ਬੱਸਾਂ ''ਚ ਕੋਈ ਸਫਰ ਕਰਨ ਲਈ ਤਿਆਰ ਨਹੀਂ, ਰੋਡਵੇਜ਼ ਭਾਰੀ ਘਾਟੇ ''ਚ

Saturday, May 30, 2020 - 01:10 PM (IST)

ਬੱਸਾਂ ''ਚ ਕੋਈ ਸਫਰ ਕਰਨ ਲਈ ਤਿਆਰ ਨਹੀਂ, ਰੋਡਵੇਜ਼ ਭਾਰੀ ਘਾਟੇ ''ਚ

ਜਲੰਧਰ (ਐੱਨ ਮੋਹਨ) : ਕਰੀਬ ਇਕ ਹਫ਼ਤੇ ਪਹਿਲਾਂ ਲੋਕਾਂ ਦੀ ਜ਼ਰੂਰਤ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਬੱਸਾਂ 'ਚ ਹੁਣ ਕੋਈ ਸਫਰ ਕਰਨ ਲਈ ਤਿਆਰ ਨਹੀਂ ਹੈ। ਸੂਬੇ ਵਿਚ ਇਕ ਦਿਨ ਵਿਚ ਸਿਰਫ ਕਰੀਬ ਤਿੰਨ ਹਜ਼ਾਰ ਲੋਕਾਂ ਦਾ ਇਕ ਤੋਂ ਦੂਜੇ ਸ਼ਹਿਰ ਵਿਚ ਆਉਣਾ ਹੋ ਰਿਹਾ ਹੈ ਅਤੇ ਆਉਣ ਵਾਲੇ ਲੋਕ ਹੋਰ ਵੀ ਘੱਟ ਹੋ ਰਹੇ ਹਨ । ਹਾਲਾਤ ਨੂੰ ਵੇਖਦੇ ਹੋਏ ਪ੍ਰਾਈਵੇਟ ਬੱਸ ਮਾਲਕਾਂ ਨੇ ਘਾਟੇ ਦਾ ਸੌਦਾ ਵੇਖਦੇ ਹੋਏ ਬੱਸਾਂ ਨੂੰ ਗੁਦਾਮਾਂ 'ਚ ਬੰਦ ਕਰਨ ਵਿਚ ਹੀ ਭਲਾਈ ਸਮਝੀ ਹੋਈ ਹੈ । ਸਰਕਾਰੀ ਬੱਸਾਂ ਲਈ ਆਫਤ ਅਜਿਹੀ ਹੈ ਕਿ ਕਾਮਿਆਂ ਦੀ ਤਨਖਾਹ ਦੇਣ ਦੇ ਵੀ ਲਾਲੇ ਪਏ ਹੋਏ ਹਨ । ਤਾਲਾਬੰਦੀ ਦੇ ਚੱਲਦਿਆਂ ਸੂਬੇ ਵਿਚ ਬੱਸਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ । ਸੂਬੇ ਦੇ ਅੰਦਰ ਹੀ ਫਸੇ ਲੋਕਾਂ ਨੂੰ ਟਿਕਾਣੇ ਤਕ ਪੁਹੰਚਾਉਣ ਅਤੇ ਹੋਰ ਕਾਰੋਬਾਰਾਂ ਨੂੰ ਰਫ਼ਤਾਰ ਦੇਣ ਲਈ ਪੰਜਾਬ ਸਰਕਾਰ ਨੇ ਕਰਫਿਊ ਹਟਾਏ ਜਾਣ ਦੇ ਬਾਅਦ ਬੱਸ ਸੇਵਾ ਸ਼ੁਰੂ ਕੀਤੀ ਸੀ, ਜਿਸ ਨੂੰ ਚੱਲਦਿਆਂ ਹੁਣ ਹਫ਼ਤਾ ਹੋ ਚੁੱਕਾ ਹੈ ।

