ਰੋਡਵੇਜ਼ ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਚਮਕਾਇਆ ਬਰਨਾਲਾ ਦਾ ਨਾਂ

Friday, Oct 13, 2023 - 02:48 AM (IST)

ਰੋਡਵੇਜ਼ ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਚਮਕਾਇਆ ਬਰਨਾਲਾ ਦਾ ਨਾਂ

ਬਰਨਾਲਾ (ਪੁਨੀਤ) : ਰੋਡਵੇਜ਼ ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਕੇ ਜ਼ਿਲ੍ਹੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਸ ਮੌਕੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਕਿਰਨਦੀਪ ਦੀ ਕਾਮਯਾਬੀ ਪਿੱਛੇ ਉਸ ਦੇ ਪਿਤਾ ਦਾ ਸੰਘਰਸ਼ਮਈ ਜੀਵਨ ਹੈ। ਪਿਤਾ ਹਰਪਾਲ ਸਿੰਘ 16 ਸਾਲ ਟੈਕਸੀ ਚਲਾਉਣ ਤੋਂ ਬਾਅਦ ਰੋਡਵੇਜ਼ ਵਿੱਚ ਨੌਕਰੀ ਕਰ ਰਹੇ ਹਨ। ਮਾਤਾ-ਪਿਤਾ ਦਾ ਸੁਪਨਾ ਸੀ ਕਿ ਉਹ ਆਪਣੀ ਧੀ ਨੂੰ ਫਸਟ ਕਲਾਸ ਅਫ਼ਸਰ ਦੇ ਰੂਪ ਵਿੱਚ ਦੇਖਣ। ਕਿਰਨਦੀਪ ਬਚਪਨ ਤੋਂ ਹੀ ਜੁਡੀਸ਼ੀਅਲ ਅਫ਼ਸਰ ਬਣਨਾ ਚਾਹੁੰਦੀ ਸੀ ਅਤੇ ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ।

ਇਹ ਵੀ ਪੜ੍ਹੋ : ਪ੍ਰਵਾਸੀ ਪੰਜਾਬੀਆਂ ਲਈ ਵੱਡੀ ਖ਼ਬਰ, ਮਾਨ ਸਰਕਾਰ ਕਰਵਾਉਣ ਜਾ ਰਹੀ NRI ਮਿਲਣੀ ਪ੍ਰੋਗਰਾਮ

ਇਸ ਮੌਕੇ ਜੱਜ ਬਣੀ ਕਿਰਨਦੀਪ ਕੌਰ ਨੇ ਕਿਹਾ ਕਿ ਅੱਜ ਉਸ ਲਈ ਬਹੁਤ ਖੁਸ਼ੀ ਦਾ ਦਿਨ ਹੈ ਅਤੇ ਉਸ ਕੋਲ ਆਪਣੀ ਖੁਸ਼ੀ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹੈ। ਉਸ ਨੇ ਕਿਹਾ ਕਿ ਜੁਡੀਸ਼ੀਅਲ ਅਫ਼ਸਰ ਬਣਨਾ ਉਸ ਦਾ ਬਚਪਨ ਦਾ ਸੁਪਨਾ ਸੀ ਤੇ ਅੱਜ ਮੈਂ ਆਪਣੇ ਮਾਤਾ-ਪਿਤਾ ਨੂੰ ਮਾਣ ਮਹਿਸੂਸ ਕਰਾ ਕੇ ਬਹੁਤ ਖੁਸ਼ ਹਾਂ। ਉਸ ਨੇ ਚੰਡੀਗੜ੍ਹ ਤੋਂ ਬੀਏ ਐੱਲਐੱਲਬੀ ਦੀ ਪੜ੍ਹਾਈ ਕੀਤੀ ਹੈ। ਉਹ ਪੰਜਾਬ ਯੂਨੀਵਰਸਿਟੀ ਤੋਂ ਟਾਪਰ ਵੀ ਰਹਿ ਚੁੱਕੀ ਹੈ। ਉਸ ਨੇ ਕਿਹਾ ਕਿ ਮੇਰੇ ਅਧਿਆਪਕਾਂ ਨੂੰ ਵੀ ਮੇਰੇ 'ਤੇ ਪੂਰਾ ਭਰੋਸਾ ਸੀ ਕਿ ਮੈਂ ਜੱਜ ਜ਼ਰੂਰ ਬਣਾਂਗੀ। ਮੈਂ 2021 ਵਿੱਚ ਆਪਣੀ ਕੋਚਿੰਗ ਸ਼ੁਰੂ ਕੀਤੀ ਸੀ। ਆਪਣੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਸਖ਼ਤ ਮਿਹਨਤ ਕੀਤੀ। ਮੇਰੀ ਕਾਮਯਾਬੀ 'ਚ ਮੇਰੇ ਮਾਤਾ-ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ।

