ਕਾਰ ਨੇ ਪਹਿਲਾਂ ਮੋਟਰਸਾਈਕਲ ਤੇ ਫਿਰ ਐਕਟਿਵਾ ਨੂੰ ਮਾਰੀ ਟੱਕਰ
Sunday, Aug 06, 2017 - 08:05 AM (IST)
ਮੋਹਾਲੀ (ਰਾਣਾ) - ਸੈਕਟਰ-68 ਦੀ ਗੁੱਗਾ ਮਾੜੀ ਕੋਲ ਇਕ ਤੇਜ਼ ਰਫਤਾਰ ਕਾਰ ਨੇ ਪਹਿਲਾਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਫਿਰ ਅੱਗੇ ਜਾ ਰਹੀ ਐਕਟਿਵਾ ਨੂੰ, ਜਿਸ ਕਾਰਨ ਦੋਵੇਂ ਵਾਹਨ ਸੜਕ 'ਤੇ ਡਿਗ ਗਏ । ਉਥੋਂ ਲੰਘ ਰਹੇ ਕਿਸੇ ਰਾਹਗੀਰ ਨੇ ਘਟਨਾ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਤੇ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਨੇ ਤਿੰਨਾਂ ਜ਼ਖ਼ਮੀਆਂ ਨੂੰ ਫੇਜ਼-6 ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਪੂਰਾ ਦਿਨ ਬੀਤ ਜਾਣ ਦੇ ਬਾਵਜੂਦ ਫੇਜ਼-8 ਥਾਣਾ ਤੋਂ ਕੋਈ ਵੀ ਜ਼ਖ਼ਮੀਆਂ ਦੇ ਬਿਆਨ ਲੈਣ ਲਈ ਨਹੀਂ ਪਹੁੰਚਿਆ।
ਜ਼ਖਮੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰਦਾਸਪੁਰ ਵਿਚ ਰਹਿੰਦਾ ਹੈ ਤੇ ਮੋਹਾਲੀ ਵਿਚ ਨਗਰ ਨਿਗਮ ਦੇ ਬਾਗਵਾਨੀ ਵਿਭਾਗ ਵਿਚ ਸੁਪਰਡੈਂਟ ਹੈ । ਉਹ ਤੇ ਉਸਦਾ ਦੋਸਤ ਐਕਟਿਵਾ 'ਤੇ ਨਗਰ ਨਿਗਮ 'ਚ ਜਾ ਰਹੇ ਸਨ ਤੇ ਜਿਵੇਂ ਹੀ ਉਹ ਸੈਕਟਰ-68 ਦੀ ਗੁੱਗਾ ਮਾੜੀ ਕੋਲ ਪਹੁੰਚੇ ਤਾਂ ਤੇਜ਼ ਰਫਤਾਰ ਇਕ ਕਾਰ ਆਈ, ਜਿਸਨੇ ਉਸਦੇ ਪਿੱਛੇ ਆ ਰਹੀ ਐਕਟਿਵਾ ਨੂੰ ਟੱਕਰ ਮਾਰੀ ਤੇ ਉਹ ਸੜਕ 'ਤੇ ਡਿਗ ਗਏ। ਮੋਟਰਸਾਈਕਲ ਕਾਰ ਵਿਚ ਫਸ ਗਿਆ ਤੇ ਇਹੀ ਕਾਰਨ ਸੀ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਨਹੀਂ ਹੋ ਸਕਿਆ । ਹਸਪਤਾਲ ਵਿਚ ਡਾਕਟਰਾਂ ਅਨੁਸਾਰ ਮਨਪ੍ਰੀਤ ਦੀ ਰੀੜ੍ਹ ਦੀ ਹੱਡੀ 'ਤੇ ਸੱਟ ਲੱਗੀ ਹੈ । ਉਥੇ ਹੀ ਦੂਜੇ ਜ਼ਖ਼ਮੀ ਸਲਮਾਨ ਨੇ ਦੱਸਿਆ ਕਿ ਉਹ ਫੇਜ਼-11 ਵਿਚ ਰਹਿੰਦਾ ਹੈ ਤੇ ਟਿਫਨ ਸਰਵਿਸ ਦਾ ਕੰਮ ਕਰਦਾ ਹੈ। ਉਹ ਟਿਫਨ ਦੇਣ ਲਈ ਜਾ ਰਿਹਾ ਸੀ ਕਿ ਸੈਕਟਰ-68 ਵਿਚ ਇਕ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਸਲਮਾਨ ਦੇ ਬੁੱਲ੍ਹਾਂ 'ਤੇ ਕਾਫੀ ਟਾਂਕੇ ਲੱਗੇ ਹਨ ਤੇ ਉਸਦੇ ਸਰੀਰ ਦੇ ਕਈ ਹੋਰ ਹਿੱਸਿਆਂ 'ਚ ਗਭੀਰ ਸੱਟਾਂ ਲੱਗੀਆਂ ਹਨ।
ਸਿੱਧੀ ਗੱਲ ਜਾਂਚ ਅਧਿਕਾਰੀ ਏ. ਐੱਸ. ਆਈ. ਅਸ਼ੋਕ ਨਾਲ
ਸਵਾਲ : ਸਰ ਜਿਹੜੀ ਕਾਰ ਨੇ ਇਕ ਐਕਟਿਵਾ ਤੇ ਮੋਟਰਸਾਈਕਲ ਨੂੰ ਟੱਕਰ ਮਾਰੀ ਸੀ, ਉਸ ਮਾਮਲੇ ਦਾ ਕੀ ਸਟੇਟਸ ਹੈ?
ਜਵਾਬ : ਅਜੇ ਤਕ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ।
ਸਵਾਲ : ਜ਼ਖਮੀ ਤਾਂ ਹਸਪਤਾਲ ਵਿਚ ਦਾਖਿਲ ਹਨ, ਉਹ ਬਿਆਨ ਦੇਣ ਕਿਸ ਤਰ੍ਹਾਂ ਆਉਣਗੇ?
ਜਵਾਬ : ਹਾਂ ਮੈਨੂੰ ਪਤਾ ਹੈ ।
ਸਵਾਲ : ਫੇਜ਼-8 ਥਾਣਾ ਤੋਂ ਜ਼ਖਮੀਆਂ ਦੇ ਬਿਆਨ ਲੈਣ ਕੋਈ ਵੀ ਪੁਲਸ ਕਰਮਚਾਰੀ ਨਹੀਂ ਪਹੁੰਚਿਆ?
ਜਵਾਬ : ਉਨ੍ਹਾਂ ਨੂੰ ਦਾਖਿਲ ਤਾਂ ਪੀ. ਸੀ. ਆਰ. ਨੇ ਹੀ ਕਰਵਾਇਆ ਸੀ ।
