ਪਾਰਟੀ ਤੋਂ ਵਾਪਸ ਆ ਰਹੇ ਦੋ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ

04/25/2018 6:58:03 PM

ਜਲੰਧਰ (ਮਹੇਸ਼)— ਦੋਸਤ ਦੀ ਪਾਰਟੀ ਤੋਂ ਪਰਤ ਰਹੇ ਦੋ ਦੋਸਤ ਸੋਮਵਾਰ ਨੂੰ ਰਾਤ 2 ਵਜੇ ਹੁਸ਼ਿਆਰਪੁਰ ਹਾਈਵੇਅ 'ਤੇ ਪਿੰਡ ਜੰਡੂਸਿੰਘਾ ਦੀ ਪੁਲੀ ਤੋਂ ਥੋੜ੍ਹਾ ਅੱਗੇ ਆ ਕੇ (ਪਿੰਡ ਕੰਗਣੀਵਾਲ ਤੇ ਹਜ਼ਾਰਾ ਦਰਮਿਆਨ) ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਦੀ ਹਾਲਤ ਅਜੇ ਗੰਭੀਰ ਹੈ। ਗੰਭੀਰ ਰੂਪ 'ਤੇ ਜ਼ਖਮੀ ਨੌਜਵਾਨ ਨੂੰ 108 ਨੰਬਰ ਐਂਬੂਲੈਂਸ ਵੱਲੋਂ ਪਹਿਲਾਂ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਬਾਅਦ 'ਚ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਲਜੀਤ ਸਿੰਘ (22) ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਰੁੜਕਾ ਕਲਾਂ ਥਾਣਾ ਗੋਰਾਇਆ ਜ਼ਿਲਾ ਜਲੰਧਰ ਦੇ ਤੌਰ 'ਤੇ ਹੋਈ ਹੈ, ਜਦਕਿ ਉਸ ਦਾ ਦੋਸਤ ਰਾਹੁਲ ਪੁੱਤਰ ਜਸਪਾਲ ਸਿੰਘ ਅਰਜੁਨ ਨਗਰ ਨੇੜੇ ਲੰਮਾ ਪਿੰਡ ਜਲੰਧਰ ਦਾ ਰਹਿਣ ਵਾਲਾ ਹੈ। 
ਮ੍ਰਿਤਕ ਦਲਜੀਤ ਸਿੰਘ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਵਰਿੰਦਰ ਸਿੰਘ ਵਿਦੇਸ਼ ਤੋਂ ਆਏ ਹਨ ਅਤੇ ਹੁਣ ਆਪਣੇ ਪਿੰਡ 'ਚ ਖੇਤੀਬਾੜੀ ਦੇ ਨਾਲ ਕਰਿਆਨੇ ਦੀ ਦੁਕਾਨ ਕਰਦੇ ਹਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਥਾਣਾ ਪਤਾਰਾ ਦੇ ਏ. ਐੱਸ. ਆਈ. ਸੁਖਦੇਵ ਰਾਜ ਨੇ ਦੱਸਿਆ ਕਿ ਬਜਾਜ ਸਿਟੀ -100 ਮੋਟਰਸਾਈਕਲ 'ਤੇ ਹੁਸ਼ਿਆਰਪੁਰ ਵੱਲੋਂ ਦਲਜੀਤ ਅਤੇ ਰਾਹੁਲ ਆ ਰਹੇ ਸਨ। ਜੰਡੂਸਿੰਘਾ ਵਾਲੀ ਪੁਲੀ ਨੂੰ ਪਾਰ ਕਰਦਿਆਂ ਹੀ ਡਿਵਾਈਡਰ ਨਾਲ ਟਕਰਾਅ ਕੇ ਸੜਕ 'ਤੇ ਡਿੱਗ ਪਏ ਅਤੇ ਜ਼ਖਮੀ ਹਾਲਤ 'ਚ ਕਾਫੀ ਦੇਰ ਉਥੇ ਪਏ ਰਹੇ, ਜਿਸ ਕਾਰਨ ਦਲਜੀਤ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਨੇ ਹੈਲਮੇਟ ਪਾਇਆ ਹੁੰਦਾ ਤਾਂ ਦਲਜੀਤ ਦੀ ਜਾਨ ਬੱਚ ਸਕਦੀ ਸੀ। ਦਲਜੀਤ ਦੇ ਪਿਤਾ ਨੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। 
ਰਾਹੁਲ ਦੇ ਬਿਆਨਾਂ ਤੋਂ ਬਾਅਦ ਹੀ ਹਾਦਸੇ ਦਾ ਸੱਚ ਆਵੇਗਾ ਸਾਹਮਣੇ : ਜਾਂਚ ਅਧਿਕਾਰੀ ਸੁਖਦੇਵ ਰਾਜ ਨੇ ਕਿਹਾ ਕਿ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਰਾਹੁਲ ਦੇ ਅਨਫਿੱਟ ਹੋਣ ਕਾਰਨ ਉਸ ਦੇ ਬਿਆਨ ਨਹੀਂ ਹੋਏ। ਉਸ ਦੇ ਬਿਆਨਾਂ ਤੋਂ ਬਾਅਦ ਹੀ ਹਾਦਸੇ ਦਾ ਸੱਚ ਸਾਹਮਣੇ ਆਵੇਗਾ। ਰਾਹੁਲ ਨੂੰ ਅਜੇ ਤੱਕ ਨਹੀਂ ਪਤਾ ਕਿ ਉਸ ਦਾ ਦੋਸਤ ਦਲਜੀਤ ਹਮੇਸ਼ਾ ਲਈ ਉਸ ਨੂੰ ਛੱਡ ਕੇ ਚਲਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਦੋਸਤ ਕਿਸ ਦੋਸਤ ਦੀ ਪਾਰਟੀ ਅਤੇ ਕਿਥੋਂ ਆਏ ਸਨ, ਇਹ ਸਭ ਕੁਝ ਰਾਹੁਲ ਦੇ ਦੱਸਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।


Related News