ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ
Wednesday, Oct 07, 2020 - 11:48 AM (IST)
ਕੁਰਾਲੀ (ਬਠਲਾ) : ਕੁਰਾਲੀ-ਖਰੜ ਕੌਮੀ ਮਾਰਗ ’ਤੇ ਪਿੰਡ ਲਖਨੌਰ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਸੁਹਾਲੀ ਵਾਸੀ ਗੁਰਿੰਦਰ ਸਿੰਘ ਅਤੇ ਉਸ ਦਾ ਭਰਾ ਕਰਨਵੀਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਕੁਰਾਲੀ ਦੀ ਅਨਾਜ ਮੰਡੀ ’ਚ ਆਪਣੀ ਝੋਨੇ ਦੀ ਫ਼ਸਲ ਦੇਖਣ ਲਈ ਆਏ ਸਨ, ਜਦੋਂ ਉਹ ਕੌਮੀ ਮਾਰਗ ’ਤੇ ਪਿੰਡ ਲਖਨੌਰ ਵਿਖੇ ਪੁੱਜੇ ਤਾਂ ਪਿੱਛੋਂ ਆਏ ਇਕ ਅਣਪਛਾਤੇ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਗੁਰਿੰਦਰ ਸਿੰਘ ਦਾ ਸਿਰ ਸੜਕ ਨਾਲ ਲੱਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਸਬੰਧੀ ਕਰਵਾਈ ਕਰਦਿਆਂ ਸਥਾਨਕ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਅਣਪਛਾਤੇ ਕੈਂਟਰ ਚਾਲਕ ਵਿਰੁੱਧ ਪਰਚਾ ਦਰਜ ਕਰ ਲਿਆ ਹੈ।