ਰੋਡਵੇਜ਼ ਤੇ ਬਾਦਲਾਂ ਦੀ ਬੱਸ ਕੰਪਨੀ ਦੇ ਕਰਮਚਾਰੀ ਭਿੜੇ
Tuesday, Oct 24, 2017 - 07:19 AM (IST)

ਹੁਸ਼ਿਆਰਪੁਰ, (ਜ.ਬ.)- ਸਥਾਨਕ ਬੱਸ ਸਟੈਂਡ 'ਤੇ ਰਾਜਧਾਨੀ ਟਰਾਂਸਪੋਰਟ, ਜੋ ਕਿ ਬਾਦਲਾਂ ਦੀ ਮਾਲਕੀ ਵਾਲੀ ਬੱਸ ਕੰਪਨੀ ਹੈ ਅਤੇ ਪੀ. ਆਰ. ਟੀ. ਸੀ. ਤੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਸਮਾਂ-ਸਾਰਣੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਅੱਜ ਬਾਅਦ ਦੁਪਹਿਰ ਵਧ ਗਈ ਅਤੇ ਇਨ੍ਹਾਂ ਦੇ ਕਰਮਚਾਰੀ ਭਿੜ ਪਏ। ਇਸ ਦੌਰਾਨ ਪੰਜਾਬ ਰੋਡਵੇਜ਼ ਦੇ ਅੱਡਾ ਇੰਚਾਰਜ 'ਤੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੀ ਸੂਚਨਾ ਮਿਲਦੇ ਹੀ ਰੋਡਵੇਜ਼ ਕਰਮਚਾਰੀਆਂ ਨੇ ਬੱਸ ਸਟੈਂਡ 'ਤੇ ਦੋਸ਼ੀ ਉਕਤ ਨਿੱਜੀ ਕੰਪਨੀ ਦੇ ਅੱਡਾ ਇੰਚਾਰਜ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਨਾਂ ਧਿਰਾਂ ਨੂੰ ਥਾਣੇ ਆਉਣ ਲਈ ਕਿਹਾ।
ਨਹੀਂ ਸਹਾਂਗੇ ਧੱਕੇਸ਼ਾਹੀ : ਰੋਡਵੇਜ਼ ਕਰਮਚਾਰੀ : ਬੱਸ ਸਟੈਂਡ 'ਤੇ ਪੰਜਾਬ ਰੋਡਵੇਜ਼ ਦੀਆਂ ਵੱਖ-ਵੱਖ ਯੂਨੀਅਨਾਂ ਦੇ ਮੈਂਬਰ ਬਲਜੀਤ ਸਿੰਘ, ਰਾਜਿੰਦਰ ਸਿੰਘ, ਅਜੀਤ ਸਿੰਘ ਆਦਿ ਨੇ ਕਿਹਾ ਕਿ ਰਾਜਧਾਨੀ ਟਰਾਂਸਪੋਰਟ ਵਾਲੇ ਹਮੇਸ਼ਾ ਰੋਡਵੇਜ਼ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰਨ 'ਤੇ ਉਤਾਰੂ ਰਹਿੰਦੇ ਹਨ। 3 ਦਿਨ ਪਹਿਲਾਂ ਪੀ. ਆਰ. ਟੀ. ਸੀ. ਕਰਮਚਾਰੀਆਂ ਨਾਲ ਝੜਪ ਤੋਂ ਬਾਅਦ ਕੱਲ ਉਨ੍ਹਾਂਰੋਡਵੇਜ਼ ਕਰਮਚਾਰੀਆਂ ਨਾਲ ਉਲਝਣਾ ਸ਼ੁਰੂ ਕਰ ਦਿੱਤਾ। ਇਸੇ ਗੱਲ ਨੂੰ ਲੈ ਕੇ ਅੱਜ ਜਦੋਂ ਅਸੀਂ ਮੀਟਿੰਗ ਕਰ ਰਹੇ ਸੀ ਤਾਂ ਇਸੇ ਦੌਰਾਨ ਰਾਜਧਾਨੀ ਟਰਾਂਸਪੋਰਟ ਦੇ ਸਟਾਫ਼ ਨੇ ਉੱਥੇ ਪਹੁੰਚ ਕੇ ਰੋਡਵੇਜ਼ ਦੇ ਅੱਡਾ ਇੰਚਾਰਜ ਨਾਲ ਬਦਸਲੂਕੀ ਕਰਦੇ ਹੋਏ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਰੋਡਵੇਜ਼ ਕਰਮਚਾਰੀਆਂ ਨੇ ਇਕ ਦੋਸ਼ੀ ਨੂੰ ਫੜ ਕੇ ਪੁਲਸ ਬੁਲਾ ਲਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਇਸ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ।