ਪੁੱਤਰ ਦੇ ਬਰਥ ਡੇਅ ਸੈਲੀਬ੍ਰੇਸ਼ਨ ਲਈ ਸਾਮਾਨ ਲੈਣ ਜਾ ਰਹੇ ਵਿਅਕਤੀ ਤੇ ਦੋਸਤ ਦੀ ਮੌਤ

Friday, Mar 02, 2018 - 07:59 AM (IST)

ਪੁੱਤਰ ਦੇ ਬਰਥ ਡੇਅ ਸੈਲੀਬ੍ਰੇਸ਼ਨ ਲਈ ਸਾਮਾਨ ਲੈਣ ਜਾ ਰਹੇ ਵਿਅਕਤੀ ਤੇ ਦੋਸਤ ਦੀ ਮੌਤ

ਬਾਰਨ (ਇੰਦਰਪ੍ਰੀਤ) - ਸਰਹਿੰਦ-ਪਟਿਆਲਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ।  ਮਿਲੀ ਜਾਣਕਾਰੀ ਅਨੁਸਾਰ ਪਿੰਡ ਹਰਦਾਸਪੁਰ ਦੇ ਵਾਸੀ ਯੋਗਰਾਜ ਸ਼ਰਮਾ (26) ਪੁੱਤਰ ਦੇਵੀ ਦਿਆਲ ਸ਼ਰਮਾ ਆਪਣੇ ਪੁੱਤਰ ਦੇ ਬਰਥ ਡੇਅ ਸੈਲੀਬ੍ਰੇਸ਼ਨ ਲਈ ਸਾਮਾਨ ਲੈਣ ਵਾਸਤੇ ਆਪਣੇ ਦੋਸਤ ਅਵਤਾਰ ਸਿੰਘ (40) ਪੁੱਤਰ ਜਾਗਰ ਰਾਮ ਨੂੰ ਨਾਲ ਲੈ ਕੇ ਕਾਰ ਵਿਚ ਪਟਿਆਲਾ ਵੱਲ ਨੂੰ ਜਾ ਰਹੇ ਸਨ। ਜਿਉਂ ਹੀ ਉਹ ਪਿੰਡ ਬਾਰਨ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਇਕ ਸਬਜ਼ੀ ਨਾਲ ਭਰੀ ਮਹਿੰਦਰਾ ਪਿਕਅਪ ਜੀਪ ਨਾਲ ਟਕਰਾ ਗਈ। ਹਾਦਸਾ ਏਨਾ ਭਿਆਨਕ ਸੀ ਕਿ ਕਾਰ ਸਵਾਰ ਦੋਵੇਂ ਨੌਜਵਾਨਾਂ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਦੋਵੇਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਿਸ ਜੀਪ ਨਾਲ ਕਾਰ ਟਕਰਾਈ ਸੀ, ਦਾ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ ਰਾਜਿੰਦਰਾ ਹਸਪਤਾਲ ਵਿਖੇ ਚੱਲ ਰਿਹਾ ਹੈ।
ਇਸ ਦੌਰਾਨ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸੜਕ ਹਾਦਸਾ ਰਾਤ 8.15 ਦੇ ਕਰੀਬ ਵਾਪਰਿਆ ਹੈ। ਯੋਗਰਾਜ ਸ਼ਰਮਾ ਆਪਣੀ ਕਾਰ 'ਤੇ ਪਟਿਆਲਾ ਵੱਲ ਨੂੰ ਆ ਰਿਹਾ ਸੀ। ਅਚਾਨਕ ਉਨ੍ਹਾਂ ਦੀ ਕਾਰ ਅੱਗੇ ਆਵਾਰਾ ਪਸ਼ੂ ਆ ਗਿਆ ਤੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਕਾਰ ਸੜਕ ਦੀ ਦੂਜੀ ਸਾਈਡ ਚਲੀ ਗਈ ਤੇ ਪਟਿਆਲਾ ਤੋਂ ਸਰਹਿੰਦ ਵੱਲ ਨੂੰ ਆ ਰਹੀ ਜੀਪ ਨਾਲ ਟਕਰਾ ਗਈ। ਭਿਆਨਕ ਹਾਦਸੇ ਵਿਚ 2 ਵਿਅਕਤੀਆਂ ਦੀ ਮੌਤ ਤੇ 1 ਜ਼ਖਮੀ ਹੋ ਗਿਆ। ਪੁਲਸ ਨੇ 174-ਏ ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ।
ਪਰਿਵਾਰ 'ਚ ਖੁਸ਼ੀ ਵਾਲੇ ਦਿਨ ਛਾ ਗਿਆ ਮਾਤਮ
ਸੜਕ ਹਾਦਸੇ ਦੌਰਾਨ ਮਾਰੇ ਗਏ ਨੌਜਵਾਨ ਯੋਗਰਾਜ ਸ਼ਰਮਾ ਦੇ ਪੁੱਤਰ ਦਾ ਅੱਜ ਜਨਮ ਦਿਨ ਸੀ। ਉਹ ਸਾਮਾਨ ਲੈਣ ਲਈ ਪਟਿਆਲਾ ਨੂੰ ਜਾ ਰਿਹਾ ਸੀ। ਉਸਨੇ ਆਪਣੇ ਦੋਸਤ ਅਵਤਾਰ ਨੂੰ ਵੀ ਨਾਲ ਹੀ ਕਾਰ ਵਿਚ ਬੈਠਾ ਲਿਆ। ਅੱਜ ਜਿਥੇ ਪੂਰਾ ਪਰਿਵਾਰ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿਚ ਸੀ ਪਰ ਥੋੜ੍ਹੀ ਹੀ ਦੇਰ ਬਾਅਦ ਘਰ ਯੋਗਰਾਜ ਦੇ ਹਾਦਸੇ ਦੀ ਖਬਰ ਪਹੁੰਚ ਗਈ। ਇਸ ਦੇ ਨਾਲ ਹੀ ਪਰਿਵਾਰ ਵਿਚ ਖੁਸ਼ੀਆਂ ਦੌਰਾਨ ਮਾਤਮ ਛਾ ਗਿਆ। ਪਿੰਡ ਵਿਚ ਹੋਈ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।


Related News