ਇਹ ਵੀ ਪੜ੍ਹੋ : ਜੈਤੋ ਦੀ ਧੀ ਅਕਸ਼ਿਤਾ ਕਟਾਰੀਆ ਬਣੀ ਜੱਜ, 8ਵੀਂ ਜਮਾਤ 'ਚ ਦੇਖਿਆ ਸੁਪਨਾ ਅੱਜ ਹੋਇਆ ਪੂਰਾ

PunjabKesari

ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਪੇਪਰ ਦਾ ਨਤੀਜਾ ਆਇਆ ਤਾਂ ਪੂਰੇ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਸੀ। ਉਸ ਦਾ ਸੁਪਨਾ ਜੱਜ ਬਣਨ ਦਾ ਸੀ ਤੇ ਇਸ ਦੇ ਲਈ ਉਸ ਨੇ ਪੂਰੀ ਕੋਸ਼ਿਸ਼ ਕੀਤੀ। ਮੈਂ ਨੌਕਰੀ ਦੇ ਨਾਲ ਹੀ ਆਪਣਾ ਪੇਪਰ ਦਿੱਤਾ ਸੀ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਪੇਪਰ ਪਾਸ ਕਰ ਲਿਆ। ਮੇਰਾ ਪੜ੍ਹਾਈ 'ਤੇ ਬਹੁਤ ਫੋਕਸ ਸੀ ਅਤੇ ਇਹੀ ਮੇਰੀ ਸਫ਼ਲਤਾ ਦਾ ਕਾਰਨ ਹੈ। ਉਸ ਨੇ ਦੱਸਿਆ ਕਿ ਮੇਰੇ ਪਿਤਾ ਰੋਡਵੇਜ਼ ਡਰਾਈਵਰ ਸਨ, ਉਨ੍ਹਾਂ ਨੂੰ ਦੇਖ ਕੇ ਮੈਂ ਸੋਚਿਆ ਕਿ ਮੈਂ ਜ਼ਿੰਦਗੀ 'ਚ ਪਹਿਲੇ ਦਰਜੇ ਦੀ ਅਫ਼ਸਰ ਬਣਨਾ ਹੈ ਤੇ ਅੱਜ ਮੈਂ ਇਹ ਮੁਕਾਮ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵੱਡਾ ਝਟਕਾ, 4 ਵਾਰ ਵਿਧਾਇਕ ਰਹੇ ਆਗੂ ਨੇ ਪਾਰਟੀ ਨੂੰ ਕਿਹਾ ਅਲਵਿਦਾ

ਇਸ ਮੌਕੇ ਕਿਰਨਦੀਪ ਦੇ ਪਿਤਾ ਹਰਪਾਲ ਸਿੰਘ ਨੇ ਦੱਸਿਆ ਕਿ ਮੈਂ ਸਕੂਲ ਸਮੇਂ ਤੋਂ ਬਾਅਦ 16 ਸਾਲ ਲਗਾਤਾਰ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ। ਇਸ ਤੋਂ ਬਾਅਦ ਉਸ ਨੂੰ 1998 ਵਿੱਚ ਪੰਜਾਬ ਰੋਡਵੇਜ਼ ਵਿੱਚ ਡਰਾਈਵਿੰਗ ਦੀ ਨੌਕਰੀ ਮਿਲ ਗਈ। ਜੀਵਨ ਵਿੱਚ ਸਖ਼ਤ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਇਆ। ਅੱਜ ਵੀ ਉਹ ਰੋਡਵੇਜ਼ ਵਿੱਚ ਕੰਮ ਕਰ ਰਿਹਾ ਹੈ। ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਬੇਟੀ ਜੱਜ ਬਣੀ ਹੈ। ਮੇਰੇ ਦੋਵੇਂ ਬੱਚੇ ਬਹੁਤ ਹੁਸ਼ਿਆਰ ਅਤੇ ਕਾਬਲ ਨਿਕਲੇ। ਮੇਰੀ ਇਕ ਬੇਟੀ ਪਟਵਾਰੀ ਹੈ ਤੇ ਹੁਣ ਇਕ ਬੇਟੀ ਜੱਜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਪੁੱਤਰਾਂ ਨੂੰ ਪੜ੍ਹਾ-ਲਿਖਾ ਕੇ ਦੋਵਾਂ ਨੂੰ ਚੰਗੀਆਂ ਨੌਕਰੀਆਂ 'ਤੇ ਨਿਯੁਕਤ ਕੀਤਾ ਹੈ। ਉਥੇ ਜੱਜ ਬਣੀ ਬੱਚੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨਰਸਰੀ ਕਲਾਸ ਤੋਂ ਹੀ ਹੁਸ਼ਿਆਰ ਸੀ। ਜੱਜ ਬਣਨਾ ਉਸ ਦਾ ਬਚਪਨ ਦਾ ਸੁਪਨਾ ਸੀ, ਜੋ ਅੱਜ ਪੂਰਾ ਹੋ ਗਿਆ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਪੜ੍ਹਾਈ ਦੇ ਨਾਲ-ਨਾਲ ਘਰੇਲੂ ਕੰਮਾਂ 'ਚ ਵੀ ਮੇਰਾ ਸਾਥ ਦਿੰਦੀ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News