ਰਿਵਾਲਵਰ ਦੀ ਨੋਕ ''ਤੇ ਲੁਟੇਰੇ ਨਗਦੀ ਅਤੇ ਕਾਰ ਖੋਹ ਕੇ ਫ਼ਰਾਰ

Sunday, Dec 29, 2019 - 04:03 PM (IST)

ਰਿਵਾਲਵਰ ਦੀ ਨੋਕ ''ਤੇ ਲੁਟੇਰੇ ਨਗਦੀ ਅਤੇ ਕਾਰ ਖੋਹ ਕੇ ਫ਼ਰਾਰ

ਪਾਤੜਾਂ (ਸਨੇਹੀ) : ਇਥੋਂ ਤਿੰਨ ਕਿਲੋਮੀਟਰ ਦੂਰ ਪਾਤੜਾਂ-ਸੰਗਰੂਰ ਮੇਨ ਮਾਰਗ 'ਤੇ ਸਥਿਤ ਪਿੰਡ ਦੁਗਾਲ ਨਜ਼ਦੀਕ ਦੋ ਕਾਰਾਂ 'ਚ ਸਵਾਰ ਲੁਟੇਰਿਆਂ ਵਲੋਂ ਰਿਵਾਲਵਰ ਦੀ ਨੋਕ 'ਤੇ ਨਗਦੀ ਅਤੇ ਕਾਰ ਖੋਹ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਲੁੱਟ ਖੋਹ ਦੀ ਜਾਣਕਾਰੀ ਦਿੰਦਿਆਂ ਪੀੜਤ ਸੁਖਜਿੰਦਰ ਸਿੰਘ ਵਾਸੀ ਕੈਂਪਰ ਥਾਣਾ ਦਿੜ੍ਹਬਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਇਸ਼ਾਂਤ ਬਾਂਸਲ ਨਾਲ ਉਸ ਦੀ ਕਾਰ ਨੰਬਰ ਪੀ. ਬੀ. 13-ਬੀ-ਡੀ-1587 'ਤੇ ਪਿੰਡ ਨਿਆਲ ਦੇ ਆਪਣੇ ਜੀਜਾ ਮਲਕੀਤ ਸਿੰਘ ਤੋਂ ਇਕ ਲੱਖ ਰੁਪਏ ਲੈ ਕੇ ਆਪਣੇ ਪਿੰਡ ਕੈਂਪਰ ਜਾ ਰਹੇ ਸੀ ਕਿ ਪਿੰਡ ਦੁਗਾਲ ਨਜ਼ਦੀਕ ਅਚਾਨਕ ਇਕ ਕਾਰ ਨੰਬਰ ਪੀ ਬੀ 13 ਏ. ਐਫ਼. 4767 ਅਤੇ ਇਕ ਹੋਰ ਕਰੂਜ਼ ਕਾਰ ਸਵਾਰਾਂ ਨੇ ਉਨ੍ਹਾਂ ਦੀ ਕਾਰ ਨੂੰ ਅੱਗੋਂ ਪਿੱਛੋਂ ਘੇਰਾ ਪਾ ਕੇ ਰੋਕ ਲਿਆ ਅਤੇ ਉਨ੍ਹਾਂ ਦੀ ਕੁੱਟ ਮਾਰ ਕੀਤੀ, ਰਿਵਾਲਵਰ ਦੀ ਨੋਕ ਤੇ ਸਾਰੇ ਪੈਸੇ ਅਤੇ ਗੱਡੀ ਖੋਹ ਕੇ ਫ਼ਰਾਰ ਹੋ ਗਏ।

ਪੀੜਤਾ ਨੇ ਦੱਸਿਆ ਕਿ ਉਨ੍ਹਾਂ ਇਸ ਦੀ ਸੂਚਨਾ ਤੁਰੰਤ ਪੁਲਸ ਸਟੇਸ਼ਨ ਪਾਤੜਾਂ ਵਿਖੇ ਦਿੱਤੀ। ਇਸ ਸਬੰਧੀ ਥਾਣਾ ਪਾਤੜਾਂ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਉਕਤ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਵਾਸੀ ਪਿੰਡ ਦੀਵਾਨਗੜ੍ਹ, ਸਿਮਰਨਜੀਤ ਸਿੰਘ, ਕ੍ਰਿਸ਼ਨ ਸਿੰਘ, ਗੱਗੀ ਸ਼ਰਮਾ ਪਿੰਡ ਜਨਾਲ ਤੋਂ ਇਲਾਵਾ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਲੁੱਟ-ਖੋਹ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਕੇ ਕਾਨੂੰਨ ਹਵਾਲੇ ਕਰ ਦਿੱਤਾ ਜਾਵੇਗਾ ।


author

Gurminder Singh

Content Editor

Related News