ਭਿਆਨਕ ਸੜਕ ਹਾਦਸੇ ''ਚ 10 ਜ਼ਖ਼ਮੀ

Saturday, Sep 09, 2017 - 12:01 AM (IST)

ਭਿਆਨਕ ਸੜਕ ਹਾਦਸੇ ''ਚ 10 ਜ਼ਖ਼ਮੀ

ਫਾਜ਼ਿਲਕਾ(ਲੀਲਾਧਰ, ਨਾਗਪਾਲ)—ਪਿੰਡ ਥੇਹ ਕਲੰਦਰ ਦੇ ਨੇੜੇ ਸਥਿਤ ਟੋਲ ਟੈਕਸ ਤੋਂ ਕੁਝ ਹੀ ਦੂਰੀ 'ਤੇ ਅੱਜ ਸਵੇਰੇ ਮਧੂ ਮੱਖੀਆਂ ਦੇ ਡੱਬਿਆਂ ਨਾਲ ਭਰਿਆ ਇਕ ਕੈਂਟਰ ਅਚਾਨਕ ਪਲਟ ਗਿਆ। ਜਿਸ ਕਾਰਨ 6 ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਵਾਸੀ ਵਿਸ਼ਾਲ ਨੇ ਦੱਸਿਆ ਕਿ ਉਹ ਕੈਂਟਰ ਵਿਚ ਹਿਮਾਚਲ ਪ੍ਰਦੇਸ਼ ਤੋਂ ਮਧੂ ਮੱਖੀਆਂ ਦੇ ਡੱਬੇ ਲੈ ਕੇ ਸ਼੍ਰੀਗੰਗਾਨਗਰ ਜਾ ਰਹੇ ਸਨ। ਅੱਜ ਸਵੇਰੇ ਲਗਭਗ ਸਾਢੇ 5 ਵਜੇ ਪਿੰਡ ਥੇਹ ਕਲੰਦਰ ਦੇ ਨੇੜੇ ਸਥਿਤ ਟੋਲ ਟੈਕਸ ਕੋਲ ਅਚਾਨਕ ਕੈਂਟਰ ਸੜਕ ਦੇ ਇਕ ਪਾਸੇ ਪਲਟ ਗਿਆ ਅਤੇ ਇਕ ਰੁੱਖ ਨਾਲ ਜਾ ਟਕਰਾਇਆ। ਹਸਪਤਾਲ ਵਿਚ ਭਰਤੀ ਹਿਮਾਚਲ ਪ੍ਰਦੇਸ਼ ਵਾਸੀ ਗੰਧਰਵ ਜੋ ਕਿ ਕੈਂਟਰ ਨੂੰ ਚਲਾ ਰਿਹਾ ਸੀ, ਨੇ ਦੱਸਿਆ ਕਿ ਅਚਾਨਕ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਅਤੇ ਕੈਂਟਰ ਸੜਕ ਦੇ ਇਕ ਪਾਸੇ ਪਲਟ ਗਿਆ। ਜਿਸ 'ਤੇ ਨੇੜਲੇ ਲੋਕਾਂ ਨੇ ਉਨ੍ਹਾਂ ਨੂੰ ਕੈਂਟਰ 'ਚੋਂ ਬਾਹਰ ਕੱਢਿਆ ਅਤੇ ਐਂਬੂਲੈਸ ਰਾਹੀਂ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਹਾਦਸੇ ਵਿਚ ਉਸਦੇ, ਵਿਸ਼ਾਲ, ਰਣਜੀ ਅਤੇ ਸੁਭਾਸ਼ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਦਕਿ ਟਰੱਕ ਵਿਚ ਸਵਾਰ ਰਵੀ ਅਤੇ ਕਿਸ਼ੋਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਕੈਂਟਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ ਅਤੇ ਡਰਾਇਵਰ ਨੂੰ ਝਪਕੀ ਆਉਣ ਕਾਰਨ ਇਹ ਹਾਦਸਾ ਹੋਇਆ ਹੈ। ਪਿੰਡ ਭੰਬਾ ਲੰਡਾਂ ਵਿਖੇ 2 ਟਰੈਕਟਰ-ਟਰਾਲੀਆਂ ਦੀ ਟੱਕਰ ਹੋਣ ਕਾਰਨ ਨਰੇਗਾ ਮਜ਼ਦੂਰਾਂ ਦੇ ਜ਼ਖਮੀ ਹੋਣ ਜਾ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਇੱਟਾਂ ਵਾਲੀ ਦੇ ਗਰੀਬ ਪਰਿਵਾਰਾਂ ਨਾਲ ਸਬੰਧਿਤ ਮਰਦ ਤੇ ਔਰਤਾਂ ਟਰੈਕਟਰ-ਟਰਾਲੀ 'ਚ ਰੋਜ਼ ਦੀ ਤਰ੍ਹਾਂ ਨਰੇਗਾਂ ਸਕੀਮ ਤਹਿਤ ਚੱਲ ਰਹੇ ਕੰਮ 'ਤੇ ਜਾ ਰਹੇ ਸਨ ਕਿ ਦੂਜੇ ਪਾਸੇ ਤੋਂ ਆ ਰਹੇ ਟਰੈਕਟਰ-ਟਰਾਲੀ ਦੇ ਟੱਕਰ ਮਾਰ ਦੇਣ ਕਾਰਨ ਰਾਜਦੀਪ ਕੌਰ ਪਤਨੀ ਹਰਦੀਪ ਸਿੰਘ, ਅਮਰ ਸਿੰਘ ਸਪੁੱਤਰ ਜੋਗਿੰਦਰ ਸਿੰਘ, ਸੁਰਜੀਤ ਸਿੰਘ ਪੁੱਤਰ ਜੱਗਾ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਇੱਟਾਂ ਵਾਲੀ ਵਰਕਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਿਰੋਜ਼ਸ਼ਾਹ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੇ ਅਮਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਨੇ ਦੱਸਿਆ ਕਿ ਦੂਜੇ ਪਾਸੇ ਤੋਂ ਆ ਰਹੇ ਟਰੈਕਟਰ ਦੀ ਸਪੀਡ ਬਹੁਤ ਜ਼ਿਆਦਾ ਸੀ, ਜਿਸ ਕਾਰਨ ਉਸ ਤੋਂ ਕੰਟਰੋਲ ਨਹੀਂ ਹੋਇਆ ਅਤੇ ਉਸਨੇ ਸਾਡੀ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧੀ ਥਾਣਾ ਘੱਲ ਖੁਰਦ ਦੇ ਮੁਖੀ ਹਰਦੇਵਪ੍ਰੀਤ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਟਰੈਕਟਰ ਚਾਲਕ ਮੱਸਾ ਸਿੰਘ ਪੁੱਤਰ ਰੂਪ ਸਿੰਘ ਵਾਸੀ ਹੱਸਣ ਭੱਟੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News