ਸੜਕ ਹਾਦਸੇ ''ਚ ਪਿਉ-ਪੁੱਤਰ ਦੀ ਮੌਤ
Monday, Mar 12, 2018 - 07:49 AM (IST)
ਬਨੂੜ (ਗੁਰਪਾਲ) - ਬਨੂੜ ਤੋਂ ਜ਼ੀਰਕਪੁਰ ਜਾਂਦੇ ਕੌਮੀ ਰਾਜ ਮਾਰਗ 'ਤੇ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋਵੇਂ ਪਿਉ-ਪੁੱਤਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਕਨੌੜ ਦਾ ਵਸਨੀਕ 32 ਸਾਲਾ ਨੌਜਵਾਨ ਮੰਗਤ ਸਿੰਘ ਪੁੱਤਰ ਮੁਖਤਿਆਰ ਸਿੰਘ ਮੋਟਰਸਾਈਕਲ 'ਤੇ ਆਪਣੇ 8 ਸਾਲਾ ਪੁੱਤਰ ਗੁਰਸੇਵਕ ਸਿੰਘ ਨੂੰ ਬੈਠਾ ਕੇ ਬਨੂੜ ਤੋਂ ਆਪਣੇ ਪਿੰਡ ਕਨੌੜ ਨੂੰ ਜਾ ਰਿਹਾ ਸੀ, ਜਦੋਂ ਉਹ ਜ਼ੀਰਕਪੁਰ ਨੂੰ ਜਾਂਦੇ ਰਾਸ਼ਟਰੀ ਰਾਜ ਮਾਰਗ 'ਤੇ ਪਿੰਡ ਕਨੌੜ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਮੋਟਰਸਾਈਕਲ ਨੂੰ ਕਾਫੀ ਦੂਰ ਤੱਕ ਘਸੀਟਦੀ ਹੋਈ ਲੈ ਗਈ। ਹਾਦਸੇ ਵਿਚ ਮੋਟਰਸਾਈਕਲ ਚਾਲਕ ਮੰਗਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਸਦਾ ਪੁੱਤਰ ਗੁਰਸੇਵਕ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜੋ ਚੰਡੀਗੜ੍ਹ ਦੇ ਹਸਪਤਾਲ ਵਿਚ ਪਹੁੰਚਦੇ ਹੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਕਨੌੜ ਵਿਚ ਸੋਗ ਦੀ ਲਹਿਰ ਫੈਲ ਗਈ। ਬਸਪਾ ਆਗੂ ਜਗਜੀਤ ਛੜਬੜ ਤੇ ਅਕਾਲੀ ਆਗੂ ਡਾ. ਭੁਪਿੰਦਰ ਮਨੌਲੀਸੂਰਤ ਤੇ ਇਲਾਕੇ ਦੇ ਹੋਰ ਵਸਨੀਕ ਪਹੁੰਚ ਗਏ। ਦੱਸਣਯੋਗ ਹੈ ਕਿ ਮ੍ਰਿਤਕ ਬੱਚਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਹੋਲੀ ਮੈਰੀ ਸਕੂਲ ਵਿਚ ਪੰਜਵੀਂ ਕਲਾਸ ਦਾ ਵਿਦਿਆਰਥੀ ਸੀ।
