ਪੰਜਾਬ ਸਰਕਾਰ ਵੱਲੋਂ ''ਸੜਕ ਹਾਦਸਿਆਂ'' ਨੂੰ ਕੰਟਰੋਲ ਕਰਨ ਲਈ ਟਾਸਕ ਫੋਰਸ ਦਾ ਗਠਨ
Thursday, Jul 30, 2020 - 02:23 PM (IST)
ਚੰਡੀਗੜ੍ਹ : ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਸੜਕੀ ਹਾਦਸਿਆਂ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜਿਸ ਸੰਬੰਧੀ ਸੂਬੇ 'ਚ ਇਕ ਚੀਫ਼ ਇੰਜੀਨੀਅਰ ਅਤੇ 22 ਜ਼ਿਲ੍ਹਿਆਂ 'ਚ ਕਾਰਜਕਾਰੀ ਇੰਜੀਨੀਅਰ ਨਾਮਜ਼ਦ ਕੀਤੇ ਗਏ ਹਨ। ਇਹ ਅਧਿਕਾਰੀ ਸੜਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ। ਸੂਬਾ ਸਰਕਾਰ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਇਹ ਫ਼ੈਸਲਾ ਲਿਆ ਹੈ ਕਿ ਪੰਜਾਬ ਰੋਡ ਅਤੇ ਬ੍ਰਿਜ ਡਿਵੈਲਪਮੈਂਟ ਬੋਰਡ ਦੇ ਚੀਫ਼ ਇੰਜੀਨੀਅਰ ਮੁਕੇਸ਼ ਕੁਮਾਰ ਨੂੰ ਸੜਕ ਸੁਰੱਖਿਆ ਲਈ ਨੋਡਲ ਅਧਿਕਾਰੀ ਅਤੇ ਰਾਜ ਪੱਧਰੀ ਟਾਸਕ ਫੋਰਸ ਦਾ ਕਨਵੀਨਰ ਨਿਯੁਕਤ ਕੀਤਾ ਜਾਵੇਗਾ।
ਉਨ੍ਹਾਂ ਨੂੰ ਬਲੈਕ ਸਪਾਟਸ ਦੀ ਪਛਾਣ ਕਰਕੇ ਸੁਧਾਰਵਾਦੀ ਕਾਰਵਾਈ ਨੂੰ ਯਕੀਨੀ ਬਣਾਉਂਦਿਆਂ ਸੂਬੇ ਦੀਆਂ ਸੜਕਾਂ ਦੀ ਰੈਗੂਲਰ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ 22 ਜ਼ਿਲ੍ਹਿਆਂ 'ਚ ਤਾਲੇਮਲ ਦੀ ਸਹੂਲਤ ਲਈ ਪੰਜਾਬ ਦੇ ਲੋਕ ਨਿਰਮਾਣ ਮਹਿਕਮੇ ਨੇ 22 ਕਾਰਜਕਾਰੀ ਇੰਜੀਨੀਅਰਾਂ ਨੂੰ ਨਿਯੁਕਤ ਕੀਤਾ ਹੈ। 'ਮਿਸ਼ਨ ਤੰਦਰੁਸਤ ਪੰਜਾਬ' ਦੇ ਮੁਖੀ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਸੂਬੇ 'ਚ ਬਹੁਤ ਸਾਰੀਆਂ ਏਜੰਸੀਆਂ ਦੀ ਸ਼ਮੂਲੀਅਤ ਹੋਣ ਕਾਰਨ ਕਿਸੇ ਦੀ ਵੀ ਸੜਕ ਸੁਰੱਖਿਆ ਸਬੰਧੀ ਕੋਈ ਜਵਾਬਦੇਹੀ ਨਹੀਂ ਸੀ ਪਰ ਹੁਣ ਅਸੀਂ ਜਵਾਬਦੇਹੀ ਤੈਅ ਕਰਨ ਅਤੇ ਹਾਦਸਿਆਂ 'ਚ ਜਾਣ ਵਾਲੀਆਂ ਕੀਮਤੀ ਜਾਨਾਂ ਬਚਾਉਣ ਦੇ ਯੋਗ ਹੋਵਾਂਗੇ।
ਦੱਸਣਯੋਗ ਹੈ ਕਿ ਸੂਬੇ ਅੰਦਰ ਸਾਲ 2019 ਦੌਰਾਨ 4507 ਲੋਕ ਵੱਖ-ਵੱਖ ਸੜਕ ਹਾਦਸਿਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਹਿਸਾਬ ਨਾਲ ਔਸਤਨ 12 ਮੌਤਾਂ ਰੋਜ਼ਾਨਾ ਹੁੰਦੀਆਂ ਹਨ। ਸਾਲ 2018 'ਚ ਸੜਕੀ ਹਾਦਸਿਆਂ ਕਾਰਨ 4725 ਲੋਕਾਂ ਦੀ ਮੌਤ ਹੋਈ।