ਸੂਬੇ ਵਿਚ ਅਜੇ 45 ਰੂਟਾਂ 'ਤੇ 132 ਬੱਸਾਂ ਚੱਲ ਰਹੀਆਂ ਹਨ। ਕੋਵਿਡ ਨਿਯਮਾਂ ਅਨੁਸਾਰ ਬੱਸਾਂ ਦੀਆਂ ਟਿਕਟਾਂ ਬੱਸ ਅੱਡੇ 'ਤੇ ਹੀ ਦਿੱਤੀਆਂ ਜਾਂਦੀਆਂ ਹਨ, ਬੱਸ ਦੇ ਅੰਦਰ ਟਿਕਟ ਨਹੀਂ ਕੱਟੀ ਜਾਂਦੀ। ਸੀਟਾਂ ਦਾ 50 ਫ਼ੀਸਦੀ ਤਕ ਹੀ ਸਵਾਰੀਆਂ ਨੂੰ ਲੈ ਕੇ ਜਾਣ ਦੀ ਵਿਵਸਥਾ ਰੱਖੀ ਗਈ ਹੈ। ਬੱਸਾਂ ਵਿਚ ਡਰਾਈਵਰਾਂ ਅਤੇ ਕੰਡਕਟਰਾਂ ਲਈ ਅਸਥਾਈ ਕੈਬਨ ਬਣਾ ਦਿੱਤੇ ਗਏ ਹਨ। ਹਰ ਇਕ ਬਸ ਵਿਚ ਸਟੈਂਡ ਵਾਲਾ ਸੈਨੇਟਾਈਜ਼ਰ ਲਗਾ ਦਿੱਤਾ ਗਿਆ ਹੈ । ਬਿਨਾਂ ਮਾਸਕ ਦੇ ਕਿਸੇ ਵੀ ਯਾਤਰੀ ਦਾ ਦਾਖਲਾ ਬੱਸ ਵਿਚ ਨਹੀਂ ਹੋ ਸਕਦਾ ਹੈ ਪਰ ਬੱਸਾਂ ਵਿਚ ਯਾਤਰੀ ਜਾਣ ਤੋਂ ਗੁਰੇਜ ਕਰ ਰਹੇ ਹਨ। ਹਰ ਇਕ ਦਿਨ ਕਰੀਬ ਛੇ ਹਜ਼ਾਰ ਲੋਕਾਂ ਦਾ ਹੀ ਆਉਣਾ ਜਾਣਾ ਹੁੰਦਾ ਹੈ । ਅਰਥਾਤ ਇਕ ਬਸ ਵਿਚ ਔਸਤਨ 4 ਤੋਂ 5 ਲੋਕ ਆਉਂਦੇ ਜਾਂਦੇ ਹਨ । ਤਰਨਤਾਰਨ ਤੋਂ ਤਾਂ ਪਿਛਲੇ ਕੁਝ ਦਿਨਾਂ ਵਿਚ ਇਕ ਵੀ ਸਵਾਰੀ ਬਸ 'ਚ ਨਹੀਂ ਬੈਠ ਰਹੀ ਅਤੇ ਬੱਸਾਂ ਖਾਲੀ ਹੀ ਚੱਲ ਰਹੀਆਂ ਹਨ । ਹਾਲਾਂਕਿ ਏਅਰ ਕੰਡੀਸ਼ਨਰ ਬੱਸਾਂ ਨੂੰ ਵੀ ਐਗਜਾਸਟ ਖੋਲ੍ਹ ਕੇ ਚਲਾਉਣ ਦੀ ਇਜਾਜ਼ਤ ਹੈ ਪਰ ਅਜੇ ਤੱਕ ਨਾ ਤਾਂ ਸਰਕਾਰੀ ਅਤੇ ਨਾ ਹੀ ਪ੍ਰਾਈਵੇਟ ਏਅਰ ਕੰਡੀਸ਼ਨਰ ਬੱਸਾਂ ਚੱਲ ਰਹੀਆਂ ਹਨ। ਬੱਸ ਸੇਵਾ ਵਿਚ ਚੱਲ ਰਹੇ ਸੁਧਾਰ ਵੀ ਲਗਭਗ ਰੁਕ ਗਏ ਹਨ । ਅਜਿਹੀ ਹੀ ਹਾਲਤ ਪੀ. ਆਰ. ਟੀ. ਸੀ. ਬੱਸਾਂ ਦੀ ਵੀ ਹੈ । ਉਹ ਵੀ ਘਾਟੇ ਵਿਚ ਹਨ।

ਕੇਵਲ ਰੋਡਵੇਜ਼ ਦਾ ਘਾਟਾ ਹੀ ਪ੍ਰਤੀ ਮਹੀਨਾ 10 ਕਰੋੜ
ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਭੂਪਿੰਦਰ ਸਿੰਘ ਰਾਏ ਦਾ ਕਹਿਣਾ ਸੀ ਕਿ ਪਹਿਲਾ ਪ੍ਰਤੀ ਦਿਨ ਕੇਵਲ ਰੋਡਵੇਜ ਦੀਆਂ ਬੱਸਾਂ ਦੀ 1.30 ਕਰੋੜ ਰੁਪਏ ਦੀ ਕਮਾਈ ਸੀ, ਜੋ ਹੁਣ 10 ਕਰੋੜ ਦੇ ਘਾਟੇ ਵਿਚ ਹੈ । ਹਾਲਾਂਕਿ ਘੱਟ ਬਸਾਂ ਚੱਲਣ ਨਾਲ ਖਰਚ ਵੀ ਘੱਟ ਹੋ ਗਿਆ ਹੈ ਪਰ ਕਰਮਚਾਰੀਆਂ ਦੀ ਤਨਖਾਹ ਅਦਾ ਕਰਨਾ ਜਿਓਂ ਦਾ ਤਿਓਂ ਹੈ।


author

Anuradha

Content Editor

Related News