ਹਿਮਾਚਲ: ਮੰਡੀ ਨੇੜੇ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ
Thursday, Aug 30, 2018 - 05:55 PM (IST)

ਕਪੂਰਥਲਾ/ਮੰਡੀ — ਚੰਡੀਗੜ੍ਹ-ਮਨਾਲੀ ਨੇੜੇ ਪੈਂਦੇ ਗੱਬਰ ਪੁੱਲ ਦੇ ਹਾਈਵੇਅ 'ਤੇ ਦਰਦਨਾਕ ਹਾਦਸਾ ਵਾਪਰਨ ਕਰਕੇ ਕਪੂਰਥਲਾ ਦੇ ਸੈਫਲਾਬਾਦ ਦੇ 4 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਦੇ ਨਾਲ ਹੀ 3 ਲੋਕ ਜ਼ਖਮੀ ਵੀ ਹੋਏ ਹਨ। ਇਹ ਹਾਦਸਾ ਗੱਡੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਵਾਪਰਿਆ। ਜ਼ਖਮੀਆਂ ਨੂੰ ਤੁਰੰਤ ਸਰਕਾਘਾਟ ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ 'ਚ ਮਾਰੇ ਗਏ ਕਪੂਰਥਲਾ ਦੇ ਸੈਫਲਾਬਾਦ ਦੇ ਸ਼ਰਧਾਲੂ ਮਣੀਕਰਨ ਸਾਹਿਬ ਦਰਸ਼ਨਾਂ ਲਈ ਜਾ ਰਹੇ ਸਨ।
ਜ਼ਖਮੀ ਹੋਏ ਲੋਕਾਂ 'ਚ ਪਰਮਜੀਤ ਸਿੰਘ (53), ਕਸ਼ਮੀਰ ਸਿੰਘ (60) ਜੀਤ ਸਿੰਘ (50) ਅਤੇ ਸੁਖਦੇਵ ਸਿੰਘ (50) ਸ਼ਾਮਲ ਹਨ। ਮਰਨ ਵਾਲਿਆਂ 'ਚ ਸੁਖਦੇਵ ਸਿੰਘ ਦੇ ਪਿਤਾ ਦੀਦਾਰ ਸਿੰਘ (50), ਸ਼ੀਤਲ ਸਿੰਘ ਪੁੱਤਰ ਦਰਸ਼ਨ ਸਿੰਘ (60) ਗੁਰਪ੍ਰੀਤ ਸਿੰਘ ਪੁੱਤਰ ਮਹੇਂਦਰ ਸਿੰਘ (55) ਸੁਖਾ ਸਿੰਘ (60) ਹਨ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਮਣੀਕਰਨ ਸਾਹਿਬ ਮੱਥਾ ਟੇਕਣ ਜਾ ਰਹੇ ਸਨ।