ਰਵਨੀਤ ਬਿੱਟੂ ਤੇ ਸਤਵਿੰਦਰ ਬਿੱਟੀ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ ਜਦੋਂ...

12/03/2018 3:13:50 PM

ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਹਲਕਾ ਸਾਹਨੇਵਾਲ ਤੋਂ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਮਾਛੀਵਾੜਾ-ਕੁਹਾੜਾ ਤੋਂ ਸਾਹਨੇਵਾਲ ਅਤੇ ਡੇਹਲੋਂ-ਪੱਖੋਵਾਲ ਤੋਂ ਦਾਖਾ-ਬਰਨਾਲਾ ਰੋਡ ਤੱਕ 63 ਕਿਲੋਮੀਟਰ ਲੰਬੀ ਸੜ੍ਹਕ ਦੇ ਨਵ-ਨਿਰਮਾਣ ਲਈ 385 ਕਰੋੜ ਰੁਪਏ ਖਰਚਣ ਦੀ ਪ੍ਰਵਾਨਗੀ ਮਿਲ ਗਈ ਹੈ। ਰਵਨੀਤ ਸਿੰਘ ਬਿੱਟੂ ਵਲੋਂ ਜਨਵਰੀ-2018 'ਚ ਕੇਂਦਰੀ ਸੜ੍ਹਕ ਮੰਤਰੀ ਨਿਤਿਨ ਗਡਕਰੀ ਕੋਲ ਤਜਵੀਜ਼ ਪੇਸ਼ ਕੀਤੀ ਸੀ ਕਿ ਮਾਛੀਵਾੜਾ-ਕੁਹਾੜਾ ਤੋਂ ਸਾਹਨੇਵਾਲ-ਦਾਖਾ ਤੱਕ ਇਸ ਸੜ੍ਹਕ ਨੂੰ ਚੌੜਾ ਕੀਤਾ ਜਾਵੇ ਕਿਉਂਕਿ ਇਸ ਸੜ੍ਹਕ 'ਤੇ ਹੁਣ ਟ੍ਰੈਫਿਕ ਵੱਧ ਰਹੀ ਹੈ ਅਤੇ ਲੋਕਾਂ ਨੂੰ ਮੁਸ਼ਕਿਲ ਆ ਰਹੀ ਹੈ। ਉਸ ਸਮੇਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਇਸ ਸੜ੍ਹਕ 'ਤੇ ਖਰਚ ਹੋਣ ਵਾਲੀ ਰਾਸ਼ੀ ਦੀ ਤਜਵੀਜ਼ ਜਲਦ ਤਿਆਰ ਕਰਨ ਦਾ ਭਰੋਸਾ ਦਿੱਤਾ ਸੀ। ਮਾਛੀਵਾੜ-ਕੁਹਾੜਾ ਤੋਂ ਸਾਹਨੇਵਾਲ-ਦਾਖਾ ਤੱਕ ਜਾਣ ਵਾਲੀ ਇਸ 63 ਕਿਲੋਮੀਟਰ ਲੰਬੀ ਸੜ੍ਹਕ ਦਾ ਜਿਆਦਾ ਭਾਗ ਹਲਕਾ ਸਾਹਨੇਵਾਲ ਅਧੀਨ ਪੈਂਦਾ ਹੈ ਅਤੇ ਇਸ ਸੜ੍ਹਕ ਦੀ ਹਾਲਤ ਵੀ ਕਾਫ਼ੀ ਖਸਤਾ ਸੀ, ਜਿਸ 'ਤੇ ਕਾਂਗਰਸੀ ਹਲਕਾ ਇੰਚਾਰਜ ਸਤਵਿੰਦਰ ਕੌਰ ਬਿੱਟੀ ਨੇ ਇਸ ਪ੍ਰੋਜੈਕਟ ਨੂੰ ਪਾਸ ਕਰਵਾਉਣ ਲਈ ਬਹੁਤ ਯਤਨ ਕੀਤੇ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਸੜ੍ਹਕ ਦੀ ਪ੍ਰੋਜੈਕਟ ਰਿਪੋਰਟ ਬਣਾਉਣੀ ਸ਼ੁਰੂ ਕੀਤੀ ਅਤੇ ਕੇਂਦਰ ਸਰਕਾਰ ਤੋਂ ਇਹ ਪ੍ਰੋਜੈਕਟ ਪਾਸ ਕਰਵਾ ਦਿੱਤਾ। 
ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਹਲਕਾ ਸਾਹਨੇਵਾਲ ਇੰਚਾਰਜ਼ ਸਤਵਿੰਦਰ ਕੌਰ ਬਿੱਟੀ ਨੂੰ ਪੱਤਰ ਜਾਰੀ ਕਰਦਿਆਂ ਦੱਸਿਆ ਕਿ ਇਹ 63 ਕਿਲੋਮੀਟਰ ਲੰਬੀ ਸੜ੍ਹਕ ਸੀ.ਆਰ.ਐਫ਼ ਪ੍ਰੋਜੈਕਟ ਅਧੀਨ ਪਾਸ ਹੋ ਗਈ ਹੈ ਜਿਸ ਲਈ 385 ਕਰੋੜ ਰੁਪਏ ਦੀ ਪ੍ਰਵਾਨਗੀ ਮਿਲੀ ਹੈ ਅਤੇ ਜਲਦ ਹੀ ਇਸ ਸੜ੍ਹਕ ਦਾ ਕੰਮ ਸ਼ੁਰੂ ਹੋ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਤੋਂ ਕੁਹਾੜਾ ਤੱਕ ਫਿਲਹਾਲ 20 ਫੁੱਟ ਚੌੜੀ ਸੜ੍ਹਕ ਹੈ ਪਰ ਇਸ ਨਵੇਂ ਪ੍ਰੋਜੈਕਟ ਤਹਿਤ ਇਸ ਸੜ੍ਹਕ ਨੂੰ 33 ਫੁੱਟ ਚੌੜਾ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ ਇਸ ਸੜ੍ਹਕ 'ਤੇ ਟ੍ਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਹ ਪ੍ਰੋਜੈਕਟ ਪਾਸ ਹੋਣ ਨਾਲ ਜਿੱਥੇ ਮਾਛੀਵਾੜਾ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਲਾਭ ਹੋਵੇਗਾ ਕਿਉਂਕਿ ਮਾਛੀਵਾੜਾ ਤੋਂ ਕੁਹਾੜਾ ਤੱਕ ਇਸ ਰੋਡ 'ਤੇ ਕਾਫ਼ੀ ਇੰਡਸਟਰੀ ਹੈ ਅਤੇ ਲੋਕਾਂ ਨੂੰ ਆਪਣੇ ਲੁਧਿਆਣਾ ਸ਼ਹਿਰ ਜਾਣ ਲਈ ਵੀ ਅਸਾਨੀ ਹੋਵੇਗੀ ਉਥੇ ਹਲਕਾ ਸਾਹਨੇਵਾਲ ਦੇ ਲੋਕ ਵੀ ਇਸ ਸੜ੍ਹਕ ਦੀ ਦਿੱਖ ਸੁਧਰਨ ਨਾਲ ਰਾਹਤ ਮਹਿਸੂਸ ਕਰਨਗੇ।


Babita

Content Editor

Related News