ਹੁਸ਼ਿਆਰਪੁਰ: ਭਾਰੀ ਬਾਰਿਸ਼ ਦੌਰਾਨ ਕਾਰ ਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ, 5 ਲੋਕ ਜ਼ਖਮੀ
Thursday, Jun 28, 2018 - 06:36 PM (IST)

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਵੀਰਵਾਰ ਦੁਪਹਿਰ ਚਿੰਤਪੁਰਨੀ ਰੋਡ 'ਤੇ ਚੌਹਾਲ ਅਤੇ ਆਦਮਵਾਲ ਪਿੰਡ ਵਿਚਕਾਰ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋਣ ਕਰਕੇ ਕਾਰ 'ਚ ਸਵਾਰ ਲੁਧਿਆਣਾ ਦੇ ਅਗਰਵਾਲ ਪਰਿਵਾਰ ਦੇ 5 ਲੋਕ ਜ਼ਖਮੀ ਹੋ ਗਏ। ਉਥੇ ਮੌਜੂਦ ਲੋਕਾਂ ਵੱਲੋਂ ਜ਼ਖਮੀਆਂ ਨੂੰ ਚੌਹਾਲ ਸਥਿਤ ਨਿੱਜੀ ਕੰਪਨੀ ਦੀ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਨੇ ਸਾਰਿਆਂ ਨੂੰ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਦੇ ਸਮੇਂ ਹੋ ਰਹੀ ਸੀ ਬਾਰਿਸ਼
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਛੰਗਲਾ ਸ਼ਿਵਾਲਾ ਚੌਕ ਦੇ ਰਹਿਣ ਵਾਲੇ ਅਤੇ ਆਰ. ਐੱਲ. ਅਗਰਵਾਲ ਹੌਜਰੀ ਦੇ ਮਾਲਕ ਬਿਜ਼ਨੈੱਸਮੇਨ ਪ੍ਰਮੋਦ ਅਗਰਵਾਲ ਆਪਣੇ ਪਿਤਾ ਰਮੇਸ਼ ਅਗਰਵਾਲ, ਪਤਨੀ ਸੋਨੂੰ ਅਗਰਵਾਲ, ਬੇਟੀ ਇਸ਼ਿਕਾ ਅਤੇ ਬੇਟਾ ਕੇਸ਼ਵ ਅਗਰਵਾਲ ਦੇ ਨਾਲ ਚਿੰਤਪੂਰਨੀ ਮਾਤਾ 'ਤੇ ਮੱਥਾ ਟੇਕ ਕੇ ਕਾਰ 'ਚ ਸਵਾਰ ਹੋ ਕੇ ਵਾਪਸ ਆ ਰਹੇ ਸਨ ਕਿ ਹੁਸ਼ਿਆਰਪੁਰ 'ਚ ਪੈ ਰਹੀ ਬਾਰਿਸ਼ ਦੌਰਾਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਚੌਹਾਲ ਪਿੰਡ ਪਾਰ ਕਰਦੇ ਹੋਈ ਇਕ ਢਾਬੇ ਦੇ ਸਾਹਮਣੇ 3 ਵਜੇ ਦੇ ਕਰੀਬ ਕਾਰ, ਟਰੱਕ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਾਰ 'ਚ ਫਸੇ ਲੋਕਾਂ ਦੀਆਂ ਚੀਕਾਂ ਸੁਣ ਕੇ ਲੋਕ ਤੁਰੰਤ ਹਾਦਸੇ ਵਾਲੇ ਸਥਾਨ 'ਤੇ ਪਹੁੰਚੇ ਅਤੇ ਇਸ ਦੀ ਸੂਚਨਾ ਐਂਬੂਲੈਂਸ ਅਤੇ ਥਾਣਾ ਸਦਰ ਪੁਲਸ ਨੂੰ ਦਿੱਤੀ।
ਕੀ ਕਹਿੰਦੀ ਹੈ ਪੁਲਸ
ਸੰਪਰਕ ਕਰਨ 'ਤੇ ਸਦਰ ਥਾਣਾ ਪੁਲਸ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ 'ਚ ਸੁਧਾਰ ਹੁੰਦਾ ਦੇਖ ਪਰਿਵਾਰ ਦੇ ਰਿਸ਼ਤੇਦਾਰ ਰੈਫਰ ਕਰਵਾ ਕੇ ਲੁਧਿਆਣਾ ਲਿਜਾ ਰਹੇ ਹਨ। ਜ਼ਖਮੀਆਂ ਦੇ ਪਰਿਵਾਰ ਦੇ ਲੋਕਾਂ ਦੇ ਆਉਣ ਤੋਂ ਬਾਅਦ ਹੀ ਪੁਲਸ ਇਸ ਮਾਮਲੇ 'ਚ ਸ਼ਿਕਾਇਤ ਦੇ ਆਧਾਰ 'ਤੇ ਅਗਲੀ ਕਾਰਵਾਈ ਕਰੇਗੀ।