ਬਰਨਾਲਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਰਜਾਈ ਦੀ ਮੌਤ ਤੇ ਨਨਾਣ ਗੰਭੀਰ ਜ਼ਖ਼ਮੀ
Monday, Feb 21, 2022 - 10:04 PM (IST)
 
            
            ਤਪਾ ਮੰਡੀ (ਸ਼ਾਮ, ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ਪਿੰਡ ਮਹਿਤਾ ਨੇੜੇ ਅਜਿਹਾ ਦਰਦਨਾਕ ਹਾਦਸਾ ਵਾਪਰਿਆ, ਜਿਸ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੱਤਾ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਵਾਸੀ ਆਲੀਕੇ ਆਪਣੀ ਨਵ-ਵਿਆਹੁਤਾ ਪਤਨੀ ਗੁਰਵਿੰਦਰ ਕੌਰ ਨਾਲ ਅੜੀਸਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਅਪਣੇ ਪਿੰਡ ਮਾਸੀ ਦੀ ਲੜਕੀ ਰਮਨ ਕੌਰ ਵਾਸੀ ਮਹਿਤਾ ਨਾਲ ਮੋਟਰਸਾਈਕਲ ’ਤੇ ਪਿੰਡ ਆਲੀਕੇ ਪਰਤ ਰਹੇ ਸੀ। ਇਸ ਦੌਰਾਨ ਅਚਾਨਕ ਮਹਿਤਾ ਨਜ਼ਦੀਕ ਮੋਟਰਸਾਈਕਲ ਦਾ ਟਾਇਰ ਪੰਕਚਰ ਹੋ ਗਿਆ। ਬਲਜੀਤ ਸਿੰਘ ਆਪਣੀ ਪਤਨੀ ਤੇ ਮਾਸੀ ਦੀ ਲੜਕੀ ਨੂੰ ਮੋਟਰਸਾਈਕਲ ਤੋਂ ਲਾਹ ਕੇ ਖ਼ੁਦ ਪੰਕਚਰ ਲਗਵਾਉਣ ਚਲਾ ਗਿਆ। ਨਨਾਣ ਤੇ ਭਰਜਾਈ ਸੜਕ ਕਿਨਾਰੇ ਪੈਦਲ ਤੁਰੀਆਂ ਆ ਰਹੀਆਂ ਸਨ ਤਾਂ ਯਮੁਨਾਨਗਰ ਤੋਂ ਬਠਿੰਡਾ ਸਾਈਡ ਵੱਲ ਜਾ ਰਹੀ ਤੇਜ਼ ਰਫ਼ਤਾਰ ਕਾਰ ਪੈਦਲ ਤੁਰੀਆਂ ਜਾ ਰਹੀਆਂ ਨਨਾਣ-ਭਰਜਾਈ ’ਚ ਵੱਜੀ।
ਇਹ ਵੀ ਪੜ੍ਹੋ : ਅਦਾਕਾਰ ਸੋਨੂੰ ਸੂਦ ਖ਼ਿਲਾਫ਼ ਐੱਫ. ਆਈ. ਆਰ. ਦਰਜ (ਵੀਡੀਓ)
ਇਸ ਦੌਰਾਨ ਗੁਰਵਿੰਦਰ ਕੌਰ ਦਾ ਸਿਰ ਕਾਰ ਦੇ ਮੂਹਰਲੇ ਸ਼ੀਸ਼ੇ ਨਾਲ ਵੱਜਣ ਨਾਲ ਦੋਵੇਂ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਰਾਹਗੀਰਾਂ ਨੇ ਵ੍ਹੀਕਲਾਂ ਨੂੰ ਰੋਕ ਕੇ ਵਿਲ ਹਸਪਤਾਲ ਤਪਾ ’ਚ ਦਾਖਲ ਕਰਵਾਇਆ ਪਰ ਨਵ-ਵਿਆਹੁਤਾ ਗੁਰਵਿੰਦਰ ਕੌਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਈ। ਨਨਾਣ ਰਮਨ ਕੌਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਘਟਨਾ ਦਾ ਪਤਾ ਲੱਗਦੈ ਹੀ ਦੋਵਾਂ ਪਿੰਡਾਂ ਤੋਂ ਪਰਿਵਾਰਕ ਮੈਂਬਰ ਪਹੁੰਚ ਗਏ ਅਤੇ ਸਬ-ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਮ੍ਰਿਤਕ ਗੁਰਵਿੰਦਰ ਕੌਰ ਦੀ ਲਾਸ਼ ਨੂੰ ਬਰਨਾਲਾ ਦੀ ਮੋਰਚਰੀ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਹਾਜ਼ਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਗੁਰਵਿੰਦਰ ਕੌਰ ਦਾ 11 ਦਿਨ ਪਹਿਲਾਂ ਹੀ ਪਿੰਡ ਆਲੀਕੇ ਹੋਇਆ ਸੀ ਅਤੇ ਹੱਥਾਂ ’ਤੇ ਮਹਿੰਦੀ ਅਤੇ ਬਾਹਾਂ ’ਚ ਚੂੜਾ ਉਸੇ ਤਰ੍ਹਾਂ ਪਾਇਆ ਦਿਖਾਈ ਦੇ ਰਿਹਾ ਸੀ।
ਇਹ ਵੀ ਪੜ੍ਹੋ : ਮੁਕੰਦਪੁਰ ’ਚ ਤੇਜ਼ਧਾਰ ਹਥਿਆਰ ਨਾਲ ਪ੍ਰਵਾਸੀ ਮਜ਼ਦੂਰ ਦਾ ਕਤਲ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            