ਮੀਂਹ ਨੇ ਵਿਗਾੜੀ ਸੜਕਾਂ ਦੀ ਹਾਲਤ
Sunday, Sep 03, 2017 - 12:05 PM (IST)
ਕਾਠਗੜ੍ਹ(ਰਾਜੇਸ਼)- ਦੋ-ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਸੜਕਾਂ ਦੀ ਹਾਲਤ ਵਿਗਾੜ ਦਿੱਤੀ ਹੈ। ਜਾਣਕਾਰੀ ਮੁਤਾਬਕ ਹਲਕਾ ਕਾਠਗੜ੍ਹ ਦੇ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਮੀਂਹ ਦਾ ਪਾਣੀ ਖੜ੍ਹਨ ਅਤੇ ਚਿੱਕੜ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਿਨ੍ਹਾਂ ਸੜਕਾਂ ਦੀ ਅਜੇ ਮੁਰੰਮਤ ਨਹੀਂ ਹੋਈ, ਉਨ੍ਹਾਂ 'ਚ ਖੱਡਿਆਂ 'ਚ ਜਮ੍ਹਾ ਪਾਣੀ 'ਚੋਂ ਲੰਘਣ ਵਾਲੇ ਦੋਪਹੀਆ ਵਾਹਨ ਚਾਲਕਾਂ ਨੂੰ ਪਾਣੀ ਕਾਰਨ ਡੂੰਘਾਈ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਉਹ ਸੱਟਾਂ ਲਵਾ ਚੁੱਕੇ ਹਨ। ਇਸੇ ਤਰ੍ਹਾਂ ਕੁਝ ਸੜਕਾਂ 'ਤੇ, ਜੋ ਆਮ ਪੱਧਰ ਨਾਲੋਂ ਨੀਵੀਆਂ ਹਨ, ਮੀਂਹ ਦੇ ਪਾਣੀ ਨਾਲ ਮਿੱਟੀ ਜਮ੍ਹਾ ਹੋ ਗਈ ਹੈ। ਕਾਠਗੜ੍ਹ ਤੋਂ ਰੱਤੇਵਾਲ, ਕਾਠਗੜ੍ਹ ਤੋਂ ਮਾਲੇਵਾਲ ਕੋਹਲੀ, ਜਗਤੇਵਾਲ-ਸੋਭੂਵਾਲ, ਟੌਂਸਾ ਤੋਂ ਭੋਲੇਵਾਲ, ਬਣਾਂ ਤੋਂ ਹਾਈਵੇਅ ਤੱਕ ਸੜਕਾਂ ਮੀਂਹ ਕਾਰਨ ਲੋਕਾਂ ਲਈ ਸਮੱਸਿਆ ਬਣ ਗਈਆਂ ਹਨ। ਲੋਕਾਂ ਨੇ ਸਰਕਾਰ ਤੋਂ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
ਕੁਝ ਖੇਤ ਮਾਲਕਾਂ ਨੇ ਸੜਕਾਂ ਦੇ ਪਾਣੀ ਨੂੰ ਖੇਤਾਂ ਵੱਲ ਆਉਣ ਤੋਂ ਰੋਕਣ ਲਈ ਬਰਮਾਂ 'ਤੇ ਮੋਟੀਆਂ ਮਿੱਟੀ ਦੀਆਂ ਵੱਟਾਂ ਜਾਂ ਬੰਨ੍ਹ ਬਣਾ ਦਿੱਤੇ ਹਨ, ਜਿਸ ਕਾਰਨ ਕੁਝ ਸਮਾਂ ਪਹਿਲਾਂ ਨਵੀਆਂ ਬਣੀਆਂ ਸੜਕਾਂ ਦੀ ਹਾਲਤ ਵੀ ਖਸਤਾ ਹੋਣੀ ਸ਼ੁਰੂ ਹੋ ਗਈ ਹੈ। ਕਾਠਗੜ੍ਹ ਤੋਂ ਮਾਲੇਵਾਲ ਕੋਹਲੀ ਨੂੰ ਜਾਂਦੀ ਲਿੰਕ ਸੜਕ ਨੂੰ 10 ਸਾਲਾਂ ਦੇ ਲੰਬੇ ਅਰਸੇ ਮਗਰੋਂ ਕੁਝ ਮਹੀਨੇ ਪਹਿਲਾਂ ਬਣਾਇਆ ਸੀ, ਜਿਸ ਉੱਤੇ ਕੁਝ ਖੇਤ ਮਾਲਕਾਂ ਨੇ ਮੀਂਹ ਦੇ ਪਾਣੀ ਤੋਂ ਬਚਣ ਲਈ ਮੋਟੀਆਂ ਵੱਟਾਂ ਲਾ ਦਿੱਤੀਆਂ ਹਨ, ਜਿਸ ਕਾਰਨ ਮੀਂਹ ਦਾ ਪਾਣੀ ਹਰ ਵੇਲੇ ਸੜਕ 'ਤੇ ਖੜ੍ਹਾ ਰਹਿਣ ਕਾਰਨ ਸੜਕ ਟੁੱਟਣੀ ਵੀ ਸ਼ੁਰੂ ਹੋ ਗਈ ਹੈ, ਜਦਕਿ ਇਸ ਦੀ ਚੌੜਾਈ ਵੀ ਘਟਣ ਕਾਰਨ ਵਾਹਨ ਚਾਲਕਾਂ ਤੇ ਲੋਕਾਂ ਨੂੰ ਮੁਸ਼ਕਿਲ ਹੋ ਰਹੀ ਹੈ।
