ਟਰੱਕ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ, 2 ਦਰਜਨ ਸਵਾਰੀਆਂ ਫੱਟੜ

Saturday, Mar 24, 2018 - 08:02 AM (IST)

ਟਰੱਕ ਨੇ ਮਿੰਨੀ ਬੱਸ ਨੂੰ ਮਾਰੀ ਟੱਕਰ, 2 ਦਰਜਨ ਸਵਾਰੀਆਂ ਫੱਟੜ

ਮਾਜਰੀ/ਕੁਰਾਲੀ (ਪਾਬਲਾ, ਬਠਲਾ) - ਸਿਸਵਾਂ-ਕੁਰਾਲੀ ਮਾਰਗ 'ਤੇ ਪਿੰਡ ਕਾਦੀਮਾਜਰਾ ਦੇ ਨੇੜੇ ਤੇਜ਼ ਰਫਤਾਰ ਟਰੱਕ ਵਲੋਂ ਸਵਾਰੀਆਂ ਨਾਲ ਭਰੀ ਮਿੰਨੀ ਬੱਸ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਮਿੰਨੀ ਬੱਸ ਨਾਲ ਲੱਗਦੇ ਖੇਤਾਂ ਵਿਚ ਜਾ ਵੜੀ ਤੇ ਕਾਫੀ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਤੋਂ ਇਕ ਕਿਲੋਮੀਟਰ ਦੀ ਦੂਰੀ 'ਤੇ ਜਾ ਕੇ ਟਰੱਕ ਵੀ ਪਲਟ ਗਿਆ। ਜਾਣਕਾਰੀ ਅਨੁਸਾਰ ਖਿਜ਼ਰਾਬਾਦ ਤੋਂ ਕੁਰਾਲੀ ਜਾਣ ਵਾਲੀ ਮਿੰਨੀ ਬੱਸ ਮਾਜਰੀ ਤੋਂ ਸਵਾਰੀਆਂ ਚੁੱਕ ਕੇ ਕੁਰਾਲੀ ਵੱਲ ਜਾ ਰਹੀ ਸੀ ਤੇ ਜਦੋਂ ਉਹ ਕਾਦੀਮਾਜਰਾ ਬੱਸ ਅੱਡੇ 'ਤੇ ਪਹੁੰਚੀ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਨਾਲ ਲੱਗਦੇ ਖੇਤਾਂ ਵਿਚ ਉਤਰ ਗਈ, ਜਿਸ ਕਾਰਨ ਬੱਸ ਵਿਚ ਬੈਠੀਆਂ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ।
ਟਰੱਕ ਡਰਾਈਵਰ ਉਥੋਂ ਟਰੱਕ ਨੂੰ ਤੇਜ਼ ਰਫਤਾਰ ਨਾਲ ਭਜਾ ਕੇ ਲੈ ਗਿਆ ਤੇ ਇਕ ਕਿਲੋਮੀਟਰ ਦੂਰ ਜਾ ਕੇ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਟਰੱਕ ਡਿਵਾਈਡਰ ਨੂੰ ਪਾਰ ਕਰ ਕੇ ਸੜਕ ਦੇ ਦੂਜੀ ਸਾਈਡ 'ਤੇ ਜਾ ਕੇ ਪਲਟ ਗਿਆ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਟਰੱਕ ਵਿਚੋਂ ਸ਼ਰਾਬ ਦੀ ਬੋਤਲ ਵੀ ਮਿਲੀ, ਜਿਸ ਤੋਂ ਪਤਾ ਲੱਗਦਾ ਹੈ ਕਿ ਟਰੱਕ ਡਰਾਈਵਰ ਤੇ ਇਸ ਵਿਚ ਬੈਠੇ ਵਿਅਕਤੀ ਸ਼ਰਾਬੀ ਹਾਲਤ ਵਿਚ ਸਨ। ਜ਼ਖਮੀ ਸਵਾਰੀਆ ਨੂੰ ਸਿਵਲ ਹਸਪਤਾਲ ਕੁਰਾਲੀ ਤੇ ਬੂਥਗੜ੍ਹ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਐੱਸ. ਐੱਚ. ਓ. ਮਾਜਰੀ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਗੰਭੀਰ ਜ਼ਖ਼ਮੀ ਹੈ ਤੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
8 ਵਿਅਕਤੀਆਂ ਨੂੰ ਕੀਤਾ ਪੀ. ਜੀ. ਆਈ. ਰੈਫਰ : ਜਿਹੜੀਆਂ ਸਵਾਰੀਆਂ ਨੂੰ ਸਿਵਲ ਹਸਪਤਾਲ ਕੁਰਾਲੀ ਵਿਖੇ ਦਾਖਲ ਕਰਵਾਇਆ ਗਿਆ ਸੀ, ਉਨ੍ਹਾਂ ਦੇ ਸੱਟਾਂ ਗੰਭੀਰ ਹੋਣ ਕਾਰਨ ਡਾਕਟਰਾਂ ਨੇ 8 ਵਿਅਕਤੀਆਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਇਸ ਮੌਕੇ ਕੌਂਸਲਰ ਦਵਿੰਦਰ ਠਾਕੁਰ ਨੇ ਦੱਸਿਆ ਕਿ ਸਿਵਲ ਹਸਪਤਾਲ ਕੁਰਾਲੀ ਵਿਚ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਿਆ।
ਢਾਬੇ 'ਚ ਬੈਠੇ ਵਿਅਕਤੀ ਵਾਲ-ਵਾਲ ਬਚੇ : ਤੇਜ਼ ਰਫਤਾਰ ਟਰੱਕ ਜਦੋਂ ਬੱਸ ਨੂੰ ਟੱਕਰ ਮਾਰ ਕੇ ਅੱਗੇ ਪੈਟਰੋਲ ਪੰਪ ਕੋਲ ਪੁੱਜਾ ਤਾਂ ਉਸ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰੱਕ ਸੜਕ ਵਿਚਕਾਰ ਲੱਗੇ ਡਿਵਾਈਡਰ ਦੇ ਉਪਰੋਂ ਲੰਘ ਕੇ ਦੂਜੀ ਸਾਈਡ ਢਾਬੇ ਦੇ ਕੋਲ ਜਾ ਕੇ ਪਲਟ ਗਿਆ, ਜਿਸ ਕਾਰਨ ਢਾਬੇ ਦੇ ਅੰਦਰ ਬੈਠੇ ਵਿਅਕਤੀਆਂ ਦਾ ਬਚਾਅ ਹੋ ਗਿਆ।


Related News