉਸਨੇ ਦੱਸਿਆ ਕਿ ਉਕਤ ਲੁਟੇਰੇ ਕਾਰ ਵਿਚ ਪਿਆ ਪਰਸ ਜਿਸ ਵਿਚ ਉਸਦੇ ਕਰੀਬ 3 ਹਜ਼ਾਰ ਰੁਪਏ, ਆਈ.ਡੀ. ਕਾਰਡ, ਏ. ਟੀ. ਐੱਮ., ਸਰਕਾਰੀ ਮੋਹਰ, ਘਰ ਅਤੇ ਅਲਮਾਰੀ ਦੀਆਂ ਚਾਬੀਆਂ ਸਨ, ਲੈ ਕੇ ਫਰਾਰ ਹੋ ਗਏ ਅਤੇ ਦੌੜਨ ਤੋਂ ਪਹਿਲਾਂ ਕਾਰ ਦੀ ਚਾਬੀ ਸੁੱਟ ਦਿੱਤੀ। ਪੁਲਸ ਨੇ ਡਾ.ਬਲਜੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News