ਲੁਧਿਆਣਾ: ਮੋਟਰਸਾਈਕਲ ਖੰਭੇ 'ਚ ਵੱਜਣ ਨਾਲ 3 ਨੌਜਵਾਨਾਂ ਦੀ ਮੌਤ

Wednesday, Aug 14, 2019 - 07:04 PM (IST)

ਲੁਧਿਆਣਾ: ਮੋਟਰਸਾਈਕਲ ਖੰਭੇ 'ਚ ਵੱਜਣ ਨਾਲ 3 ਨੌਜਵਾਨਾਂ ਦੀ ਮੌਤ

ਡੇਹਲੋਂ/ਆਲਮਗੀਰ,(ਡਾ. ਪ੍ਰਦੀਪ): ਪਿੰਡ ਸਰੀਂਹ ਵਿਖੇ ਡੇਹਲੋਂ-ਲੁਧਿਆਣਾ ਰੋਡ 'ਤੇ ਮੋਟਰਸਾਈਕਲ 'ਤੇ ਜਾ ਰਹੇ ਤਿੰਨ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋ ਕੇ ਖੰਭੇ 'ਚ ਵੱਜਣ ਕਾਰਣ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਿੰਨੋਂ ਨੌਜਵਾਨ ਬਿਹਾਰ ਦੇ ਵਸਨੀਕ ਸਨ ਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ 'ਚ ਬੀ. ਟੈੱਕ ਦੀ ਪੜ੍ਹਾਈ ਕਰ ਰਹੇ ਸਨ।

ਜਾਣਕਾਰੀ ਮੁਤਾਬਕ ਇਹ ਤਿੰਨੋਂ ਦੋਸਤ ਬੀਤੀ ਰਾਤ ਕਰੀਬ 10 ਕੁ ਵਜੇ ਮੋਟਰਸਾਈਕਲ 'ਤੇ ਲੁਧਿਆਣਾ ਵਲੋਂ ਡੇਹਲੋਂ ਵੱਲ ਜਾ ਰਹੇ ਸਨ ਕਿ ਰਸਤੇ 'ਚ ਪਿੰਡ ਸਰੀਂਹ ਦੇ ਮੋੜ 'ਤੇ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਕਰ ਗਿਆ ਤੇ ਖੰਭੇ ਨਾਲ ਟਕਰਾ ਗਿਆ। ਜਿਸ ਨਾਲ ਅੰਸ਼ੁਮਨ ਪੁੱਤਰ ਰਾਮ ਅਸੀਸ ਸਿੰਘ ਵਾਸੀ ਪਿੰਡ ਚਮਰਾਹਾ, ਜ਼ਿਲਾ ਰੋਹਤਾਂਗ ਬਿਹਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਡੇਹਲੋਂ ਪੁਲਸ ਮੌਕੇ 'ਤੇ ਪੁੱਜੀ ਤੇ ਉਸ ਦੇ ਨਾਲ ਦੇ 2 ਹੋਰਨਾਂ ਨੌਜਵਾਨਾਂ ਸ਼ੰਕਰ ਯਾਦਵ ਪੁੱਤਰ ਪੰਕਜ ਕੁਮਾਰ ਯਾਦਵ ਵਾਸੀ ਮਲੇਰੀਆ ਮੀਰ ਟੋਲਾ ਜ਼ਿਲਾ ਸਹਰਸਾ, ਬਿਹਾਰ ਤੇ ਵਿਪਲ ਪਾਂਡੇ ਪੁੱਤਰ ਨਗੇਸ਼ ਪਾਂਡੇ ਵਾਸੀ ਪਿੰਡ ਰਾਜਪੁਰ ਥਾਣਾ ਭਗਵਾਨਪੁਰ ਜ਼ਿਲਾ ਕੈਮੂਰ, ਬਿਹਾਰ ਨੂੰ ਜ਼ਖਮੀ ਹਾਲਤ 'ਚ ਲੁਧਿਆਣਾ ਦੇ ਇਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹ ਵੀ ਦਮ ਤੋੜ ਗਏ। ਇਸ ਸਬੰਧੀ ਡੇਹਲੋਂ ਪੁਲਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News